ਜਗਰਾਓਂ: ਮੋਰੀਗੇਟ ਨੇੜੇ ਦੋ ਪਾਰਟੀਆਂ ਦੇ ਰੋਡ ਸ਼ੋ 'ਚ ਝੜਪ, ਕਈ ਜ਼ਖ਼ਮੀ ਹੋਣ ਦੀ ਸੂਚਨਾ
ਆਪ ਉਮੀਦਵਾਰ ਸੁਨੈਨਾ ਮਲਹੋਤਰਾ ਸਮੇਤ ਕਈ ਵਰਕਰਾਂ ਦੇ ਜਖਮੀ ਹੋਣ ਦਾ ਦਾਅਵਾ • ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਜਗਰਾਓਂ, 24 ਮਈ —( ਦੀਪਕ ਜੈਨ)
ਨਗਰ ਕੌਂਸਲ ਚੋਣ ਪ੍ਰਚਾਰ ਦੇ ਆਖਰੀ ਦਿਨ ਜਗਰਾਓਂ ਦੇ ਮੋਰੀਗੇਟ ਸਥਿਤ ਗੁਰਦੁਆਰਾ ਗੁਰੂ ਨਾਨਕਪੁਰਾ ਨੇੜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪਣੇ-ਆਪਣੇ ਸਮਰਥਕਾਂ ਨਾਲ ਰੋਡ ਸ਼ੋ ਕਰ ਰਹੇ ਸਨ।
ਮੌਕੇ ’ਤੇ ਮੌਜੂਦ ਲੋਕਾਂ ਦੇ ਦਾਅਵਿਆਂ ਮੁਤਾਬਕ ਦੋਹਾਂ ਧਿਰਾਂ ਦੇ ਰੋਡ ਸ਼ੋ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀਗੇਟ ਨੇੜੇ ਆਮੋ-ਸਾਮਣੇ ਆ ਗਏ, ਜਿਸ ਤੋਂ ਬਾਅਦ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਫਿਰ ਮਾਮਲਾ ਝੜਪ ਵਿੱਚ ਤਬਦੀਲ ਹੋ ਗਿਆ। ਕੁਝ ਲੋਕਾਂ ਵੱਲੋਂ ਡੰਡੇ, ਸੋਟੀਆਂ ਅਤੇ ਇੱਟਾਂ-ਰੋੜੇ ਵੀ ਚਲਾਏ ਗਏ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੈਨਾ ਮਲਹੋਤਰਾ ਤੋਂ ਇਲਾਵਾ ਉਹਨਾਂ ਦੇ ਕਈ ਵਰਕਰ ਜਖਮੀ ਹੋਏ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੈਨਾ ਮਲਹੋਤਰਾ, ਸਾਜਨ ਮਲਹੋਤਰਾ, ਮਨਿੰਦਰ ਤਲਵਾੜ, ਵਿਕਾਸ ਮਲੋਤਰਾ ਅਤੇ ਹੋਰ ਵਰਕਰਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦਾ ਰੋਡ ਸ਼ੋ ਜਦੋਂ ਮੋਰੀਗੇਟ ਨੇੜੇ ਪੁੱਜਿਆ ਤਾਂ ਦੂਜੇ ਪਾਸੇ ਤੋਂ ਆ ਰਹੇ ਕਾਂਗਰਸ ਪਾਰਟੀ ਦੇ ਰੋਡ ਸ਼ੋ ਨਾਲ ਉਹਨਾਂ ਦਾ ਸਾਹਮਣਾ ਹੋ ਗਿਆ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਸਥਿਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਾਂਗਰਸ ਪਾਰਟੀ ਦੇ ਰੋਡ ਸ਼ੋ ਵਿੱਚ ਮੌਜੂਦ ਨਾਨਕੀ ਅਵਤਾਰ ਅਵਤਾਰ ਦਾ ਲੜਕਾ, ਨੰਬਰਦਾਰ ਰਾਈ ਅਤੇ ਹੋਰ ਆਗੂਆਂ ਨੂੰ ਉਹਨਾਂ ਨੇ ਇੱਕ ਨਾ ਸੁਣੀ ਅਤੇ ਗਾਲੀ-ਗਲੌਚ ਅਤੇ ਝੜਪ ਸ਼ੁਰੂ ਕਰ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਇਸ ਘਟਨਾ ਵਿੱਚ ਕਈ ਵਰਕਰ ਜਖਮੀ ਹੋਏ ਹਨ ਅਤੇ ਸੁਨੈਨਾ ਮਲਹੋਤਰਾ ਦੇ ਭਰਾ ਦੇ ਸਿਰ ’ਤੇ ਵੀ ਸੱਟ ਲੱਗੀ ਹੈ।
ਆਪ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੌਕੇ ’ਤੇ ਮੌਜੂਦ ਮਹਿਲਾਵਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਅੰਦਰ ਲਿਜਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਤੁਰੰਤ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਸੀ।
ਦੂਜੇ ਪਾਸੇ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਨੀਤਾ ਰਾਣੀ ਦੇ ਸਪੁੱਤਰ, ਸਾਬਕਾ ਕੌਂਸਲਰ ਅਤੇ ਐਡਵੋਕੇਟ ਹਿਮਾਂਸ਼ੂ ਮਲਿਕ ਨਾਲ ਇਸ ਮਾਮਲੇ ਸਬੰਧੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਝੜਪ ਦੀ ਘਟਨਾ ਬਾਰੇ ਕੋਈ ਵੀ ਪੱਖ ਦੇਣ ਅਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਅਤੇ ਵਰਕਰ ਸ਼ਾਂਤੀਮਈ ਢੰਗ ਨਾਲ ਰੋਡ ਸ਼ੋ ਕਰ ਰਹੇ ਸਨ ’ਤੇ ਉਹਨਾਂ ਉੱਤੇ ਹਮਲਾ ਕੀਤਾ ਗਿਆ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਹਨਾਂ ਦੱਸਿਆ ਕਿ ਪੁਲਿਸ ਨੂੰ ਦੋ ਧਿਰਾਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-