'ਅਕਾਲੀ ਦਲ ਪੁਨਰ ਸੁਰਜੀਤ' ਨੂੰ ਇੱਕ ਹੋਰ ਵੱਡਾ ਝਟਕਾ; ਸੀਨੀਅਰ ਵੂਮੈਨ ਲੀਡਰ ਨੇ ਕੀਤੀ 'ਘਰ ਵਾਪਸੀ', ਸੁਖਬੀਰ ਬਾਦਲ ਨੇ ਕੀਤਾ ਸਵਾਗਤ
Babushahi Network
ਚੰਡੀਗੜ੍ਹ, 8 ਅਪ੍ਰੈਲ 2026: ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਅਹਿਮ ਮੋੜ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਮੁੜ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਬੀਬੀ ਲਾਂਡਰਾਂ ਦਾ ਪਾਰਟੀ ਵਿੱਚ ਆਉਣਾ 'ਅਕਾਲੀ ਦਲ ਪੁਨਰ ਸੁਰਜੀਤ' ਧੜੇ ਲਈ ਇੱਕ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ।
ਅੱਜ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਪਰਮਜੀਤ ਕੌਰ ਲਾਂਡਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਪੁਰਾਣੇ ਅਤੇ ਟਕਸਾਲੀ ਆਗੂਆਂ ਦੀ ਵਾਪਸੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 'ਅਕਾਲੀ ਦਲ ਪੁਨਰ ਸੁਰਜੀਤ' ਦਾ ਵਿਜ਼ਨ ਤਿਆਰ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਸੀ। ਬੀਬੀ ਪਰਮਜੀਤ ਕੌਰ ਲਾਂਡਰਾਂ ਇਸ ਕਮੇਟੀ ਦੀ ਅਹਿਮ ਮੈਂਬਰ ਸਨ। ਉਨ੍ਹਾਂ ਦੇ ਅਚਾਨਕ ਇਸ ਧੜੇ ਨੂੰ ਛੱਡ ਕੇ ਮੁੜ ਮੁੱਖ ਧਾਰਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪੁਨਰ ਸੁਰਜੀਤ ਲਹਿਰ ਦੇ ਭਵਿੱਖ ਦੀ ਰਣਨੀਤੀ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਬੀਬੀ ਲਾਂਡਰਾਂ ਦੀ ਵਾਪਸੀ ਨੂੰ ਸੁਖਬੀਰ ਬਾਦਲ ਦੀ ਇੱਕ ਵੱਡੀ ਸਿਆਸੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਵਿੱਚ ਉੱਠੀ ਬਗਾਵਤ ਦੇ ਬਾਵਜੂਦ, ਪੁਰਾਣੇ ਆਗੂ ਅਜੇ ਵੀ ਉਨ੍ਹਾਂ ਦੀ ਲੀਡਰਸ਼ਿਪ 'ਤੇ ਭਰੋਸਾ ਜਤਾ ਰਹੇ ਹਨ।
Click to Follow Babushahi Facebook page →