ਇਲਾਜ ਦੌਰਾਨ ਸਿਵਲ ਹਸਪਤਾਲ ਦੀ ਖਿੜਕੀ ਰਾਹੀਂ ਫਰਾਰ ਹੋਇਆ ਹਵਾਲਾਤੀ ਪੁਲਿਸ ਵੱਲੋਂ ਲੁਧਿਆਣਾ ਤੋਂ ਕਾਬੂ
ਜਗਰਾਓਂ (ਦੀਪਕ ਜੈਨ): ਸਥਾਨਕ ਥਾਣਾ ਸਿਟੀ ਦੀ ਪੁਲਿਸ ਲਈ ਅੱਜ ਉਸ ਵੇਲੇ ਸਥਿਤੀ ਕਸੂਤੀ ਬਣ ਗਈ ਜਦੋਂ ਪਾਬੰਦੀਸ਼ੁਦਾ ਗੋਲੀਆਂ ਦੇ ਮਾਮਲੇ ਵਿੱਚ ਪੁਲਿਸ ਰਿਮਾਂਡ ’ਤੇ ਚੱਲ ਰਿਹਾ ਇੱਕ ਮੁਲਜ਼ਮ ਇਲਾਜ ਦੌਰਾਨ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦੀ ਖਿੜਕੀ ਰਾਹੀਂ ਫਰਾਰ ਹੋ ਗਿਆ, ਹਾਲਾਂਕਿ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਭੱਜੇ ਹੋਏ ਮੁਲਜ਼ਮ ਨੂੰ ਮਹਿਜ਼ ਕੁਝ ਹੀ ਸਮੇਂ ਵਿੱਚ ਲੁਧਿਆਣਾ ਤੋਂ ਦਬੋਚਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਵੱਲੋਂ ਬੀਤੀ 14 ਜਨਵਰੀ ਨੂੰ ਸੁੱਖਾ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸਦੇ ਸਾਥੀ ਸੰਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਪਿੰਡ ਭੰਮੀਪੁਰਾ ਨੂੰ ਸ਼ਿਵਬਾੜੀ ਮੰਦਰ ਨੇੜਿਓਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਅਦਾਲਤ ਤੋਂ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਪਰ ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੁਲਜ਼ਮ ਸੁੱਖਾ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਦੇ ਚੱਲਦਿਆਂ ਪੁਲਿਸ ਪਾਰਟੀ ਉਸਨੂੰ ਅਤੇ ਉਸਦੇ ਦੂਜੇ ਸਾਥੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਡਾਕਟਰਾਂ ਵੱਲੋਂ ਸੁੱਖਾ ਸਿੰਘ ਨੂੰ ਐਮਰਜੈਂਸੀ ਵਾਰਡ ਦੇ ਆਪ੍ਰੇਸ਼ਨ ਥੀਏਟਰ ਵਿੱਚ ਦਾਖਲ ਕਰਕੇ ਗਲੂਕੋਜ਼ ਲਗਾਇਆ ਗਿਆ ਸੀ।
ਇਸੇ ਦੌਰਾਨ ਜਦੋਂ ਸੁਰੱਖਿਆ ਕਰਮੀ ਅਤੇ ਹਸਪਤਾਲ ਦਾ ਸਟਾਫ ਕਮਰੇ ਤੋਂ ਬਾਹਰ ਸਨ ਤਾਂ ਮੁਲਜ਼ਮ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਆਪਣੇ ਹੱਥ ’ਤੇ ਲੱਗੀ ਗਲੂਕੋਜ਼ ਦੀ ਪਾਈਪ ਨੂੰ ਉਤਾਰ ਦਿੱਤਾ ਅਤੇ ਆਪ੍ਰੇਸ਼ਨ ਥੀਏਟਰ ਦੀ ਪਿਛਲੀ ਖਿੜਕੀ ਖੋਲ੍ਹ ਕੇ ਉੱਥੋਂ ਫਰਾਰ ਹੋ ਗਿਆ ਜਿਸ ਦੇ ਤੁਰੰਤ ਬਾਅਦ ਪੁਲਿਸ ਵਿਭਾਗ ਵਿੱਚ ਭਾਜੜ ਪੈ ਗਈ ਅਤੇ ਪੁਲਿਸ ਪਾਰਟੀਆਂ ਵੱਲੋਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਭੱਜਣ ਉਪਰੰਤ ਉਕਤ ਮੁਲਜ਼ਮ ਨਾਲ ਲੱਗਦੇ ਬੱਸ ਸਟੈਂਡ ਦੀ ਕੰਧ ਟੱਪ ਕੇ ਬੱਸ ਵਿੱਚ ਸਵਾਰ ਹੋ ਕੇ ਲੁਧਿਆਣਾ ਪਹੁੰਚ ਗਿਆ ਸੀ ਜਿੱਥੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਸਨੂੰ ਮੁੜ ਕਾਬੂ ਕਰ ਲਿਆ ਹੈ।