ਆਡੀਓ ਕਲਿੱਪ ਮਾਮਲੇ 'ਚ ਪੁਲਿਸ ਨੇ ਪੱਤਰਕਾਰ ਰਤਨਦੀਪ ਧਾਲੀਵਾਲ ਨੂੰ ਕੀਤਾ ਤਲਬ
ਚੰਡੀਗੜ੍ਹ, 6 ਦਸੰਬਰ 2025- ਪੰਜਾਬ ਪੁਲਿਸ ਹੈੱਡਕੁਆਰਟਰ, ਕਾਨੂੰਨ ਅਤੇ ਵਿਵਸਥਾ ਵਿਭਾਗ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਆਡੀਓ ਕਲਿੱਪ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP), ਕਾਨੂੰਨ ਅਤੇ ਵਿਵਸਥਾ, ਪੰਜਾਬ ਦੇ ਦਫ਼ਤਰ ਵੱਲੋਂ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਹ ਨੋਟਿਸ ਸਟੇਟ ਇਲੈਕਸ਼ਨ ਕਮਿਸ਼ਨ ਆਫ਼ ਪੰਜਾਬ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਭੇਜਿਆ ਗਿਆ ਹੈ। ਪੁਲਿਸ ਅਨੁਸਾਰ, ਇਹ ਮਾਮਲਾ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਆਡੀਓ ਕਲਿੱਪ ਦੇ ਪ੍ਰਚਲਨ ਨਾਲ ਸਬੰਧਤ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਤਨਦੀਪ ਸਿੰਘ ਧਾਲੀਵਾਲ ਕੋਲ ਇਸ ਮਾਮਲੇ ਨਾਲ ਸਬੰਧਤ ਮੂਲ ਸਮੱਗਰੀ (Original Content) ਉਪਲਬਧ ਹੈ, ਜਿਸ ਨੂੰ ਅਗਲੇਰੀ ਜਾਂਚ ਲਈ ਰਿਕਾਰਡ 'ਤੇ ਲਿਆ ਜਾਣਾ ਜ਼ਰੂਰੀ ਹੈ।
ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 94 ਤਹਿਤ ਜਾਰੀ ਕੀਤੇ ਗਏ ਨੋਟਿਸ ਵਿੱਚ, ਰਤਨਦੀਪ ਸਿੰਘ ਧਾਲੀਵਾਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਕਬਜ਼ੇ ਵਿੱਚ ਮੌਜੂਦ ਕੋਈ ਵੀ ਮੌਖਿਕ (Oral), ਦਸਤਾਵੇਜ਼ੀ (Documentary), ਡਿਜੀਟਲ ਜਾਂ ਇਲੈਕਟ੍ਰਾਨਿਕ ਸਬੂਤ ਲੈ ਕੇ ਆਉਣ। ਉਹ ਖੁਦ ਜਾਂ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ 07-12-2025 ਨੂੰ ਸਵੇਰੇ 11:00 ਵਜੇ ਸੈਕਟਰ-9, ਚੰਡੀਗੜ੍ਹ ਵਿਖੇ ADGP, ਕਾਨੂੰਨ ਅਤੇ ਵਿਵਸਥਾ ਦੇ ਦਫ਼ਤਰ ਵਿੱਚ ਪੇਸ਼ ਹੋਣ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਬੂਤ ਜਾਂਚ/ਪੜਤਾਲ ਦੇ ਉਦੇਸ਼ਾਂ ਅਤੇ ਸੰਬੰਧਿਤ ਸਬੂਤਾਂ ਨੂੰ ਰਿਕਾਰਡ 'ਤੇ ਲਿਆਉਣ ਲਈ ਬਹੁਤ ਜ਼ਰੂਰੀ ਹਨ।