ਜਲੰਧਰ, 30 ਜੂਨ
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਲੜਨ ਦੇ ਚਾਹਵਾਨ ਉ¤ਚ ਸਰਕਾਰੀ ਅਫ਼ਸਰਾਂ ਨੂੰ ਚੋਣ ਲੜਨ ਬਾਰੇ ਮਨ ਬਣਾ ਲੈਣ ਅਤੇ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦੇਣ ਤੋਂ ਬਾਅਦ ਸਰਕਾਰੀ ਕੁਰਸੀਆਂ ’ਤੇ ਬਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਜੇ ਉਨ੍ਹਾਂ ਨੇ ਚੋਣਾਂ ਲੜਣੀਆਂ ਹਨ ਤਾਂ ਉਨ੍ਹਾਂ ਨੂੂੰ ਤੁਰਤ ਅਸਤੀਫ਼ੇ ਦੇ ਕੇ ਅਪਣੇ ਅਹੁਦਿਆਂ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਚੋਣਾਂ ਵਿਚ ਜਿੱਤ ਪ੍ਰਤੀ ਆਤਮਵਿਸ਼ਵਾਸ ਨਾਲ ਲਬਰੇਜ਼ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੂੰ ਤਾਂ ਇਕ ਵੀ ਸੀਟ ਨਹੀਂ ਲੱਭਣੀ। ਕਾਂਗਰਸ ਕੀ ਏਜੰਡਾ ਲੈ ਕੇ ਚੋਣਾਂ ਵਿਚ ਜਾਏਗੀ? -ਚੋਣ ਏਜੰਡਾ ਦੋ ਤਰ੍ਹਾਂ ਦਾ ਹੁੰਦੈ। ਇਕ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਾਂਗੇ ਕਿ ਪੰਜਾਬ ਦੀ ਆਰਥਕਤਾ, ਪੰਜਾਬ ਵਿਚ ਅਮਨ ਕਾਨੂੰਨ ਦੇ ਮਾਮਲੇ ਵਿਚ ਅਕਾਲੀ ਭਾਜਪਾ ਸਰਕਾਰ ਕਿੰਨੀ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ ਤੇ ਦੂਜੇ ਇਹ ਕੇ ਇਸ ਨਾਕਸ ਪ੍ਰਬੰਧ ਨੂੰ ਸੁਧਾਰਣ ਲਈ ਅਸੀਂ ਕੀ ਕਰਾਂਗੇ ਪਰ ਉਹਦਾ ਵੇਰਵਾ ਮੈਂ ਅਜੇ ਨਹੀਂ ਦੇਣਾ। ਚੋਣਾਂ ਨੇੜੇ ਜਾ ਕੇ ਹੀ ਪ੍ਰਗਟਾਵਾ ਕਰਾਂਗੇ। ਸ. ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਕੀਤੇ ਵਿਕਾਸ ਨੂੰ ਇਕ ਚੋਣ ਮੁੱਦਾ ਮੰਨ ਰਹੇ ਹਨ? -ਕਿਹੜੇ ਵਿਕਾਸ ਦੀ ਗੱਲ ਹੋ ਰਹੀ ਹੈ? ਸੜਕਾਂ ਦੇ ਪ੍ਰਾਜੈਕਟ ਸਾਡੇ ਲਿਆਂਦੇ ਹੋਏ, ਰੇਲਵੇ ਓਵਰ ਬ੍ਰਿਜ ਸਾਡੇ ਸ਼ੁਰੂ ਕੀਤੇ ਹੋਏ ਨੇ, ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦੇ ਵਾਅਦੇ ਕਿਥੇ ਨੇ? ਹੋ ਗਈ ਬਿਜਲੀ ਵਾਧੂ? ਬਿਜਲੀ ਦੇ ਜਿਹੜੇ ਪੰਜ ਪ੍ਰਾਜੈਕਟਾਂ ਦੀ ਗੱਲ ਕੀਤੀ ਜਾ ਰਹੀ ਹੈ 4 ਸਾਡੇ ਵੇਲੇ ਦੇ ਨੇ, 2 ਸ਼ੁਰੂ ਹੀ ਸਾਡੇ ਵੇਲੇ ਹੋਏ ਸਨ, ਦੋ ਪ੍ਰਵਾਨ ਸਾਡੇ ਵੇਲੇ ਹੋਏ ਸਨ। ਇਨ੍ਹਾਂ ਦੀ ਕਹਿਣੀ ਕੁੱਝ ਹੋਰ ਹੈ, ਕਰਨੀ ਕੁੱਝ ਹੋਰ। ਲੋਕਾਂ ਨੂੰ ਪਤੈ ਕਿਹੜਾ ਵਿਕਾਸ ਹੋਇਐ, ਕਿਹਦਾ ਵਿਕਾਸ ਹੋਇਐ? ਸ. ਮਨਪ੍ਰੀਤ ਸਿੰਘ ਬਾਦਲ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕਰ ਰਹੇ ਹਨ। ਅੱਜ ਦੇ ਸੰਦਰਭ ’ਚ ਇਹਦੇ ਕੀ ਅਰਥ ਨੇ? -ਅੱਜ ਦੀ ਤਰੀਕ ਵਿਚ ਮਨਪ੍ਰੀਤ ਹੇਠਾਂ ਜਾ ਰਿਹੈ। ਸਾਡੀ ਦਿਲਚਸਪੀ ਸੀ ਕਿ ਉਹ ਤਕੜਾ ਹੋਵੇ ਕਿਉਂਕਿ ਜਿੰਨਾ ਉਹ ਤਕੜਾ ਹੁੰਦੇ ਉਨਾ ਹੀ ਕਾਂਗਰਸ ਨੂੰ ਫ਼ਾਇਦਾ ਹੁੰਦਾ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਹ ਪ੍ਰਭਾਵੀ ਨਹੀਂ ਰਿਹਾ। ਕੁੱਝ ਖ਼ਿੱਤੇ ਹਨ, ਜਿਥੇ ਉਹ ਥੋੜ੍ਹਾ ਬਹੁਤ ਪ੍ਰਭਾਵ ਰਖਦੈ ਪਰ ਜਿਥੇ ਵੀ ਕਰੇਗਾ ਨੁਕਸਾਨ ਅਕਾਲੀਆਂ ਦਾ ਕਰੇਗਾ। ਦੰਭੀ ਹੈ। ਵਿੱਤ ਮੰਤਰੀ ਦੇ ਤੌਰ ’ਤੇ ਉਹਦੀ ਪ੍ਰਾਪਤੀ ਕੀ ਹੈ? ਵਿੱਤ ਮੰਤਰੀ ਰਹਿ ਕੇ ਆਰਥਕ ਨਿਘਾਰ ਲਈ ਦੋਸ਼ ਅਪਣੇ ਮੁੱਖ ਮੰਤਰੀ ’ਤੇ ਮੜ੍ਹਣਾ। ਜਦ ਵਿੱਤ ਮੰਤਰੀ ਸੀ ਤਾਂ ਇਸ ਤੋਂ ਬਾਦਲ ਦੇ ਨੇੜੇ ਕੌਣ ਸੀ, ਫਿਰ ਵੀ ਸੂਬੇ ਲਈ ਕੀ ਕੀਤਾ? ਸਬਸਿਡੀਆਂ ਜਾਰੀ ਰਹਿਣੀਆਂ ਚਾਹੀਦਆਂ ਹਨ ਕਿ ਨਹੀਂ? -ਮੈਂ ਸਬਸਡਿੀਆਂ ਦੇ ਹੱਕ ਵਿਚ ਹਾਂ ਪਰ ਸਬਸਿਡੀਆਂ ਗ਼ਰੀਬ ਕਿਸਾਨਾਂ ਲਈ ਹੋਣੀਆਂ ਚਾਹੀਦੀਆਂ ਹਨ। ਬਾਦਲ ਵਰਗੇ ਕਿਸਾਨਾਂ ਨੂੂੰ ਸਬਸਿਡੀਆਂ ਦੀ ਕੀ ਲੋੜ ਹੈ? ਸਬਸਿਡੀਆਂ ਦੇ ਹੱਕ ਵਿਚ ਮੈਂ ਇਸ ਲਈ ਵੀ ਹਾਂ ਕਿ ਹਰ ਸਾਲ ਸਮਰਥਨ ਮੁੱਲ ਵਿਚ ਹੁੰਦਾ ਵਾਧਾ ਬਹੁਤ ਨਾ-ਮਾਤਰ ਹੁੰਦਾ ਹੈ ਜਦਕਿ ਮਹਿੰਗਾਈ ਛੜੱਪੇ ਮਾਰਦੀ ਅਗਾਂਹ ਜਾਂਦੀ ਹੈ, ਇਸ ਲਈ ਸਬਸਿਡੀਆਂ ਦੀ ਲੋੜ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਲਈ ਅਸਲ ਜ਼ੁੰਮੇਵਾਰ ਕੌਣ? ਕੇਂਦਰ, ਕਾਂਗਰਸ ਕਿ ਅਕਾਲੀ? -ਕੇਂਦਰ ਜ਼ੁੰਮੇਵਾਰ ਨਹੀਂ। ਰਾਜ ਦੀਆਂ ਸਰਕਾਰਾਂ ਜ਼ੁੰਮੇਵਾਰ ਨੇ, ਪਰ ਇਸ ਗੱਲ ਨੂੰ ਰਤਾ ਸਮਝਣ ਦੀ ਲੋੜ ਹੈ। ਸ. ਬੇਅੰਤ ਸਿੰਘ ਦੇ ਸਮੇਂ ਵਿਚ ਕਰਜ਼ਾ ਵਧਣਾ ਸ਼ੁਰੂ ਹੋਇਆ ਸੀ। ਫਿਰ ਸਾਡੇ ਸਮੇਂ ਵਿਚ 24 ਤੋਂ 35 ਕਰੋੜ ਤਕ ਗਿਆ ਪਰ ਹੁਣ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ 35 ਕਰੋੜ ਤੋਂ ਤੁਰ ਕੇ ਸਰਕਾਰ ਜਾਂਦਿਆਂ ਤਕ 82 ਕਰੋੜ ਹੋ ਜਾਵੇਗਾ। ਪੰਜਾਂ ਸਾਲਾਂ ’ਚ ਕਰਜ਼ਾ 40 ਹਜ਼ਾਰ ਕਰੋੜ ਵੱਧ ਜਾਣੈ। ਸਰਕਾਰੀ ਜਾਇਦਾਦਾਂ ਵੇਚ ਕੇ ਸਰਕਾਰ ਚਲ ਰਹੀ ਹੈ ਤੇ ਸਰਕਾਰੀ ਜਾਇਦਾਦਾਂ ਦੀ ਵਿਕਰੀ ਬਿਲਕੁਲ ਗ਼ੈਰ ਕਾਨੂੰਨੀ ਹੈ। ਸਰਕਾਰੀ ਜਾਇਦਾਦਾਂ ਦੀ ਵਿਕਰੀ ਤੋਂ ਮਿਲਿਆ ਧਨ ਸਿੱਧਾ ਖ਼ਰਚਿਆ ਨਹੀਂ ਜਾ ਸਕਦਾ ਇਹ ਤਾਂ ‘ਕੰਸੋਲੀਡੇਟਿਡ ਫ਼ੰਡ’ ਵਿਚ ਜਾਣਾ ਚਾਹੀਦਾ ਹੈ। ਸਮਾਂ ਆ ਰਿਹੈ ‘ਕੈਗ’ ਇਸ ਮੁੱਦੇ ’ਤੇ ਸਰਕਾਰ ਦੀ ਖਿਚਾਈ ਕਰੇਗਾ। ਐਂਬੂਲੈਂਸਾਂ ਤੇ ਸਾਈਕਲਾਂ ’ਤੇ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਤਸਵੀਰਾਂ। ਕਾਂਗਰਸ ਸਰਕਾਰ ਬਣੀ ਤਾਂ ਇਹ ਰੁਝਾਨ ਖ਼ਤਮ ਕੀਤਾ ਜਾਵੇਗਾ? -ਖ਼ਤਮ ਕਰਨ ਦਾ ਕੀ ਸਵਾਲ ਹੈ। ਅਸੀਂ ਕਦੇ ਇਸ ਤਰ੍ਹਾਂ ਦੀਆਂ ਕਮਲੀਆਂ ਗੱਲਾਂ ਵਿਚ ਪਏ ਹੀ ਨਹੀਂ। ਇਹ ਲੋਕਾਂ ਨਾਲ ਫ਼ਰਾਡ ਹੈ। ਪੈਸੇ ਕੇਂਦਰ ਤੋਂ ਆ ਰਹੇ ਨੇ, ਤਸਵੀਰਾਂ ਇਹ ਅਪਣੀਆਂ ਲੁਆ ਰਹੇ ਨੇ। ਪੰਜਾਬ ਵਿਚ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਸੁਭਾਵਕ ਭਾਈਵਾਲ ਰਹੀਆਂ ਨੇ। ਇਸ ਰਿਸ਼ਤੇ ਨੂੰ ਤੁਸਾਂ ਹੀ ਤੋੜਿਐ। ਕੀ ਇਹ ਸਹੀ ਸੀ? -ਉਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਅਤੇ ਗ਼ੈਰ ਵਾਜਬ ਸੀ ਜੋ ਪੂਰੀ ਕਰਨੀ ਸੰਭਵ ਨਹੀਂ ਸੀ। ਉਹ ਅਪਣੇ ਆਪ ਨੂੂੰ ਵਧਾ ਕੇ ਗਿਣਦੇ ਨੇ। ਜੇ ਇਸੇ ਤਰ੍ਹਾਂ ਸੀ ਤਾਂ ਉਨ੍ਹਾਂ ਨੇ ਆਪਣੇ ਤੌਰ ’ਤੇ ਫਿਰ ਇਕ ਵੀ ਸੀਟ ਕਿਉਂ ਨਾ ਜਿੱਤੀ। ਉਹ ਤਾਂ ਆਪਣੇ ਤੌਰ ’ਤੇ ਬੁਢਲਾਢਾ ਸੀਟ ਵੀ ਨਾ ਜਿੱਤ ਸਕੇ। ਤੁਹਾਡੇ ਆਲੇ-ਦੁਆਲੇ ਦਾ ਘੇਰਾ ਜਿਵੇਂ ਦਾ ਵੀ ਹੋਵੇ, ਚਰਚਾ ਵਿਚ ਰਹਿੰਦਾ ਹੈ। ਕੋਈ ਕੋਸ਼ਿਸ਼ ਰਹੇਗੀ ਕਿ ਸਹਿਯੋਗੀਆਂ ਦਾ ਇਹ ਘੇਰਾ ਦੂਜਿਆਂ ਲਈ ਦੀਵਾਰ ਨਾ ਬਣ ਜਾਏ? -ਇਹ ‘ਕੋਟਰੀ’ ਵਾਲੀ ਕਹਾਣੀ ਤਾਂ ਐਂਵੇਂ ਪ੍ਰਾਪੇਗੰਡਾ ਜਿਹਾ ਹੈ। ਹੁਣ ਕਾਂਗਰਸ ਪ੍ਰਧਾਨ ਕੀ ਇਕੱਲਾ ਕੰਮ ਕਰੇ? ਮੇਰੇ ਨਾਲ ਮੀਤ ਪ੍ਰਧਾਨ ਸ. ਲਾਲ ਸਿੰਘ ਕੰਮ ਕਰ ਰਹੇ ਨੇ, ਕਾਂਗਰਸ ਦਫ਼ਤਰ ਦੇਖ ਰਹੇ ਨੇ। ਜਨਰਲ ਸਕੱਤਰ ਦੇ ਤੌਰ ’ਤੇ ਸ੍ਰੀ ਅਰਵਿੰਦ ਖੰਨਾ ਮੇਰੇ ਨਾਲ ‘ਅਟੈਚ’ ਨੇ। ਹੋਰ ਬਹੁਤ ਸਾਰੇ ਲੋਕ ਨੇ। ਹੁਣ ਕੋਈ ਮੇਰੇ ਸਾਥੀਆਂ ਤੇ ਸਹਿਯੋਗੀਆਂ ਨੂੰ ‘ਕੋਟਰੀ’ ਆਖੇ ਤਾਂ ਕੀ ਕਰੀਏ। ਬਿਓਰੋਕ੍ਰੇਸੀ ਤਿੰਨ ਹਿੱਸਿਆਂ ਵਿਚ ਵੰਡੀ ਗਈ ਹੈ। ਇਕ ਕਾਂਗਰਸ ਪੱਖੀ, ਇਕ ਅਕਾਲੀ ਪੱਖੀ ਅਤੇ ਇਕ ਉਹ ਅਫ਼ਸਰ ਹਨ ਜਿਹੜੇ ਕਾਂਗਰਸ ਵੇਲੇ ਕਾਂਗਰਸੀ ਅਤੇ ਅਕਾਲੀਆਂ ਵੇਲੇ ਅਕਾਲੀ ਹੋ ਜਾਂਦੇ ਹਨ? ਇਸ ਵਰਤਾਰੇ ਬਾਰੇ ਕੀ ਕਹੋਗੇ? -ਅਕਾਲੀ ਪੱਖੀ ਤਾਂ ਹੁਣ ਬਹੁਤ ਥੋੜ੍ਹੇ ਰਹਿ ਗਏ ਹਨ ਕਿਉਂਕਿ ਅਕਾਲੀਆਂ ਤੋਂ ਤਾਂ ਹੁਣ ਅਫ਼ਸਰ ਵੀ ਅੱਕੇ ਪਏ ਹਨ। ਅਕਸਰ ਉਨ੍ਹਾਂ ਨੇ ਵੀ ਪੰਜਾਬ ਵਿਚ ਰਹਿਣਾ ਹੈ। ਜਿਹੜੇ ਉਨ੍ਹਾਂ ਨਾਲ ਨਜ਼ਰ ਵੀ ਆਉਂਦੇ ਨੇ, ਉਹ ਵੀ ਦਿਲੋਂ ਉਨ੍ਹਾਂ ਨਾਲ ਨਹੀਂ ਨੇ। ਬਹੁਤ ਸਾਰੇ ਅਫ਼ਸਰ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਰੁਝਾਨ ਚੰਗਾ ਕਿ ਮਾੜਾ? -ਹਾਂ ਇਹ ਬੜੀ ਕਮਾਲ ਗੱਲ ਹੈ। ਡੀ.ਜੀ.ਪੀ. ਚੋਣ ਲੜੇਗਾ, ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਚੋਣ ਲੜੇਗਾ। ਹਲਕੇ ਚੁਣ ਲਏ ਗਏ ਨੇ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਚੋਣ ਲੜਨ ਦੇ ਚਾਹਵਾਨ ਅਫ਼ਸਰਾਂ ਨੂੰ ਸਰਕਾਰੀ ਕੁਰਸੀਆਂ ’ਤੇ ਬਹਿਣ ਦਾ ਕੀ ਹੱਕ ਹੈ? ਜਦ ਉਨ੍ਹਾਂ ਨੇ ਸੋਚ ਹੀ ਲਿਐ, ਮਨ ਬਣਾ ਲਿਐ ਕਿ ਚੋਣ ਲੜਨੀ ਹੈ ਤਾਂ ਅਕਸਰ ਕਿਸੇ ਪਾਰਟੀ ਵਲੋਂ ਚੋਣ ਲੜਨਗੇ। ਇਸ ਦਾ ਮਤਲਬ ਹੈ ਕਿ ਅੱਜ ਸਰਕਾਰੀ ਅਹੁਦਿਆਂ ’ਤੇ ਬੈਠ ਕੇ ਉਸ ਪਾਰਟੀ ਦਾ ਦਮ ਭਰਣਗੇ, ਉਸ ਪਾਰਟੀ ਦਾ ਕੰਮ ਕਰਨਗੇ। ਸਰਕਾਰੀ ਵਰਦੀ ਪਾ ਕੇ ਚੋਣਾਂ ਦੀ ਤਿਆਰੀ ਕਰਨੀ ਕਿਥੋਂ ਤਕ ਜਾਇਜ਼ ਹੈ? ਰਾਜਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਦਾ ਇਸਤੇਮਾਲ ਕਿਥੇ ਤਕ ਜਾਇਜ਼? -ਅਕਾਲੀਆਂ ਨੇ ਇਹਦਾ ਸੌਖਾ ਰਾਹ ਕੱਢ ਲਿਐ। ਅਸੰਬਲੀ ਹਲਕਿਆਂ ਦੇ ਅਨੁਸਾਰ ਪੁਲਿਸ ਅਧਿਕਾਰੀ ਲਾ ਕੇ ਉਨ੍ਹਾਂ ਨੂੰ ਵਿਧਾਇਕ ਵਰਤ ਰਹੇ ਨੇ ਪਰ ਹੌਲੇ ਹੌਲੇ ਸਿਫ਼ਾਰਸ਼ਾਂ ਪੁਆ ਕੇ ਲੱਗੇ ਡਿਪਟੀ ਤੇ ਥਾਣੇਦਾਰ ਵੀ ਹੁਣ ਅੰਦਰੋਂ ਔਖੇ ਨੇ। ਪਰ ਇਨ੍ਹਾਂ ਹਾਲਾਤ ਵਿਚ ਰਾਜਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਦਾ ਇਸਤੇਮਾਲ ਹੋਵੇ ਤਾਂ ਹੈਰਾਨੀ ਦੀ ਕੀ ਗੱਲ ਹੈ? ਚੋਣਾਂ ਸਿਰ ’ਤੇ ਨੇ। ਸੁਭਾਵਕ ਹੈ ਗਰਮੀ ਵਧੇਗੀ? ਕੀ ਮੁੜ ਤਲਖ਼ ਮਾਹੌਲ ਬਣੇਗਾ ਜਾਂ ਦੋਹਾਂ ਧਿਰ ਨੇ ਸਮਝ ਲਿਐ ਕਿ ਲੜਾਈ ਮੁੱਦਿਆਂ ਦੀ ਹੋਵੇ, ਸ਼ਬਦਾਂ ਦੀ ਨਹੀਂ? -ਲੜਾਈ ਮੁੱਦਿਆਂ ਦੀ ਹੀ ਹੋਵੇਗੀ। ਬਹੁਤ ਮੁੱਦੇ ਨੇ, ਜਿਨ੍ਹਾਂ ’ਤੇ ਗੱਲ ਕਰਨ ਦੀ ਲੋੜ ਹੈ, ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਕੇਂਦਰ ਪੰਜਾਬ ਕਾਂਗਰਸ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਟਾਲ ਰਿਹੈ? -ਕਾਂਗਰਸ ਨੇ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਲੜਨੀਆਂ ਨਹੀਂ। ਇਸ ਕਰ ਕੇ ਕਾਂਗਰਸ ਦੀ ਕੋਈ ਦਿਲਚਸਪੀ ਨਹੀਂ ਹੈ। ਸਾਡੇ ਭਾਣੇ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਹੋਣ ਕਿਉਂਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਹੋਣਗੀਆਂ ਤਾਂ ਅਕਾਲੀ ਧੜੇ ਇਕਜੁਟ ਨਹੀਂ ਰਹਿਣਗੇ, ਇਕ ਦੂਜੇ ਵਿਰੁਧ ਨਿੱਤਰਣਗੇ। ਸੱਚ ਪੁੱਛੋ ਤਾਂ ਸਾਡੇ ਲਈ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਕਲ੍ਹ ਹੁੰਦੀਆਂ, ਅੱਜ ਹੋਣ। ਤੁਹਾਡੀ ਹੀ ਪਾਰਟੀ ਦੇ ਕੁੱਝ ਆਗੂਆਂ ਦਾ ਵਿਚਾਰ ਹੈ ਕਿ ਕਾਂਗਰਸ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ? -ਕਾਂਗਰਸ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਦੇ ਦਖ਼ਲ ਦੇਂਦੀ ਹੀ ਨਹੀਂ। ਅਸੀਂ ਕਿਸੇ ਧਾਰਮਕ ਮੁੱਦੇ ’ਚ ਦਖ਼ਲ ਨਹੀਂ ਦਿੰਦੇ। ਇਹ ਸਾਡੀ ਪਾਰਟੀ ਦੀ ਸੋਚ ਦੇ ਘੇਰੇ ਤੋਂ ਬਾਹਰ ਹੈ। ਪਰ ਰਾਜਨੀਤੀ ਨੂੰ ਪਾਸੇ ਰੱਖ ਦਈਏ ਤਾਂ ਕੀ ਕੋਈ ਸਿੱਖ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦਿਲਚਸਪੀ ਨਹੀਂ ਲੈ ਸਕਦਾ ਜਾਂ ਫਿਰ ਵੋਟ ਨਹੀਂ ਪਾ ਸਕਦਾ। ਇਹ ਕਿਸੇ ਵੀ ਸਿੱਖ ਦਾ ਹੱਕ ਹੈ। ਕਾਮਨਵੈਲਥ, ਆਦਰਸ਼ ਘੋਟਾਲਾ, 2 ਜੀ ਸਪੈਕਟ੍ਰਮ ਤੇ ਹੋਰ ਬਹੁਤ ਕੁੱਝ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ‘ਡਿਫ਼ੈਂਸਿਵ’ ’ਤੇ ਹੈ? ਪੰਜਾਬ ਚੋਣਾਂ ’ਚ ਕਾਂਗਰਸ ’ਤੇ ਇਹਦਾ ਕੋਈ ਅਸਰ ਰਹੇਗਾ? -ਪੰਜਾਬ ’ਚ ਇਹਦਾ ਕੋਈ ਅਸਰ ਨਹੀਂ ਜੇ ਹੋਣਾ। ਕਾਮਨਵੈਲਥ, ਆਦਰਸ਼ ਤੇ 2ਜੀ ਤਾਂ ਚੰਦ ਲੋਕ ਜਾਣਦੇ ਨੇ। ਪੰਜਾਬ ਦਾ ਅਸਲ ਮੁੱਦਾ ਹੈ ਪੰਜਾਬ ਦਾ ਭ੍ਰਿਸ਼ਟਾਚਾਰ ਜਿਸ ਦਾ ਸ਼ਿਕਾਰ ਆਮ ਬੰਦਾ ਰੋਜ਼ ਹੋ ਰਿਹਾ ਹੈ। ਪੰਜਾਬ ’ਚ ਭ੍ਰਿਸ਼ਟਾਚਾਰ ਮੁੱਦਾ ਰਹੇਗਾ ਪਰ ਮੁੱਦਾ ਰਹੇਗਾ ਥਾਣਿਆਂ, ਤਹਿਸੀਲਾਂ, ਪਟਵਾਰੀਆਂ ਤੇ ਹੋਰ ਮਹਿਕਮਿਆਂ ਤੇ ਅਹੁਦਿਆਂ ਨਾਲ ਜੁੜਿਆ ਭ੍ਰਿਸ਼ਟਾਚਾਰ। ਲੋਕਾਂ ਨੂੰ ਪੁੱਛ ਕੇ ਵੇਖੋ, ਰੋਜ਼ ਉਨ੍ਹਾਂ ਨਾਲ ਕੀ ਹੋ ਰਿਹਾ ਹੈ? ਮੌਜੂਦਾ ਵਿਧਾਇਕਾਂ ਨੂੰ ਟਿਕਟ ਮਿਲੇਗੀ ਕਿ ਨਹੀਂ, ਜ਼ਿਲ੍ਹਾ ਪ੍ਰਧਾਨ ਚੋਣ ਲੜ ਸਕਣਗੇ ਕਿ ਨਹੀਂ। ਇਨ੍ਹਾਂ ਗੱਲਾਂ ਨੂੰ ਲੈ ਕੇ ਕਾਂਗਰਸ ਅੰਦਰ ਤਨਾਅ ਹੈ। ਅਸਲ ਸਥਿਤੀ ਕੀ ਹੈ? -ਐਸਾ ਕੋਈ ਫ਼ੈਸਲਾ ਨਹੀਂ ਹੈ ਕਿ ਮੌਜੂਦਾ ਸਾਰੇ 44 ਵਿਧਾਇਕਾਂ ਨੂੰ ਟਿਕਟ ਮਿਲੇਗੀ। ਐਸਾ ਵੀ ਕੋਈ ਫ਼ੈਸਲਾ ਨਹੀਂ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ। ਇਸ ਬਾਰੇ ਵਿਚ ਅੰਤਮ ਨਿਰਣਾ ਅਜੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਲੈਣਾ ਹੈ। ਰਾਜ ਵਿਚ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਪ੍ਰਬੰਧਕੀ ਸੁਧਾਰਾਂ ਅਤੇ ਸੇਵਾ ਦੇ ਅਧਿਕਾਰ ਸਬੰਧੀ ਕਾਨੂੂੰਨ ਨਾਲ ਆਮ ਲੋਕਾਂ ਨੂੰ ਰਾਹਤ ਪੁਚਾਉਣ ਦੇ ਦਾਅਵੇ ਸਦਕਾ ਕੀ ਅਕਾਲੀ ਦਲ ਨੂੰ ਫ਼ਾਇਦਾ ਮਿਲੇਗਾ? -ਫ਼ਾਇਦਾ ਕਿਉਂ ਮਿਲੇਗਾ। ਲੋਕ ਸਮਝਦੇ ਹਨ। ਤੁਸੀਂ ਦੱਸੋ, ਸੇਵਾ ਮੁਹਈਆ ਕਰਾਉਣ ਲਈ ਵਖਰੇ ਕਾਨੂੰਨ ਦੀ ਕੀ ਲੋੜ ਹੈ। ਲੋਕਾਂ ਦੀ ਸੇਵਾ ਸਰਕਾਰ ਦਾ ਫਰਜ਼ ਹੈ, ਕਾਨੂੂੰਨ ਬਣਾਉਣ ਦਾ ਮਤਲਬ ਹੈ, ਸਰਕਾਰ ਅਪਣੇ ਫ਼ਰਜ਼ ਦੀ ਅਦਾਇਗੀ ਨਹੀਂ ਕਰ ਰਹੀ। ਸਰਕਾਰਾਂ ਸੇਵਾ ਲਈ ਹੀ ਹੁੰਦੀਆਂ ਹਨ ਤੇ ਸਰਕਾਰ ਕੰਮ ਕਰੇ ਇਹਦੇ ਲਈ ਕਾਨੂੂੰਨ ਦੀ ਨਹੀਂ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੋਹਾਲੀ ਹਵਾਈ ਅੱਡੇ ਨੂੰ ਅੰ੍ਰਿਮਤਸਰ ਹਵਾਈ ਅੱਡੇ ਦੀ ਕੀਮਤ ’ਤੇ ਪ੍ਰਫੁਲਤ ਕੀਤਾ ਜਾ ਰਿਹੈ? -ਨਹੀਂ, ਐਸੀ ਕੋਈ ਗੱਲ ਨਹੀਂ। ਮੇਰੇ ਸਮੇਂ ਵੀ ਹਲਵਾਰਾ ਅਤੇ ਆਦਮਪੁਰ ਨੂੰ ਕੌਮਾਂਤਰੀ ਹਵਾਈ ਅੱਡਿਆਂ ਵਜੋਂ ਵਿਕਸਤ ਕਰਨ ਦੀ ਗੱਲ ਹੋਈ ਸੀ ਪਰ ਇਹ ਦੋਵੇਂ ਥਾਵਾਂ ਲੋੜੀਂਦੀਆਂ ਸ਼ਰਤਾਂ ’ਤੇ ਖ਼ਰੀਆਂ ਨਹੀਂ ਉ¤ਤਰ ਸਕੀਆਂ। ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮੋਹਾਲੀ ਹਵਾਈ ਅੱਡੇ ਲਈ ਜ਼ਮੀਨ ‘ਐਕਵਾਇਰ’ ਕਰਨ ਦਾ ਕੰਮ ਅਪਣੇ ਸਮੇਂ ਮੈਂ ਹੀ ਸ਼ੁਰੂ ਕਰਵਾੲਆ ਸੀ। ਕੋਈ ਮਾੜੀ ਗੱਲ ਨਹੀਂ ਕਿ ਪੰਜਾਬ ਕੋਲ ਦੋ ਕੌਮਾਂਤਰੀ ਹਵਾਈ ਅੱਡੇ ਹੋਣ, ਇਕ ਪਛਮੀ ਪੰਜਾਬ ਲਈ ਅਤੇ ਇਕ ਪੂਰਬੀ ਪੰਜਾਬ ਲਈ। ਸ਼ਹਿਰੀ ਵੋਟ ਬੈਂਕ ਭਾਜਪਾ ਅਪਣਾ ਸਮਝਦੀ ਹੈ ਤੇ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਇਸ ਵਿਚ ਸੰਨ੍ਹ ਲਾਉਣ ਦੀ ਤਿਆਰੀ ਵਿਚ ਹਨ? ਕਾਂਗਰਸ ਕੀ ਕਰੇਗੀ? -ਸ਼ਹਿਰੀ ਵੋਟਰ ਨੂੰ ਨਿਰਣਾ ਕਰਨ ਦਿਓ। ਅਸੀਂ ਵੀ ਰੋਜ਼ ‘ਫ਼ੀਡਬੈਕ’ ਲੈਂਦੇ ਹਾਂ। ਭਾਜਪਾ ਦੀ ਤਾਂ ਬਿਲਕੁਲ ਛੁੱਟੀ ਸਮਝੋ, ਮੈਨੂੰ ਨਹੀਂ ਲੱਗਦਾ ਕਿ ਭਾਜਪਾ ਪੰਜਾਬ ਵਿਚੋਂ ਇਸ ਵਾਰ ਇਕ ਵੀ ਸੀਟ ਜਿੱਤ ਸਕੇਗੀ। ਮਨਪ੍ਰੀਤ ਦੀ ਕੋਈ ਗੰਲ ਨਹੀਂ, ਕੋਈ ਏਜੰਡਾ ਨਹੀਂ, ਸ਼ਹਿਰੀ ਵੋਟਰ ਦਾ ਕਾਂਗਰਸ ਵਲ ਝੁਕਾਅ ਹੈ ਅਤੇ ਅਸੀਂ ਉਨ੍ਹਾਂ ਦੀਆਂ ਆਸਾਂ ’ਤੇ ਖ਼ਰੇ ਉਤਰਣ ਨੂੰ ਤਿਆਰ ਹਾਂ। ਜੇ ਇਸ ਵਾਰ ਅਕਾਲੀ, ਭਾਜਪਾ ਤੇ ਬਸਪਾ ਇਕੱਠੇ ਹੋ ਗਏ, ਫੇਰ? -ਲਾਉਣ ਰੌਣਕਾਂ, ਚੰਗੀ ਗੱਲ ਐ। ਜਿਹੜਾ ਮਰਜ਼ੀ ਇਕੱਠਾ ਹੋ ਕੇ ਆ ਜਾਵੇ ਕਾਂਗਰਸ ਨੂੰ ਕੋਈ ਫ਼ਿਕਰ ਨਹੀਂ। ਉਂਜ ਜੇ ਰਾਸ਼ਟਰੀ ਪਰਿਪੇਖ ਵਿਚ ਵੇਖੀਏ ਤਾਂ ਬਸਪਾ ਤੇ ਭਾਜਪਾ ਦਾ ਇਕੱਠੇ ਚਲਣਾ ਬੜਾ ਔਖੈ। ਜਿਹੜੇ ਉ¤ਤਰ ਪ੍ਰਦੇਸ਼ ਵਿਚ, ਕੇਂਦਰ ਵਿਚ ਇਕ ਦੂਜੇ ਨੂੰ ਵੇਖ ਨਹੀਂ ਸੁਖਾਂਦੇ ਉਹ ਪੰਜਾਬ ਵਿਚ ਇਕੱਠੇ ਕਿਵੇਂ ਹੋਣਗੇ? ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦੀ ਰੌਂਅ ਵਿਚ ਹਨ, ਕੀ ਸਲਾਹ ਹੈ? -ਚੌਟਾਲਾ ਵੀ 50 ਸਾਲ ਰਾਜ ਕਰਨ ਦੀ ਗੱਲ ਕਰਦੇ ਸਨ। ਸੱਤ ਸੀਟਾਂ ਮਿਲੀਆਂ ਸਨ, ਇਨ੍ਹਾਂ ਨੇ 25 ਸਾਲ ਰਾਜ ਕਰਨੈ ਤਾਂ ਇਨ੍ਹਾਂ ਦੇ ਹਿੱਸੇ ਸਾਢੇ ਤਿੰਨ ਆਉਂਦੀਆਂ ਨੇ ਪਰ ਸ਼ਾਇਦ ਥੋੜ੍ਹੀਆਂ ਵੱਧ ਮਿਲ ਜਾਣ। ਤਿੰਨਾਂ ਵਿਚੋਂ ਚੋਣ ਕਰਨੀ ਹੋਵੇ ਤਾਂ ਕੌਣ ਚੰਗਾ ਮੁੱਖ ਮੰਤਰੀ ਹੋ ਸਕਦੈ? ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਕੇ ਮਨਪ੍ਰੀਤ ਸਿੰਘ ਬਾਦਲ? -ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਅਜੇ ਵੀ ਪਿੰਡਾਂ ਦੇ ਲੋਕਾਂ ਵਿਚ ਗੱਲ ਹੈ। ਸੁਖਬੀਰ ਸਿੰਘ ਬਾਦਲ ਦਾ ਕੋਈ ਅਕਸ ਨਹੀਂ ਹੈ। ਉਸ ਨੂੰ ਲੋਕ ਉਤਾਵਲਾ ਅਤੇ ਹੰਕਾਰੀ ਸਮਝਦੇ ਹਨ। ਮਨਪ੍ਰੀਤ ਸਿੰਘ ਬਾਦਲ ਹੈ ਤਾਂ ਵਕੀਲ ਬਣਿਆ ਆਰਥਕ ਮਾਹਿਰ ਫਿਰਦਾ ਹੈ। ਮੈਂ ਤੁਹਾਨੂੰ ਪੰਜਾਬੀ ਵਿਚ ਦਸਦਾ ਹਾਂ। ਪ੍ਰਕਾਸ਼ ਸਿੰਘ ਬਾਦਲ ਮੀਸਣਾ, ਸੁਖਬੀਰ ਸਿੰਘ ਬਾਦਲ ਦਬੰਗ ਅਤੇ ਮਨਪ੍ਰੀਤ ਸਿੰਘ ਬਾਦਲ ਮੀਸਣਾ ਹੈ। ਬੜੇ ਦਾਅਵੇ ਰਹੇ ਕਿ ਬੜੇ ਅਕਾਲੀ ਵਿਧਾਇਕ ਸਾਡੇ ਸੰਪਰਕ ਵਿਚ ਹਨ, ਕੁੱਝ ਨਹੀਂ ਬਣਿਆ? ਕਿਉਂ? -ਸਾਡੇ ਫ਼ਾਇਦੇ ਵਿਚ ਨਹੀਂ ਸੀ। ਉਨ੍ਹਾਂ ਨੂੰ ਲੈ ਕੇ ਵੀ ਅਸੀਂ ਸਰਕਾਰ ਨਹੀਂ ਸੀ ਬਣਾ ਸਕਦੇ। ਉਹ ਸਾਡੇ ਨਾਲ ਆ ਜਾਂਦੇ ਤਾਂ ਸੀਟਾਂ ਖ਼ਾਲੀ ਹੁੰਦੀਆਂ, ਜ਼ਿਮਨੀ ਚੋਣਾਂ ਹੁੰਦੀਆਂ ਤੇ ਜ਼ਿਮਨੀ ਚੋਣਾਂ ਤੁਹਾਨੂੰ ਪਤੈ ਸਰਕਾਰ ਵਿਚ ਹੁੰਦੇ ਅਕਾਲੀਆਂ ਨੇ ਧੱਕਾ ਕਰ ਜਾਣਾ ਸੀ। ਇਸ ਲਈ ਅਸੀਂ ਅਪਣੇ ‘ਹਮਦਰਦ ਆਗੂਆਂ’ ਨੂੰ ਉਨ੍ਹਾਂ ਦੇ ਪਾਲੇ ਵਿਚ ਹੀ ਬੈਠੇ ਰਹਿਣ ਦਿਤਾ। ਰੱਬ ਨਾ ਕਰੇ, ਜੇ ‘ਲੰਗੜੀ’ ਅਸੰਬਲੀ ਬਣੀ, ਫ਼ਿਰ? -‘ਹੰਗ’ ਅਸੰਬਲੀ ਦਾ ਕੋਈ ਸਵਾਲ ਹੀ ਨਹੀਂ। ਹੂੰਝਾ ਫੇਰੂ ਜਿੱਤ ਪ੍ਰਾਪਤ ਕਰਾਂਗੇ। ਸਿੱਧੀ ਸਰਕਾਰ ਬਣਾਵਾਂਗੇ, ਠੋਕਵੀਂ। ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ’ਤੇ ਕੀ ਕੇਂਦਰ ਤਕ ਪਹੁੰਚ ਕਰਨ ਦੀ ਲੋੜ ਹੈ? -ਅਸਲ ਵਿਚ ਇਹ ਹੋਣਾ ਹੀ ਨਹੀਂ ਸੀ ਚਾਹੀਦਾ। ਜਿਹੜਾ ਵਿਅਕਤੀ 16 ਸਾਲ ਜੇਲ ਵਿਚ ਰਿਹੈ, 8 ਸਾਲ ਫਾਂਸੀ ਦੇ ਫ਼ੰਦੇ ਵਲ ਵੇਖਦਾ ਰਿਹੈ, ਉਸ ਨੇ ਉਮਰ ਕੈਦ ਤੋਂ ਵੱਧ ਤਾਂ ਪਹਿਲਾਂ ਹੀ ਹੰਢਾ ਲਿਆ ਹੈ। ਇਹ ਮਾਮਲਾ ਹੁਣ ਫਿਰ ਸੁਪਰੀਮ ਕੋਰਟ ਸਾਹਮਣੇ ਹੈ ਪਰ ਮੈਂ ਪਹਿਲਾਂ ਹੀ ਇਸ ਮਾਮਲੇ ’ਤੇ ਸ੍ਰੀਮਤੀ ਸੋਨੀਆ ਗਾਂਧੀ ਨਾਲ ਗੱਲ ਕੀਤੀ ਹੈ। ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਤੁਹਾਡੇ ਅਤੇ ਸ. ਸੁਖਬੀਰ ਸਿੰਘ ਬਾਦਲ ਵਿਚਕਾਰ ਸਮਝੌਤਾ ਹੋ ਗਿਆ ਹੈ? -ਨਹੀਂ, ਬਾਦਲ ਮੇਰੇ ਸਿਆਸੀ ਵਿਰੋਧੀ ਨੇ, ਸਮਝੌਤੇ ਵਾਲੀ ਕੋਈ ਗੱਲ ਨਹੀਂ। ਕਿਸੇ ਦੀ ਮਾਤਾ ਦੇ ਅਫ਼ਸੋਸ ’ਤੇ ਜਾਣਾ ਜਾਂ ਕਿਸੇ ਨੂੰ ਕਿਸੇ ਸਮਾਗਮ ’ਤੇ ਮਿਲਣ ਸਮੇਂ ਉਹਦੇ ਨਾਲ ਬਹਿਣ ਦਾ ਮਤਲਬ ਸਮਝੌਤਾ ਨਹੀਂ ਹੁੰਦਾ। ਇਹ ਤਾਂ ਸਮਾਜਕ ਸ਼ਿਸ਼ਟਾਚਾਰ ਦੀ ਗੱਲ ਹੈ। ਪੰਜਾਬ ’ਚ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਕੰਮ ਕਿਹੜੇ ਹਨ? -ਬਿਜਲੀ, ਪ੍ਰਦੂਸ਼ਣ ਕੰਟਰੋਲ ਅਤੇ ਪੰਜਾਬ ਦਾ ਸਨਅਤੀਕਰਨ। ਆਗਾਮੀ ਚੋਣਾਂ ’ਚ ਰਣਇੰਦਰ ਸਿੰਘ ਲਈ ਕੋਈ ਭੂਮਿਕਾ ਤੈਅ ਕੀਤੀ ਹੈ? -ਮੇਰਾ ਖ਼ਿਆਲ ਹੈ ਉਹ ਵਿਧਾਨ ਸਭਾ ਵਿਚ ਦਿਲਚਸਪੀ ਨਹੀਂ ਰੱਖਦਾ। ਉਹਦੀ ਪਹਿਲ ਸ਼ਾਇਦ ਪਾਰਲੀਮੈਂਟ ਹੀ ਹੈ। ਮੇਰੇ ਨਾਲ ਜੇ ਕੋਈ ਗੱਲ ਕਰੇਗਾ, ਤਾਂ ਵੇਖਾਂਗੇ।
-
ਐਚ ਐਸ ਬਾਵਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.