ਗੜ੍ਹਸ਼ੰਕਰ ਸ਼ਹਿਰ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਸ ਮਾਰਚ ਤੇ ਮੁਜ਼ਾਹਰਾ
ਪ੍ਰਮੋਦ ਭਾਰਤੀ
ਗੜਸ਼ੰਕਰ 24 ਮਈ , 2026
ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਦੋਖੀ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗ ਪ੍ਰਤੀ ਅਪਣਾਏ ਗ਼ੈਰ ਜਿੰਮੇਵਾਰਾਨਾ ਵਤੀਰੇ ਵਿਰੁੱਧ ਪੰਜਾਬ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਮੁੱਚੇ ਪੰਜਾਬ ਵਿੱਚ ਨਗਰਪਾਲਿਕਾ ਚੋਣਾਂ ਵਾਲੇ ਸ਼ਹਿਰਾਂ ਵਿਚ ਕਿਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਕੜੀ ਵਿੱਚ ਅੱਜ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੱਖਣ ਸਿੰਘ ਵਾਹਿਦ ਪੁਰੀ,ਸਤਪਾਲ ਮਿਨਹਾਸ,ਬਲਵੰਤ ਰਾਮ,ਵਿਨੋਦ ਕੁਮਾਰ, ਪਵਨ ਕੁਮਾਰ ਗੜ੍ਹੀ ਤੇ ਬਲਵੀਰ ਖਾਨਪੁਰੀ ਦੀ ਅਗਵਾਈ ਵਿੱਚ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ
ਵੱਖ ਵੱਖ ਵਾਰਡਾਂ ਵਿਚ ਰੋਸ ਮਾਰਚ ਕੀਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਦੋਖੀ ਨੀਤੀਆਂ ਵਿਰੁਧ ਜਬਰਦਸਤ ਨਾਅਰੇਬਾਜੀ ਕੀਤੀ। ਇਸ ਸਮੇਂ ਜਾਣਕਾਰੀ ਦਿੰਦਿਆਂ ਸ਼ਾਮ ਸੁੰਦਰ ਕਪੂਰ,ਜੀਤ ਬਗਵਾਈ,ਹਰਜਿੰਦਰ ਸੂਨੀ , ਗੁਰਨਾਮ ਹਾਜ਼ੀਪੁਰ ਤੇ ਨਰੇਸ਼ ਭੰਮੀਆਂ ਨੇ ਦੱਸਿਆ ਕਿ ਆਪ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਪੂਰਾ ਨਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਵੱਡਾ ਧ੍ਰੋਹ ਕਮਾਇਆ ਹੈ। ਸੰਘਰਸ਼ਾਂ ਅਤੇ ਰੈਲੀਆਂ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਗੱਲ ਸੁਣਨ ਦੀ ਥਾਂ ਉਹਨਾਂ ਤੇ ਲਾਠੀਆਂ ਵਰ੍ਹਾਈਆਂ ਤੇ ਅੱਥਰੂ ਗੈਸ ਛੱਡਣ ਦੇ ਹੁਕਮ ਦਿੱਤੇ ,ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਰੋਸ ਤੇ ਗੁੱਸੇ ਵਿਚ ਭਾਰੀ ਵਾਧਾ ਹੋਇਆ ਹੈ। ਹਾਈ ਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ. ਏ. ਜਾਰੀ ਕਰਨ ਦੇ ਹੁਕਮਾਂ ਨੂੰ ਵੀ ਪੰਜਾਬ ਸਰਕਾਰ ਟਿੱਚ ਸਮਝਦੀ ਹੈ ਅਤੇ ਡੀ ਏ ਜਾਰੀ ਕਰਨ ਵਿਚ ਅੜਿੱਕੇ ਡਾਹ ਰਹੀ ਹੈ ।ਪੰਜਾਬ ਸਰਕਾਰ ਆਪਣੇ ਉੱਚ ਅਧਿਕਾਰੀਆਂ ਤਾਂ ਪੂਰਾ ਡੀ. ਏ. ਦੇ ਰਹੀ ਹੈ ਪਰ ਕਰਮਚਾਰੀਆ ਨਾਲ਼ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਰਕਾਰ ਵਲੋਂ ਪੈਨਸ਼ਨਰਾਂ ਉੱਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੀ ਨਹੀਂ ਕੀਤਾ ਗਿਆ।ਸਰਕਾਰ ਦੇ ਇਸ ਅਨਿਆਂ ਪੂਰਨ ਰਵਈਏ ਨੂੰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਘਰ -ਘਰ ਜਾ ਕੇ ਨੰਗਾ ਕਰਨਗੇ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ। ਆਗੂਆਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਨਕਦ ਦਿੱਤਾ ਜਾਵੇ, ਡੀ. ਏ. ਦੇਣ ਸੰਬੰਧੀ ਕੋਰਟ ਦਾ ਫ਼ੈਸਲਾ ਤੁਰੰਤ ਲਾਗੂ ਕੀਤਾ ਜਾਵੇ, ਪੈਨਸ਼ਨਰਜ ਤੇ 2.59 ਦਾ ਗੁਨਾਂਕ ਲਾਗੂ ਕੀਤਾ ਜਾਵੇ,ਮਾਣ ਭੱਤਾ ਕਾਮਿਆਂ ਤੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ,ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ,ਮਹਿੰਗਾਈ ਨੂੰ ਨੱਥ ਪਾਈ ਜਾਵੇ,ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ। ਇਸ ਸਮੇਂ ਪਵਨ ਗੋਇਲ, ਰਾਜ ਕੁਮਾਰ,ਜਗਦੀਸ਼ ਪੱਖੋਵਾਲ,ਰਮਨ ਕੁਮਾਰ,ਗੋਪੀ ਰਾਮ,ਹਰਭਜਨ ਸਿੰਘ, ਜਸਵਿੰਦਰ ਸਿੰਘ,ਹੰਸ ਰਾਜ,ਜੋਗਿੰਦਰ ਹੀਰ,ਗਿਆਨੀ ਅਵਤਾਰ ਸਿੰਘ, ਰਤਨ ਸਿੰਘ, ਸ਼ਿੰਗਾਰਾ ਰਾਮ,ਗੁਰਦੀਪ ਬੇਦੀ, ਗੁਰਨੀਤ ਸਿੰਘ,ਸਤਪਾਲ ਸਿੰਘ,ਜੋਗਿੰਦਰ ਢਾਹਾਂ , ਰਮੇਸ਼ ਕੁਮਾਰ,ਸਤਨਾਮ ਸਿੰਘ ਹਾਜ਼ਿਰ ਸਨ