ਅੰਮ੍ਰਿਤਸਰ 'ਚ ਨਿਹੰਗਾਂ ਸਿੰਘਾਂ ਅਤੇ ਮੰਦਰ ਪ੍ਰਬੰਧਕਾਂ ਵਿਚਾਲੇ ਖੜਕੀ! ਪੜ੍ਹੋ ਪੂਰੀ ਮਾਮਲਾ
ਮੰਦਰ ਦੇ ਬਾਹਰ ਚਾਂਪਾ ਦੀ ਦੁਕਾਨ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਇਆ ਝਗੜਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 14 ਫਰਵਰੀ 2025- ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਵਿੱਚ ਇੱਕ ਮੰਦਰ ਦੇ ਬਾਹਰ ਚਾਂਪਾ ਦੀ ਦੁਕਾਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਦੇਖਣ ਨੂੰ ਮਿਲਿਆ ਅਤੇ ਝਗੜੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਝਗੜੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਵੀ ਹੋਇਆ। ਇਸ ਮਾਮਲੇ ਵਿੱਚ ਡੈਮਗੰਜ ਇਲਾਕੇ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੰਦਰ ਦੇ ਬਾਹਰ ਇੱਕ ਚਾਂਪਾ ਦੀ ਰੇਹੜੀ ਲੱਗਦੀ ਹੈ ਅਤੇ ਰਾਤ ਦੇ ਸਮੇਂ ਇਸ ਰੇੜੀ ਦੇ ਉੱਪਰ ਲੋਕ ਚਾਂਪਾ ਖਰੀਦਣ ਆਉਂਦੇ ਹਨ ਅਤੇ ਨਾਲ ਸ਼ਰਾਬ ਵੀ ਪੀਂਦੇ ਹਨ।
ਇਸ ਚਾਂਪਾ ਵਾਲੀ ਦੁਕਾਨ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਦੂਸਰੇ ਪਾਸੇ ਜਦੋਂ ਇਲਾਕਾ ਵਾਸੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤਾਂ ਅੱਜ ਸਵੇਰੇ ਚਾਂਪਾ ਵਾਲੀ ਦੁਕਾਨ ਵਾਲੇ ਨੌਜਵਾਨ ਨੇ ਕੁਝ ਨਿਹੰਗ ਸਿੰਘਾਂ ਨੂੰ ਬੁਲਾ ਕੇ ਗੁੰਡਾਗਰਦੀ ਕੀਤੀ ਅਤੇ ਖੂਬ ਝਗੜਾ ਕੀਤਾ। ਇਸ ਸਬੰਧੀ ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਨੌਜਵਾਨ ਇਥੇ ਆ ਕੇ ਆਪਣਾ ਕਾਰੋਬਾਰ ਕਰਦਾ ਹੈ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ। ਲੇਕਿਨ ਜਦੋਂ ਉਹ ਰਾਤ ਦੇ ਸਮੇਂ ਗ੍ਰਾਹਕ ਨੂੰ ਨਾਲ ਸ਼ਰਾਬ ਪਰੋਸਦਾ ਹੈ ਤਾਂ ਉਸ ਦਾ ਸਾਰੇ ਵਿਰੋਧ ਕਰਦੇ ਹਨ ਤੇ ਅੱਜ ਵੀ ਸਵੇਰੇ ਇਲਾਕਾ ਵਾਸੀਆਂ ਦਾ ਤੇ ਦੁਕਾਨਦਾਰ ਦਾ ਝਗੜਾ ਹੋਇਆ ਤੇ ਦੁਕਾਨਦਾਰ ਵੱਲੋਂ ਇਸ ਦੌਰਾਨ ਕੁਝ ਨਿਹੰਗ ਸਿੰਘਾਂ ਨੂੰ ਬੁਲਾ ਕੇ ਇੱਥੇ ਗੁੰਡਾਗਰਦੀ ਕੀਤੀ ਗਈ।
ਸਿਵਲ ਹਸਪਤਾਲ ਵਿੱਚ ਦਾਖਲ ਜਖਮੀ ਚਾਂਪਾ ਵਾਲੇ ਨੌਜਵਾਨ ਦੇ ਭਰਾ ਨਿਹੰਗ ਸਿੰਘ ਮੁਕੇਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਡੈਮਗੰਜ ਇਲਾਕੇ ਵਿੱਚ ਦੁਕਾਨ ਹੈ ਅਤੇ ਮੰਦਰ ਪ੍ਰਬੰਧਕ ਦੁਕਾਨ ਖਾਲੀ ਕਰਵਾਉਣਾ ਚਾਹੁੰਦੇ ਹਨ, ਜਿਸ ਕਰਕੇ ਉਹਨਾਂ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਤੇ ਰਾਤ ਵੇਲੇ ਮੰਦਿਰ ਪ੍ਰਬੰਧਕਾਂ ਨੇ ਕੁਝ ਵਿਅਕਤੀਆਂ ਨੂੰ ਭੇਜ ਕੇ ਸਾਡੀ ਦੁਕਾਨ ਤੇ ਭਨਤੋੜ ਕੀਤੀ ਅਤੇ ਸਾਡੇ ਨਾਲ ਗੁੰਡਾਗਰਦੀ ਵੀ ਕੀਤੀ ਤੇ ਸਵੇਰ ਵੇਲੇ ਵੀ ਸਾਡੇ ਨਾਲ ਹੱਥੋਂ ਪਾਈ ਕੀਤੀ। ਜਿਸ ਵਿਚ ਉਸਦਾ ਭਰਾ ਜਖਮੀ ਹੋ ਗਿਆ ਅਤੇ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ।
ਇਸ ਸਾਰੇ ਮਾਮਲੇ ਵਿੱਚ ਅੰਮ੍ਰਿਤਸਰ ਗੇਟ ਹਕੀਮਾ ਤੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕਾਰਤਿਕ ਨਾਮ ਦੇ ਵਿਅਕਤੀ ਵੱਲੋਂ ਉਹਨਾਂ ਨੂੰ ਦਰਖਾਸਤ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ, ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।