ਆਈ.ਕੇ.ਜੀ ਪੀ.ਟੀ.ਯੂ ਵਿਖੇ "ਗ੍ਰਿਪ 3.0" ਪ੍ਰੋਗਰਾਮ ਵਿੱਚ ਪਹੁੰਚੇ ਜ਼ਮੀਨੀ ਪੱਧਰ ਦੇ ਇੰਨੋਵੇਟਰਸ
- ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਅਤੇ ਆਈਕੇਜੀ ਪੀਟੀਯੂ ਦੇ ਸਾਂਝੇ ਯਤਨਾਂ ਨਾਲ ਹੋਇਆ ਆਯੋਜਨ
- ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਟਾਲਾਂ ਦੇ ਦੌਰੇ ਅਤੇ ਗੱਲਬਾਤ ਰਾਹੀਂ ਕੀਤੀ ਪ੍ਰੋਗਰਾਮ ਵਿੱਚ ਸ਼ਿਰਕਤ
ਜਲੰਧਰ/ਕਪੂਰਥਲਾ, 16 ਫਰਵਰੀ 2025 - ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵਿਖੇ ਵੀਰਵਾਰ ਨੂੰ "ਗ੍ਰਿਪ 3.0" ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਯੂਨੀਵਰਸਿਟੀ ਵੱਲੋਂ ਇਹ ਆਯੋਜਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਪੰਜਾਬ ਸਰਕਾਰ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਭਾਰਤ ਸਰਕਾਰ, ਸਾਇੰਸ ਐਂਡ ਟੈਕਨਾਲੋਜੀ ਐਂਡ ਐਨਵਾਇਰਮੈਂਟ ਵਿਭਾਗ ਪੰਜਾਬ ਸਰਕਾਰ ਅਤੇ ਸਾਇੰਸ ਐਂਡ ਟੈਕਨਾਲੋਜੀ ਐਂਡ ਐਨਵਾਇਰਮੈਂਟ ਵਿਭਾਗ, ਭਾਰਤ ਸਰਕਾਰ ਦੇ ਨਾਲ ਇੱਕ ਸਾਂਝੀ ਭਾਈਵਾਲੀ ਸਦਕਾ ਕਰਵਾਇਆ ਗਿਆ! ਇਹ ਪ੍ਰੋਗਰਾਮ ਪੰਜਾਬ ਦੇ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ (ਇੰਨੋਵੇਟਰਸ) ਨੂੰ ਸਸ਼ਕਤ ਬਣਾਉਣ ਲਈ ਕਰਵਾਇਆ ਗਿਆ ਸੀ! ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਉਪ ਕੁਲਪਤੀ) ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਅਤੇ ਪ੍ਰਬੰਧਕ ਕਮੇਟੀ ਦੇ ਹੋਰ ਸੰਗਠਨਾਂ ਨੇ ਮਿਲ ਕੇ ਇਸਦਾ ਉਦਘਾਟਨ ਕੀਤਾ! ਪ੍ਰੋਫੈਸਰ ਡਾ ਮਿੱਤਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਸਨ, ਜਦੋਂ ਕਿ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ!
ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਪੀ.ਐਸ.ਸੀ.ਐਸ.ਟੀ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ, "ਗ੍ਰਿੱਪ 3.0" ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਜ਼ਮੀਨੀ ਪੱਧਰ 'ਤੇ ਵਿਲੱਖਣ ਨਵੀਨਤਾਕਾਰੀ ਕੰਮ ਕਰਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿੱਚ ਵਿਦਿਅਕ ਸੰਸਥਾਵਾਂ ਦੀ ਭਾਗੀਦਾਰੀ ਨਵੀਨਤਾਕਾਰਾਂ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪੱਧਰ 'ਤੇ ਪੰਚਾਂ ਅਤੇ ਸਰਪੰਚਾਂ ਰਾਹੀਂ ਵੀ ਨਵੀਨਤਾਵਾਂ ਅਤੇ ਨਵੀਨਤਾਕਾਰਾਂ ਤੱਕ ਪਹੁੰਚਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ "ਗ੍ਰਿੱਪ 3.0" ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਵੀਨਤਾ ਅਤੇ ਨਵੀਨਤਾਕਾਰੀ ਦੋਵੇਂ ਵਿਦਿਆਰਥੀਆਂ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੇ ਹਨ। ਉੱਚ ਸਿੱਖਿਆ ਸੰਸਥਾਵਾਂ ਵਿੱਚ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ!
ਵਿਸ਼ੇਸ਼ ਮਹਿਮਾਨ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਨੇ ਇਸ ਸਮਾਗਮ ਲਈ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ! ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੱਧਰ 'ਤੇ ਚਲਾਏ ਜਾ ਰਹੇ ਅਜਿਹੇ ਪ੍ਰੋਗਰਾਮਾਂ ਨੂੰ ਇੱਕ ਮਜ਼ਬੂਤ ਭਾਰਤ ਦੇ ਹਿੱਤ ਵਿੱਚ ਇੱਕ ਪਹਿਲਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਨਵੀਨਤਾਕਾਰਾਂ ਦੀ ਕੋਈ ਕਮੀ ਨਹੀਂ ਹੈ, ਲੋੜ ਇਸ ਗੱਲ ਦੀ ਹੈ ਕਿ ਅਜਿਹੇ ਸਮਾਗਮਾਂ ਰਾਹੀਂ ਉਨ੍ਹਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾਵੇ ਤਾਂ ਜੋ ਉਹ ਨਵੀਂ ਪੀੜ੍ਹੀ ਨੂੰ ਵੀ ਨਵੀਨਤਾਕਾਰੀ ਬਣਾ ਸਕਣ!
ਪ੍ਰੇਰਕ ਬੁਲਾਰੇ ਡਾ. ਚਰਨ ਕਮਲ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸਵਾਗਤੀ ਭਾਸ਼ਣ ਡਾ. ਐਮ.ਐਸ. ਬੇਦੀ (ਸਹਾਇਕ ਨਿਰਦੇਸ਼ਕ, ਆਈ.ਕੇ.ਜੀ.ਪੀ.ਟੀ.ਯੂ.) ਵੱਲੋਂ ਦਿੱਤਾ ਗਿਆ। ਰਾਏ ਸਿੰਘ ਰਾਜੂ (ਗਨ ਕਲੀਨਿੰਗ ਮਸ਼ੀਨ), ਡਾ. ਗ੍ਰੀਸ਼ ਸਪਰਾ (ਗ੍ਰੀਨ ਬ੍ਰਿਗੇਡ - ਵੇਸਟ ਮਸ਼ੀਨ) ਨੇ ਰੂਰਲ ਇਨੋਵੇਸ਼ਨ ਸ਼ੋਅ ਵਿੱਚ ਵਧੀਆ ਪ੍ਰਦਰਸ਼ਨ ਕੀਤਾ! ਇਸ ਦੌਰਾਨ ਨੇੜਲੇ ਪਿੰਡਾਂ ਦੇ ਸਰਪੰਚ ਵੀ ਸ਼ਾਮਿਲ ਹੋਏ!
ਅੰਤ ਵਿੱਚ ਡਾ. ਨੀਲਕੰਠ ਗਰੋਵਰ (ਮੁਖੀ ਬੀ.ਆਈ.ਸੀ) ਵੱਲੋਂ ਧੰਨਵਾਦ ਦਾ ਮਤਾ ਪੜ੍ਹਿਆ ਗਿਆ!