ਈਰਾਨ 'ਚ ਹੁਣ ਤੱਕ 2500 ਤੋਂ ਵੱਧ ਮੌਤਾਂ ਅਤੇ ਅਰਬਾਂ ਦੀ ਜਾਇਦਾਦ ਸਵਾਹ
ਈਰਾਨ, 17 ਜਨਵਰੀ 2026: ਈਰਾਨ ਵਿੱਚ ਸਾਲ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਅਲੀ ਖਮੇਨੀ ਦੇ ਸ਼ਾਸਨ ਵਿਰੁੱਧ ਹੋਏ ਇਨ੍ਹਾਂ 19 ਦਿਨਾਂ ਦੇ ਪ੍ਰਦਰਸ਼ਨਾਂ ਨੇ ਦੇਸ਼ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ।
ਮਨੁੱਖੀ ਅਧਿਕਾਰ ਸੰਗਠਨ HRANA ਦੇ ਅੰਕੜਿਆਂ ਅਨੁਸਾਰ: ਹਿੰਸਾ ਦੌਰਾਨ ਲਗਭਗ 2,677 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਆਮ ਨਾਗਰਿਕਾਂ ਦੇ ਨਾਲ-ਨਾਲ 163 ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਲਗਭਗ 30 ਰਾਜਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕੀਤੀ, ਜਿਸ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਹੋਇਆ, 4,700 ਬੈਂਕਾਂ ਅਤੇ 265 ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। 300 ਤੋਂ ਵੱਧ ਬੈਂਕ ਬ੍ਰਾਂਚਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। 250 ਮਸਜਿਦਾਂ ਅਤੇ 20 ਧਾਰਮਿਕ ਕੇਂਦਰਾਂ ਦੀ ਭੰਨਤੋੜ ਕੀਤੀ ਗਈ।
ਬਿਜਲੀ ਦੇ ਖੰਭੇ ਅਤੇ ਕੇਬਲ ਤਬਾਹ ਹੋਣ ਕਾਰਨ ਲਗਭਗ $6.6 ਮਿਲੀਅਨ ਦਾ ਨੁਕਸਾਨ ਹੋਇਆ। ਐਮਰਜੈਂਸੀ ਸੇਵਾਵਾਂ (ਐਂਬੂਲੈਂਸ ਅਤੇ ਫਾਇਰ ਬ੍ਰਿਗੇਡ) ਨੂੰ $5.3 ਮਿਲੀਅਨ ਦੀ ਸੱਟ ਵੱਜੀ। 700 ਤੋਂ ਵੱਧ ਦੁਕਾਨਾਂ, 8 ਸੈਰ-ਸਪਾਟਾ ਸਥਾਨ, 4 ਸਿਨੇਮਾਘਰ ਅਤੇ 3 ਲਾਇਬ੍ਰੇਰੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਈਰਾਨੀ ਸਰਕਾਰ ਵੱਲੋਂ ਸਖ਼ਤ ਰੁਖ਼ ਅਪਣਾਉਣ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਤੋਂ ਬਾਅਦ ਹੁਣ ਸਥਿਤੀ ਕਾਫ਼ੀ ਹੱਦ ਤੱਕ ਕਾਬੂ ਹੇਠ ਹੈ, ਈਰਾਨੀ ਰੈਵੋਲਿਊਸ਼ਨਰੀ ਗਾਰਡ (IRGC) ਸੜਕਾਂ 'ਤੇ ਪੂਰੀ ਤਾਕਤ ਨਾਲ ਤਾਇਨਾਤ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਹਵਾਈ ਹਮਲੇ ਦੀ ਧਮਕੀ ਨੇ ਵੀ ਪ੍ਰਦਰਸ਼ਨਕਾਰੀਆਂ ਦੇ ਜੋਸ਼ ਨੂੰ ਠੰਢਾ ਕਰਨ ਵਿੱਚ ਭੂਮਿਕਾ ਨਿਭਾਈ ਹੈ। ਲੋਕ ਹੌਲੀ-ਹੌਲੀ ਆਪਣੇ ਕੰਮਾਂ 'ਤੇ ਵਾਪਸ ਆ ਰਹੇ ਹਨ, ਪਰ ਦੇਸ਼ ਵਿੱਚ ਅਜੇ ਵੀ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ।