ਪੰਜਾਬ ਦੇ ਫੇਫੜਿਆਂ ਨੂੰ ਆਕਸੀਜਨ ਦੇਣ ਯਤਨ ਹੈ ਹਰਿਆਵਲ ਲਹਿਰ
ਇਹ ਵਾਕਿਆ 1980 ਦਾ ਹੈ। ਸ਼ਾਮ ਦਾ ਸਮਾਂ ਸੀ। ਟ੍ਰਿਬਿਊਨ ਦੀ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਸੰਪਾਦਕ ਦੀ ਕੁਰਸੀ 'ਤੇ ਬੈਠੇ ਬਰਜਿੰਦਰ ਸਿੰਘ ਨੇ ਆਪਣੇ ਕਾਗਜ਼, ਪੈੱਨ ਤੇ ਹੋਰ ਸਮਾਨ 'ਕੱਠਾ ਕਰਕੇ ਬ੍ਰੀਫ ਕੇਸ ਵਿਚ ਪਾਇਆ। ਕਮਰੇ ਵਿਚੋਂ ਬਾਹਰ ਆ ਕੇ ਬਰਾਮਦੇ ਵਿਚ ਇਕ ਦੋ ਕਦਮ ਹੀ ਤੁਰੇ ਸਨ। ਫੇਰ ਇਸ ਤਰ੍ਹਾਂ ਵਾਪਸ ਮੁੜੇ ਜਿਵੇਂ ਕੁਛ ਭੁੱਲ ਆਏ ਹੋਣ।ਕਮਰੇ ਵਿਚ ਜਾ ਕੇ ਉਨ੍ਹਾਂ ਪੱਖੇ ਅਤੇ ਬਿਜਲੀ ਦੇ ਬਟਨ ਬੰਦ ਕੀਤੇ ਤੇ ਬਾਹਰ ਆ ਗਏ। ਮੈਂ ਉਨ੍ਹਾਂ ਦੇ ਇਸ ਕਰਮ 'ਤੇ ਖੁਸ਼ ਵੀ ਹੋਇਆ ਅਤੇ ਹੈਰਾਨ ਵੀ। ਇੰਨਾ ਵੱਡਾ ਸੰਪਾਦਕ ਕਿੰਨੀ ਛੋਟੀ-ਛੋਟੀ ਗੱਲ ਦਾ ਖ਼ਿਆਲ ਰੱਖਦਾ ਸੀ। ਹਾਲਾਂਕਿ ਟ੍ਰਿਬਿਊਨ ਵਿਚ ਉਨ੍ਹਾਂ ਦੇ ਨਾਲ ਸੇਵਾਦਾਰ ਵੀ ਸਨ ਪਰ ਉਨ੍ਹਾਂ ਇਹ ਨਹੀਂ ਸੋਚਿਆ ਕਿ ਚਲੋ ਆਪੇ ਬਿਜਲੀ ਬੰਦ ਕਰ ਲੈਣਗੇ।
ਦੂਜੀ ਘਟਨਾ ਕਈ ਵਰ੍ਹੇ ਫਿਲਾਣ ਉਦੋਂ ਦੀ ਹੈ ਜਦੋਂ ਅਜੇ ਫੈਕਸ ਮਸ਼ੀਨਾਂ ਸ਼ੁਰੂ ਹੀ ਹੋਈਆਂ ਸਨ।ਚੰਡੀਗੜ੍ਹ ਅਜੀਤ ਦਫ਼ਤਰ ਵਿਚੋਂ ਮੈਂ ਕੋਈ ਫੈਕਸ ਸੰਦੇਸ਼ ਬਰਜਿੰਦਰ ਸਿੰਘ ਲਈ ਭੇਜਿਆ।ਫੈਕਸ ਸੁਨੇਹਾ ਮਿਲਣਸਾਰ ਹੀ ਭਾਅ ਜੀ ਦਾ ਫ਼ੋਨ ਆਇਆ ,'' ਐਨਾ ਕਾਗ਼ਜ਼ ਖ਼ਰਾਬ ਕਿਓਂ ਕਰਦੇ ਹੋ।ਜੋ ਕੁਝ ਲਿਖਿਐ ਇਹ ਤਾਂ ਅੱਧੇ ਸਫ਼ੇ ਤੋਂ ਵੀ ਥੋੜ੍ਹਾ ਹੈ ਤੇ ਇਸ ਲਈ ਪੂਰਾ ਕਾਗ਼ਜ਼ ਖ਼ਰਾਬ ਹੋ ਗਿਐ।'' ਕਹਿਣ ਲੱਗੇ ਕਾਗ਼ਜ਼ ਹੀ ਨਹੀਂ ਅਜਾਈਂ ਜਾਂਦਾ , ਇਸ ਨਾਲ ਰੱਖਣ ਦੀ ਕਟਾਈ ਵੀ ਜੁੜੀ ਹੋਈ ਹੈ।'' ਉਨ੍ਹਾ ਦੀ ਨਸੀਹਤ ਤੋਂ ਬਾਅਦ ਜਿੰਨੀ ਕੁ ਲਿਖਤ ਹੋਣੀ, ਅਸੀ ਂਉਨ੍ਹਾਂ ਕੁ ਕਾਗ਼ਜ਼ ਹੀ ਫੈਕਸ ਤੇ ਲਾਉਣਾ ਸ਼ੁਰੂ ਦਿਤਾ।
ਉਂਝ ਵੀ ਜਿਸ ਕਿਸੇ ਨੂੰ ਵੀ ਕਦੇ ਬਰਜਿੰਦਰ ਸਿੰਘ ਨੇ ਚਿੱਠੀ ਲਿਖੀ,ਉਹ ਹਰ ਕੋਈ ਜਾਣਦੈ ਕਿ ਉਹ ਚਿੱਠੀ ਪੱਤਰ ਲੈ ਵਰ੍ਹਿਆਂ ਤੋਂ ਹੀ ਜੋ ਲੈਟਰ ਪੈਡ ਵਰਤਦੇ ਨੇ ਇਹ ਅੱਧੇ ਸਫ਼ੇ ਤੋਂ ਵੀ ਛੋਟਾ ਹੁੰਦੈ।ਅਜਿਹਾ ਕਰਨ ਪਿੱਛੇ ਵੀ ਸ਼ਾਇਦ ਉਨ੍ਹਾ ਦੀ ਕੋਸ਼ਿਸ਼ ਕਾਗ਼ਜ਼ ਦੀ ਹੋ ਸਕਦੀ ਬੱਚਤ ਦੀ ਭਾਵਨਾ ਹੋ ਹੁੰਦੀ ਹੈ।ਬਰਜਿੰਦਰ ਸਿੰਘ ਦੇ ਜ਼ਾਤੀ ਤੌਰ ਤੇ ਨੇੜੇ ਰਹੇ ਲਗਭਗ ਸਭ ਜਾਣਦੇ ਨੇ ਕਿ ਉਹ ਡੰਡਾ ਨੂੰ ਬੁਰਸ਼ ਕਰਨ ਸਮੇਂ ਵੀ ਵਾਸ਼ ਬੇਸਿਨ ਵਿੱਚ ਪਾਣੀ ਦੀ ਟੂਟੀ ਵਿੱਚੋਂ ਵਗਦੇ ਅਜਾਈਂ ਪਾਣੀ ਤੇ ਦੁਖੀ ਹੁੰਦੇ ਨੇ ।ਇਸ ਨਜ਼ਰੀਏ ਦਾ ਸਬੰਧ ਵਾਤਾਵਰਣ ਅਤੇ ਚੌਗਿਰਦੇ ਦੀ ਸੰਭਾਲ ਨਾਲ ਹੈ।ਲਗਭਗ 30 ਵਰ੍ਹੇ ਉਨ੍ਹਾ ਨਾਲ ਕੰਮ ਕਰਦਿਆਂ ਮੈਂ ਦੇਖਿਆ ਕਿ ਦੋ ਮਾਮਲਿਆਂ ਵਿਚ ਉਹ ਪੂਰੀ ਸ਼ਿੱਦਤ ਨਾਲ ਲਿਖਦੇ ਅਤੇ ਹਰ ਤਰ੍ਹਾਂ ਦੀ ਲਿਖਣ ਦੀ ਪੂਰੀ ਖੁੱਲ੍ਹ ਦਿੰਦੇ ਸਨ।ਇੱਕ ਪਰਦੂਸ਼ਤ ਹੋ ਰਹੇ ਵਾਤਾਵਰਨ ਦੀ ਸੰਭਾਲ ਅਤੇ ਦੂਜਾ ਪੰਜਾਬੀ ਭਾਸ਼ਾ ਦੇ ਹੱਕ ਵਿਚ।ਪੰਜਾਬੀ ਮਾਂ ਬੋਲੀ ਦੀ ਸਾਂਭ- ਸੰਭਾਲ ਅਤੇ ਇਸਦੇ ਪ੍ਰਚਾਰ -ਪਰਸਾਰ ਅਤੇ ਪੰਜਾਬੀ ਨਾਲ ਹੋ ਰਹੇ ਵਿਤਕਰੇ ਦੇ ਖ਼ਿਲਾਫ਼ ਤਾਂ ਪੂਰੇ ਭਾਵੁਕ ਲੇਖਣੀ ਨੂੰ ਵੀ ਉਹ ਹਰੀ ਝੰਡੀ ਦੇ ਦਿੰਦੇ ਸਨ।
ਹਰਿਆਵਲ ਲਹਿਰ ਹੈ ਪੰਜਾਬ ਬਚਾਊ ਉੱਦਮ
ਖ਼ੈਰ, ਇਸ ਵੇਲੇ ਗੱਲ ਵਾਤਾਵਰਨ ਦੀ ਸੰਭਾਲ ਅਤੇ ਰੁੱਖ ਦੀ ਹੈ।ਬਰਜਿੰਦਰ ਸਿੰਘ ਵੱਲੋਂ ਕੁਝ ਹਫ਼ਤੇ ਪਹਿਲਾਂ ਜੁਲਾਈ 2011 ਵਿਚ ਸ਼ੁਰੂ ਕੀਤੀ ਗਈ ਅਜੀਤ ਹਰਿਆਵਲ ਲਹਿਰ ਨੂੰ ਇਸੇ ਪ੍ਰਸੰਗ ਅਤੇ ਪਿਛੋਕੜ ਵਿਚ ਦੇਖਣਾ ਬਣਦਾ ਹੈ।ਵੰਨ ਸੁਵੰਨੇ ਰੁੱਖ ਲਾਉਣ ਦਾ ਸ਼ੌਕ ਉਨ੍ਹਾ ਦਾ ਬਹੁਤ ਪੁਰਾਣਾ ਹੈ ਪਰ ਦਿਨੋਂ ਦਿਨ ਰੁੰਡ -ਮਰੁੰਡ ਹੋਕੇ ਦੂਸ਼ਿਤ ਹੋ ਰਹੇ ਪੰਜਾਬ ਨੂੰ ਹਰਾ -ਭਰਾ ਬਨਾਉਣ ਲਈ ਇਕ ਲੋਕ ਲਹਿਰ ਉਸਾਰਨ ਦਾ ਅਜੀਤ ਰਾਹੀਂ ਕੀਤਾ ਤਾਜ਼ਾ ਉੱਦਮ ਬਹੁਤ ਦੂਰਗਾਮੀ ਨਤੀਜਿਆਂ ਵਾਲਾ ਹੈ।ਇਸ ਲਹਿਰ ਵੱਡੇ ਪੱਧਰ ਤੇ ਹਰ ਵਰਗ ਅਤੇ ਦੇਸ਼ ਵਿਦੇਸ਼ ਦੇ ਪੰਜਾਬੀਆਂ ਵੱਲੋਂ ਮਿਲੇ ਹੁੰਗਾਰੇ ਦੇ ਸਿੱਟੇ ਵਜੋਂ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਰੁੱਖ ਲਏ ਜਾ ਰਹੇ ਨੇ ਜਿਸ ਨਾਲ ਸਾਡੇ ਸੂਬੇ ਦੀ ਆਬੋ- ਹਵਾ ਸਫ਼ਾਈ ਵਿੱਚ ਬਹੁਤ ਮੱਦਦ ਮਿਲੇਗੀ। ਪੰਜਾਬ ਵਿਚ ਜੰਗਲਾਤ ਹੇਠਲਾ ਰਕਬਾ ਸਿਰਫ਼ 6 ਫ਼ੀਸਦੀ ਹੀ ਰਹਿ ਗਿਆ ਹੈ ਹੈ ਜਦੋਂ ਕਿ ਭਾਰਤ ਦਾ ਜੰਗਲਾਤ ਹੇਠਲਾ ਕੌਮੀ ਔਸਤਨ ਰਕਬਾ 33 ਫ਼ੀ ਸਦੀ ਹੈ।ਰਾਜਸਥਾਨ ਵਰਗੇ ਰੇਤਲੇ ਸੂਬੇ ਵਿਚ ਵੀ ਜੰਗਲਾਤ ਹੇਠਲਾ ਰਕਬਾ ਸਾਢੇ 9 ਫ਼ੀਸਦੀ ਹੈ।ਪੰਜਾਬ ਸਰਕਾਰ ਨੇ 2017 ਤੱਕ ਸੂਬੇ ਵਿਚ ਜੰਗਲਾਤ ਹੇਠਲੇ ਰਕਬੇ ਨੂੰ 15 ਫ਼ੀਸਦੀ ਤੱਕ ਲਿਜਾਣ ਦਾ ਟੀਚਾ ਹੈ ਪਰ ਸਭ ਨੂੰ ਪਤੈ ਕਿ ਲੋਕਾਂ ਦੀ ਸ਼ਿਰਕਤ ਤੋ ਬਿਨਾਂ ਸਰਕਾਰੀ ਸਕੀਮਾਂ ਆਮ ਤੌਰ ਤੇ ਕਾਗ਼ਜ਼ੀ ਬਣਕੇ ਰਹਿ ਜਾਂਦੀਆਂ ਨੇ।ਇਹ ਵੀ ਸਭ ਨੂੰ ਪਤੈ ਕਿ ਸਰਕਾਰਾਂ ਅਤੇ ਅਫ਼ਸਰਸ਼ਾਹੀ ਨੇ ਪਿਛਲੇ ਸਮੇਂ ਦੌਰਾਨ ਕਿਸ ਤਰ੍ਹਾਂ ਪੰਜਾਬ ਵਿਚ ਯੋਜਨਾਹੀਣ, ਵਿਓਂਤ-ਹੀਣ ਅਤੇ ਬੇਹਿਸਾਬੀਆਂ ਕਲੋਨੀਆਂ ਅਤੇ ਸ਼ਹਿਰੀ ਉਸਾਰੀਆਂ ਕਰਵਾਕੇ ਪੰਜਾਬ ਆ ਮੂੰਹ ਮੱਥਾ ਵੀ ਵਿਗਾੜਿਐ ਅਤੇ ਹਰਿਆਲੀ ਨੂੰ ਵੀ ਰਗੜਾ ਫੇਰਿਐ। ਪਰਦੂਸ਼ਣ ਦੇ ਬਹੁਪੱਖੀ ਕਾਰਨ ਨੇ ਤੇ ਇਸ ਨੂੰ ਘਟਾਉਣ ਲਈ ਢੰਗ-ਤਰੀਕੇ ਵੀ ਅਨੇਕਾਂ ਨੇ।ਪਰ ਰੁੱਖ ਅਤੇ ਜੰਗਲਾਤ , ਚੌਗਿਰਦੇ ਦੀ ਕੁਦਰਤੀ ਢੰਗ ਨਾਲ ਸੰਭਾਲ ਲਈ ਲਈ ਇੱਕ ਬਹੁਤ ਅਹਿਮ ਹਿੱਸਾ ਹੈ।ਜੰਗਲਾਤ ਹੇਠਲੇ ਰਕਬੇ ਦੇ ਘਟਨ ਨਾਲ ਸਿਰਫ਼ ਹਵਾ ਪਾਣੀ ਦੇ ਪਰਦੂਸ਼ਣ ਵਿੱਚ ਹੀ ਵਾਧਾ ਨਹੀਂ ਹੁੰਦਾ ਸਗੋਂ ਜੰਗਲੀ ਜੀਵ , ਪਸ਼ੂ-ਪੰਛੀ ਅਤੇ ਵੰਨ ਪ੍ਰਾਣੀਆਂ ਦੀਆਂ ਉਹ ਨਸਲਾਂ ਵੀ ਖ਼ਤਮ ਹੋ ਰਹੀਆਂ ਨੇ ਜਿਨ੍ਹਾਂ ਦੀ ਹੋਂਦ ਮਨੁੱਖੀ ਜੀਵਨ ਲਈ ਬੇਹੱਦ ਲਾਜ਼ਮੀ ਹੈ।ਅਜੀਤ ਵੱਲੋਂ ਸ਼ੁਰੂ ਕੀਤੀ ਗਈ ਹਰਿਆਵਲ ਮੁਹਿੰਮ ਅਸਲ ਵਿੱਚੋਂ ਪੰਜਾਬ ਬਚਾਊ ਮੁਹਿੰਮ ਕਹੀ ਜਾ ਸਕਦੀ ਹੈ।ਰੁੱਖ,ਵਣ ਅਤੇ ਹਰਿਆਲੀ ਸਿਰਫ਼ ਸਾਡੇ ਅਰਥਚਾਰੇ ਸਾਡੇ ਚੌਗਿਰਦੇ ਦਾ ਹੀ ਨਹੀਂ ਸਗੋਂ ਸਾਡੇ ਰੋਜ਼ਾਨਾ ਜੀਵਨ ਅਤੇ ਸਾਡੇ ਪੰਜਾਬੀ ਸਭਿਆਚਾਰ ,ਅਦਬ ਅਤੇ ਰਹਿਣੀ- ਬਹਿਣੀ ਦਾ ਵੀ ਇਹ ਅਹਿਮ ਅੰਗ ਨੇ ।ਜਦੋਂ ਅਜਿਹਾ ਉੱਦਮ ਕੋਈ ਕਰਦਾ ਹੈ ਤਾਂ ਇਸ ਨਾਲ ਕਈ ਕਿੰਤੂ ਪ੍ਰੰਤੂ ਜੁੜੇ ਹੁੰਦੇ ਨੇ ਪਰ ਜਦੋਂ ਬਰਜਿੰਦਰ ਸਿੰਘ ਵਰਗੀ ਸੰਸਥਾ-ਰੂਪੀ ਕੋਈ ਮੀਡੀਆ ਹਸਤੀ ਜਾਂ ਸੋਸ਼ਲ ਐਕਟਿਵਿਸਟ ਕਰੇ ਤਾਂ ਲੋਕਾਂ ਦਾ ਸਾਥ ਮਿਲਣਾ ਸੁਭਾਵਕ ਹੁੰਦੈ ਹੈ।ਇਸ ਲਹਿਰ ਦਾ ਬੱਸ ਇਕੋ ਹੀ ਪਹਿਲੂ ਖ਼ਿਆਲ ਰੱਖਣ ਵਾਲਾ ਹੈ -ਉਹ ਹੈ- ਲਾਏ ਰੁਖ਼ਾਂ ਦੀ ਸਾਂਭ ਸੰਭਾਲ ।ਆਮ ਤੌਰ ਤੇ ਸਰਕਾਰੀ ਅਦਾਰਿਆਂ ਜਾਂ ਜੰਗਲਾਤ ਮਹਿਕਮੇ ਵੱਲੋਂ ਹਰ ਸਾਲ ਲਾਏ ਜਾਂਦੇ ਰੁਖ਼ਾਂ ਵਿੱਚੋਂ ਕਾਫ਼ੀ ਹਿੱਸਾ ਸੰਭਾਲ ਖੁਣੋਂ ਨਸ਼ਟ ਹੋ ਜਾਂਦੈ ਜਾਂ ਟੁੱਟ ਫ਼ੁੱਟ ਜਾਂਦੈ।ਮੇਰਾ ਸੁਝਾਅ ਇਹ ਹੈ ਕਿ ਜੰਗਲਾਤ ਲਈ ਕੁੱਲ ਖ਼ਰਚੀ ਜਾਣ ਵਾਲੀ ਰਾਸ਼ੀ ਵਿੱਚੋਂ 40 ਜਾਂ 50 ਫ਼ੀਸਦੀ ਪਹਿਲਾਂ ਹੀ ਟ੍ਰੀ ਗਾਰਡਜ਼,ਕੰਡਿਆਲੀ ਤਾਰ ਜਾਂ ਸੰਭਾਲ ਲਈ ਚੁੱਕੇ ਜਾਣ ਵਾਲੇ ਕਦਮਾਂ ਵਾਸਤੇ ਰੱਖ ਲੈਣਾ ਚਾਹੀਦਾ ਹੈ।ਵੈਸੇ ਹੁਣ ਪਹਿਲਾਂ ਨਾਲੋਂ ਇਸ ਪੱਖ ਵੱਲ ਕਾਫ਼ੀ ਧਿਆਨ ਦਿੱਤਾ ਜਾਣ ਲੱਗਾ ਹੈ ਪਰ ਅਜੇ ਪੂਰਾ ਨਹੀਂ।ਮੇਰੀ ਰਾਏ ਅਨੁਸਾਰ ਰੁੱਖ ਲਾਉਣ ਵੇਲੇ ਵੱਧ ਤੋਂ ਵੱਧ ਪੰਜਾਬ ਦੇ ਰਵਾਇਤੀ ਅਤੇ ਖ਼ਾਸ ਕਰਕੇ ਫਲਦਾਰ ਰੁੱਖ ਵਧੇਰੇ ਲਏ ਜਾਣ।ਫਲ ਵਾਲੇ ਦਰਖ਼ਤ ਵੀ ਉਹ ਜਿਨ੍ਹਾਂ ਦੇ ਫਲ ਪੰਛੀ ਅਤੇ ਜਨੌਰ ਦਾ ਮਨਪਸੰਦ ਖਾਣਾ ਹੋਣ ਅਤ ਜਿਹੜੇ ਜਨੌਰਾਂ ਦੇ ਰਹਿਣ -ਸਹਿਣ ਲਈ ਢੁਕਵੇਂ ਹੋਣ।ਇੱਕ ਵਾਰ ਰਾਕ ਦੇ ਨਿਰਮਾਤਾ ਨੇਕ ਚੰਦ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾ ਨੇ ਤੂਤ ਦੇ ਬਹੁਤ ਸਾਰੇ ਰੁੱਖ ਇਸ ਲਈ ਲਾਏ ਕਿਉਂਕਿ ਇਨ੍ਹਾ ਦਾ ਫਲ ਪੰਛੀ ਬੜੇ ਸ਼ੌਕ ਨਾਲ ਖਾਂਦੇ ਨੇ।ਸਾਡੀ ਸਭ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਿਰਫ਼ ਅਜੀਤ ਹਰਿਆਵਲ ਲਹਿਰ ਹੀ ਸਫ਼ਲ ਨਾ ਹੋਵੇ ਸਗੋਂ ਵਾਤਾਵਰਨ ਦੀ ਸੰਭਾਲ ਅਜਿਹੀਆਂ ਹੋਰ ਲੋਕ-ਲਹਿਰਾਂ ਸ਼ੁਰੂ ਵੀ ਹੋਣ ਅਤੇ ਕਾਮਯਾਬ ਵੀ ਹੋਣ ਭਾਵੇਂ ਇਸ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਣ, ਜਾਂ ਹਰਸਿਮਰਤ ਕੌਰ ਬਦਲ ਦੀ ਨੰਨ੍ਹੀ ਛਾਂ ਤੇ ਜਾਂ ਫਿਰ ਸੂਬੇ ਦੀ ਆਬੋ ਹਵਾ ਨੂੰ ਸਵੱਛ ਬਨਾਉਣ ਵਾਲੀ ਬੇਕਿਰਕ ਮਹਿੰਮ ਦੇ ਮੋਹਰੀ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਣ॥
ਮੈਂ ਵੀ ਪਾਲੇ ਨੇ ਚੰਦਨ ਤੇ ਸੁਪਾਰੀ ਦੇ ਰੁੱਖ
ਰੁੱਖ ਅਤੇ ਹਰਿਆਵਲ ਮੇਰੀ ਵੀ ਬਹੁਤ ਪਸੰਦ ਨੇ ।ਮੇਰੀ ਬੀਵੀ ਵਣ-ਪੌਦਿਆਂ ਦਾ ਸ਼ੌਕ ਤਾਂ ਖ਼ਬਤ ਦੀ ਹੱਦ ਤਕ ਹੈ।ਅਸੀਂ ਜਿਥੇ -ਜਿਥੇ ਵੀ ਰਹੇ, ਉਥੇ ਆਲੇ- ਦੁਆਲੇ ਨੂੰ ਵੰਨ-ਸੁਵੰਨੀ ਵਨਸਪਤੀ ਨਾਲ ਹਰਾ -ਭਰਾ ਰੱਖਣ ਦੇ ਯਤਨ ਵਿਚ ਰਹਿੰਦਾ ਹਾਂ।ਚੰਡੀਗੜ੍ਹ ਵਿਚ ਚੰਦਨ (ਸੰਦਲ)ਦਾ ਇਕੋ ਦਰਖ਼ਤ ਹੈ, ਉਹ ਮੈਂ ਅਤੇ ਮੇਰੇ ਪਰਿਵਾਰ ਨੇ ਪਾਲਿਆ ਤੇ ਵੱਡਾ ਕੀਤੈ।ਬੇਸ਼ੱਕ ਇਸ ਦੀ ਤਕਨੀਕੀ ਸੰਭਾਲ ਦੀ ਜਾਣਕਾਰੀ ਨਾ ਹੋਣ ਕਾਰਨ , ਝੱਖੜ ਨਾਲ ਇਹ ਦੋ ਵਾਰ ਟੁੱਟ ਗਿਆ,ਇਸ ਲਈ ਛਾਂਗਣਾ ਪਿਆ ਪਰ ਇਸ ਦੀ ਉਮਰ 10 ਸਾਲ ਤੋਂ ਉੱਪਰ ਹੋ ਚੁੱਕੀ ਹੈ।ਇਸ ਦੀ ਦਿੱਖ ਬਹੁਤ ਖ਼ੂਬਸੂਰਤ ਹੈ।ਚੰਦਨ ਦਾ ਇਹ ਪੌਦਾ , ਸਾਡੇ ਬਹੁਤ ਹੀ ਨਿੱਘੇ ਪਰਿਵਾਰਕ ਦੋਸਤ ਸਵਰਨ ਸਿੰਘ ਨੇ ਆਪਣੀ ਕੰਪਨੀ ਵਿਮਕੋਂ ਦੀ ਰੁਦਰਪੁਰ ਨਰਸਰੀ ਵਿੱਚੋਂ ਲਿਆਕੇ ਦਿਤਾ ਸੀ । ਉਨ੍ਹਾ ਨੇ ਮੇਰੇ ਵਿਆਹ ਦੀ ਵਰ੍ਹੇਗੰਢ ਤੇ ਸਾਨੂੰ ਮੀਆਂ- ਬੀਵੀ ਨੂੰ ਤੋਹਫ਼ੇ ਵਜੋਂ ਦਿੱਤਾ ਸੀ।ਪੌਦਿਆਂ ਅਤੇ ਰੁੱਖਾਂ ਦੀ ਸੰਭਾਲ ਦਾ ਇੱਕ ਤਰੀਕਾ ਇਹ ਵੀ ਹੈ।ਪਿਆਰ ਨਾਲ ਕਿਸੇ ਸੱਜਣ ਮਿੱਤਰ ਵੱਲੋਂ ਆ ਅਜਿਹੀ ਸੁਗ਼ਾਤ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਹਰ ਕੋਈ ਕਰਦੈ। ਇਸੇ ਤਰ੍ਹਾਂ ਸੁਪਾਰੀ ਦਾ ਲਾਇਆ ਪੌਦਾ ਵੀ ਹੁਣ ਜਵਾਨੀ ਵਿਚ ਪੈਰ ਧਰ ਰਿਹਾ ਹੈ।ਆਸਾਮ ਵਿੱਚੋਂ ਗੁਹਾਟੀ ਤੋਂ ਸੁਪਾਰੀ ਦੇ ਕੁਝ ਪਲਾਂਟ ਲਿਆਂਦੇ ਸੀ ਪਰ ਚੱਲਿਆ ਇਕੋ ਹੀ।ਗੋਆ ਤੋਂ ਕਾਜੂ ਦੇ ਪੌਦੇ ਵੀ ਲਿਆਂਦੇ ਸੀ ਪਰ ਉਨ੍ਹਾ ਨੂੰ ਚੰਡੀਗੜ੍ਹ ਦਾ ਮੌਸਮ ਰਾਸ ਨਹੀਂ ਆਇਆ ਤੇ ਉਹ ਸਾਰੇ ਹੀ ਮਰ ਗਏ।ਹਾਂ, ਅਹਿਮਦਾਬਾਦ ਤੋਂ ਮੇਰੇ ਇੱਕ ਦੋਸਤ ਨੇ ਲਿਆ ਕੇ ਦਿੱਤਾ ਔਲ਼ੇ ਦਾ ਹਾਈਬ੍ਰਿਡ ਰੁੱਖ ਸਰਦੀ ਵਿਚ ਖ਼ੂਬ ਫਲ ਦਿੰਦਾ ਹੈ।
ਸਕੂਲੀ ਕੁੜੀਆਂ ਨੂੰ ਮੁਫਤ ਸਾਈਕਲ
ਨਿਤੀਸ਼ ਕੁਮਾਰ ਤੋਂ ਨਹੀਂ ਸਿੱਖਿਆ ਪੰਜਾਬ ਦੇ ਨੇਤਾਵਾਂ ਨੇ ...............
ਕੁੱਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਐਨ. ਡੀ. ਟੀ.ਵੀ. ਚੈਨਲ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਭ ਤੋਂ ਵਧੀਆ ਬੈਸਟ ਚੀਫ਼ ਮਨਿਸਟਰ ਦਾ ਇਨਾਮ ਦੇਣ ਲਈ ਬੁਲਾਇਆ ਸੀ।ਚੈਨਲ ਦੇ ਮੁਖੀ ਪ੍ਰਨਾਨਰਾਏ ਨੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਜੋ ਬਾਲਿਕਾ ਸਾਈਕਲ ਯੋਜਨਾ ਸ਼ੁਰੂ ਕੀਤੀ ਹੈ, ਇਸ ਨੂੰ ਲਾਗੂ ਕਰਨ ਲਈ ਸਕੂਲੀ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਕਿਉਂ ਦਿੱਤੀ ਗਈ? ਸਾਈਕਲ ਸਰਕਾਰ ਨੇ ਕਿਉਂ ਨਹੀਂ ਖਰੀਦ ਕੇ ਦਿੱਤੇ? ਕੀ ਇਸ ਰਾਸ਼ੀ ਦਾ ਦੁਰਵਰਤੋ ਨਹੀਂ ਹੋਇਆ ? ਨਿਤੀਸ਼ ਕੁਮਾਰ ਨੇ ਬਹੁਤ ਦਿਲਚਸਪ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਤਾਂ ਤੁਸੀਂ ਮੈਨੂੰ ਸਨਮਾਨਿਤ ਕਰਨ ਲਈ ਬੁਲਾਇਆ ਹੈ। ਜੇਕਰ ਮੈਂ ਸਰਕਾਰ ਵਲੋਂ ਥੋਕਂਚ ਸਾਈਕਲ ਖਰੀਦ ਕੇ ਦਿੱਤੇ ਹੁੰਦੇ ਤਾਂ ਤੁਸੀਂ ਸ਼ਾਇਦ ਮੈਨੂੰ ਇਥੇ ਕਟਹਿਰੇ ਵਿਚ ਖੜ੍ਹਾ ਕਰਕੇ ਸਾਈਕਲ ਸਕੈਂਡਲ ਦੇ ਬਾਰੇ ਪੁੱਛ ਰਹੇ ਹੁੰਦੇ। ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਸੋਚ ਸਮਝ ਕੇ ਹੀ ਲੜਕੀਆਂ ਨੂੰ ਨਕਦ ਰਾਸ਼ੀ ਦਿੱਤੀ। ਉਨ੍ਹਾਂ ਦੱਸਿਆ ਕਿ 86% ਲੜਕੀਆਂ ਨੇ ਸਾਈਕਲ ਖਰੀਦ ਲਈ ਹੈ। ਜਿਨ੍ਹਾਂ ਨੇ ਨਹੀਂ ਖਰੀਦੀ ਤਾਂ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਮੈਂ ਜਾਂ ਸਰਕਾਰ ਤਾਂ ਦੋਸ਼ੀ ਨਹੀਂ। ਸਾਡੀ ਇੱਛਾ ਹੈ ਕਿ ਸਾਰੀਆਂ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਇਹ ਸਹੂਲਤ ਹੋਵੇ।
ਨਿਤੀਸ਼ ਕੁਮਾਰ ਨੇ ਇਸ ਤੋਂ ਪਹਿਲਾਂ ਆਪਣੇ ਬਲਾਗ ਵਿਚ ਵੀ ਬਹੁਤ ਦਿਲਚਸਪ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਬਾਲਿਕਾ ਸਾਈਕਲ ਯੋਜਨਾ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਲਿਖਿਆ ਸੀ ਕਿ ਜਦ ਇਹ ਯੋਜਨਾ ਬਣੀ ਸੀ ਤਾਂ ਬਿਹਾਰ ਦੇ ਮਨੁੱਖੀ ਸਰੋਤ ਵਿਭਾਗ ਦੇ ਆਲ੍ਹਾ ਅਫ਼ਸਰਾਂ ਨੇ ਵੀ ਇਹ ਸਲਾਹ ਹੀ ਦਿੱਤੀ ਸੀ ਕਿ ਬਲਕ ਵਿਚ ਸਾਈਕਲ ਖਰੀਦ ਕੇ ਸਰਕਾਰ ਵਲੋਂ ਲੜਕੀਆਂ ਨੂੰ ਵੰਡੇ ਜਾਣ। ਅਫ਼ਸਰਾਂ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਹਰੇਕ ਸਾਈਕਲ 'ਤੇ ਬਿਹਾਰ ਸਰਕਾਰ ਦਾ ਇਨਸਿਗਨੀਆ (ਲੋਗੋ) ਪ੍ਰਿੰਟ ਹੋਵੇ। ਪਰ ਮੈਂ ਇਹ ਵਿਚਾਰ ਰੱਦ ਕਰ ਦਿੱਤਾ ਅਤੇ ਕਿਹਾ ਕਿ ਲੜਕੀਆਂ ਨੂੰ ਸਿੱਧੇ ਚੈਕ ਰਾਹੀਂ ਰਾਸ਼ੀ ਦੇ ਦਿੱਤੀ ਜਾਵੇ ਤਾਂ ਹਰੇਕ ਨੂੰ 2000/- ਰੁਪਏ ਸਾਈਕਲ ਖਰੀਦਣ ਲਈ ਦਿੱਤੇ ਗਏ। ਨਿਤੀਸ਼ ਕੁਮਾਰ ਨੇ ਬਲਾੱਗ ਵਿਚ ਅੱਗੇ ਲਿਖਿਆ ਸੀ ਕਿ ਇਸ ਸਕੀਮ ਤਹਿਤ 8.71 ਲੱਖ ਵਿਦਿਆਰਥਣਾਂ ਨੂੰ ਸਾਈਕਲ ਖਰੀਦਣ ਲਈ 174.36 ਕਰੋੜ ਰੁਪਏ ਦਿੱਤੇ ਗਏ।
ਇਹ ਕਦਮ ਇਕ ਸਮਾਜਿਕ ਤਬਦੀਲੀ ਦਾ ਜ਼ਰੀਆ ਬਣਿਆ। 2007 ਵਿਚ ਜਦੋਂ ਸਕੀਮ ਸ਼ੁਰੂ ਕੀਤੀ ਗਈ ਤਾਂ ਉਸ ਸਮੇਂ ਸਕੂਲ ਵਿਚ ਲੜਕੀਆਂ ਦੀ ਡਰਾਪ ਆਊਟ ਗਿਣਤੀ 25 ਲੱਖ ਸੀ, ਉਹ 2010 ਵਿਚ ਘੱਟ ਹੋ ਕੇ 10 ਲੱਖ ਰਹਿ ਗਈ। ਬਿਹਾਰ ਦੀਆਂ ਪਿਛਲੀਆਂ ਚੋਣਾਂ ਵਿਚ 10 ਫ਼ੀਸਦੀ ਜ਼ਿਆਦਾ ਔਰਤਾਂ ਵੋਟ ਪਾਉਣ ਆਈਆਂ ਸਨ।
ਨਿਤੀਸ਼ ਕੁਮਾਰ ਦੀ ਸਫ਼ਲਤਾ ਨੂੰ ਦੇਖ ਕੇ ਪੰਜਾਬ ਅਤੇ ਕੁੱਝ ਹੋਰ ਪ੍ਰਾਤਾਂ ਦੀਆਂ ਸਰਕਾਰਾਂ ਨੇ ਵੀ ਸਕੂਲ ਵਿਦਿਆਰਥੀਆਂ ਲਈ ਸਾਈਕਲ ਵੰਡਣ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸਾਈਕਲ ਉਦਯੋਗ ਨੂੰ ਇਕਦਮ ਕਰੋੜਾਂ ਦੇ ਆਰਡਰ ਮਿਲ ਗਏ ਹਨ। ਪੰਜਾਬ ਦੀ ਬਾਦਲ ਸਰਕਾਰ ਇਸ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ । ਹਾਲੇ ਸਰਕਾਰੀ ਖਰੀਦ ਤਾਂ ਹੋਈ ਨਹੀਂ ਸੀ ਪਹਿਲਾਂ ਇਸ ਸਾਈਕਲ ਸਕੀਮ ਤੋਂ ਰਾਜਨੀਤਕ ਲਾਭ ਲੈਣ ਲਈ ਸਾਈਕਲ ਦੇ ਰੰਗ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਕਿ ਇਹ ਅਕਾਲੀ ਦਲ ਅਤੇ ਬੀ.ਜੇ.ਪੀ. ਦੇ ਝੰਡੇ ਨਾਲ ਮਿਲਦਾ ਹੈ।ਤਜ਼ਵੀਜ਼ ਇਹ ਸੀ ਕਿ ਹਰ ਸਾਈਕਲ ਦਾ ਰੰਗ ਨੀਲਾ ਅਤੇ ਪੀਲਾ ਹੋਵੇਗਾ।
ਫੇਰ ਇਹ ਵੀ ਤਜਵੀਜ਼ ਬਣੀ ਕਿ ਇਸ 'ਤੇ ਬਾਦਲ ਦੀ ਫ਼ੋਟੋ ਵੀ ਲਾਈ ਜਾਵੇ। 11ਵੀਂ ਅਤੇ 12ਵੀਂ ਜਮਾਤ ਦੀਆਂ 1 ਲੱਖ 20 ਹਜ਼ਾਰ ਵਿਦਿਆਰਥਣਾਂ ਨੂੰ ਇਹ ਸਾਈਕਲ ਸੋਸ਼ਲ ਵੈਲਫੇਅਰ ਵਿਭਾਗ ਦੇ ਖਰਚੇ 'ਤੇ ਦਿੱਤਾ ਜਾਣਾ ਸੀ। ਇਸ ਨੂੰ ਮਾਈ ਭਾਗੋ ਸਿੱਖਿਆ ਸਕੀਮ ਦਾ ਨਾਮ ਦਿੱਤਾ ਗਿਆ ਹੈ। ਇਹ ਵੀ ਖਬਰਾਂ ਛੱਪ ਚੁੱਕੀਆਂ ਹਨ ਕਿ ਵਿਭਾਗ ਦੇ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਵੀ ਜ਼ਿਦ ਫੜ ਲਈ ਸੀ ਕਿ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਫ਼ੋਟੋ ਵੀ ਹਰੇਕ ਸਾਈਕਲ 'ਤੇ ਲਗਾਈ ਜਾਵੇ। ਇਹ ਸਾਈਕਲ 15 ਅਗਸਤ, 2011 ਤੱਕ ਦਿੱਤੇ ਜਾਣੇ ਸਨ। ਇਸ ਮੰਤਵ ਲਈ ਜੋ ਟੈਂਡਰ ਮੰਗਾਏ ਗਏ ਸਨ ਉਹ ਤਕਨੀਕੀ ਕਰਨਾ ਕਰਕੇ ਰੱਦ ਕਰਨੇ ਪਏ।ਸਕੀਮ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਹੀ ਇਹ ਪ੍ਰਭਾਵ ਚਲਾ ਗਿਆ ਕਿ ਇਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਰਾਜਨੀਤਕ ਲਾਭ ਲੈਣ ਲਈ ਸ਼ੁਰੂ ਕੀਤੀ ਜਾ ਰਹੀ ਹੈ।ਹੁਣ ਵੀ ਬਾਦਲ ਸਰਕਾਰ ਇਸ ਸਕੀਮ ਨੂੰ ਆਜ਼ਾਦੀ ਦਿਵਸ ਤੋਂ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਸ਼੍ਰੋਮਣੀ ਕਮੇਟੀ ਚੋਣਾਂ ਦੇ ਜ਼ਾਬਤੇ ਕਾਰਨ ਬਿਨ ਚੱਲਿਆਂ ਹੀ ਇਨ੍ਹਾ ਸਾਈਕਲਾਂ ਤੇ ਬਰੇਕਾਂ ਲੱਗ ਗਈਆਂ।ਵਿਚਾਰੀਆਂ ਕੁੜੀਆਂ-ਚਿੜੀਆਂ ਨੂੰ ਹੁਣ ਪਤਾ ਨਹੀਂ ਕਦੋਂ ਇਹ ਸਾਈਕਲ ਨਸੀਬ ਹੋਣਗੇ।
ਦੂਜੇ ਪਾਸੇ ਨਿਤੀਸ਼ ਕੁਮਾਰ ਨੇ ਇਸ ਸਕੀਮ ਨੂੰ ਇਸ ਹਿਸਾਬ ਨਾਲ ਲਾਗੂ ਕੀਤਾ ਹੈ ਕਿ ਉਹ ਵਿਵਾਦਾਂ ਵਿਚ ਨਾ ਘਿਰਨ ਅਤੇ ਉਨ੍ਹਾਂ ਦਾ ਅਕਸ ਵੀ ਜਨ-ਨਾਇਕ ਦਾ ਬਣਿਆ। ਪੰਜਾਬ ਦੇ ਨੇਤਾਵਾਂ ਨੇ ਨਿਤੀਸ਼ ਕੁਮਾਰ ਦੀ ਸਕੀਮ ਦੀ ਨਕਲ ਤਾਂ ਕੀਤੀ ਪਰ ਉਨ੍ਹਾਂ ਦੀ ਭਾਵਨਾ ਅਤੇ ਤਰੀਕੇ ਨੂੰ ਨਾ ਤਾਂ ਸਮਝਿਆ ਅਤੇ ਨਾ ਹੀ ਲਾਗੂ ਕੀਤਾ।
ਰਾਜੀਵ-ਲੋਂਗੋਵਾਲ ਸਮਝੌਤਾ-ਜਗਤਾਰ ਸਿੰਘ ਦੀ ਨਜ਼ਰਂਚ
ਹਰ ਵਰ੍ਹੇ ਵਾਂਗ ਇਸ ਵਾਰ ਵੀ ਜੁਲਾਈ ਅਤੇ ਅਗਸਤ ਦੋਹਾਂ ਮਹੀਨਿਆਂ ਵਿਚ ਹੀ 1985 ਵਿਚ ਹੋਏ ਰਾਜੀਵ-ਲੋਂਗੋਵਾਲ ਸਮਝੌਤੇ, ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਕਤਲ ਅਤੇ ਇਸ ਘਟਨਾਕ੍ਰਮ ਵਿਚ ਪ੍ਰਕਾਸ਼ ਸਿੰਘ ਬਾਦਲ,ਜਥੇਦਾਰ ਗੁਰਚਰਨ ਸਿੰਘ ਟੌਹੜਾ , ਸੁਰਜੀਤ ਸਿੰਘ ਬਰਨਾਲਾ,ਬਲਵੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਉਸ ਵੇਲੇ ਦੇ ਦਿੱਲੀ ਅਤੇ ਪੰਜਾਬ ਦੇ ਹੋਰ ਸਿਆਸਤਦਾਨਾ ਦੀ ਭੂਮਿਕਾ ਦੀ ਚਰਚਾ ਲਾਜ਼ਮੀ ਹੁੰਦੀ ਹੈ।ਇਸ ਮਾਮਲੇ ਤੇ ਹਰ ਸਾਲ ਇੱਕ ਦੂਜੇ ਤੇ ਦੂਸ਼ਣਬਾਜ਼ੀ ਵੀ ਖ਼ੂਬ ਹੁੰਦੀ ਹੈ। ਇਸ ਵਾਰ ਵੀ ਹੋਈ ਹੈ।20 ਅਗਸਤ ਨੂੰ ਲੋਂਗੋਵਾਲ ਦੀ ਬਰਸੀ ਮੌਕੇ ਫੇਰ ਸਾਰੇ ਨੇਤਾ ਇੱਕ ਦੂਜੇ ਤੇ ਨਜ਼ਲਾ ਝਾੜਨਗੇ।
ਇਸ ਦੌਰ ਵਿਚ ਜੋ ਕੁਝ ਵਾਪਰਿਆ,ਇਸ ਦੀ ਅਸਲੀਅਤ ਜਾਨਣ ਦੀ ਉਤਸੁਕਤਾ ਹਰੇਕ ਨੂੰ ਹੁੰਦੀ ਹੈ।ਇੰਡੀਅਨ ਐਕਸਪ੍ਰੈਸ ਵਿੱਚ ਲੰਮਾ ਸਮਾ ਕੰਮ ਕਰਦੇ ਰਹੇ ਚੰਡੀਗੜ੍ਹ ਦੇ ਨਾਮੀ ਪੱਤਰਕਾਰ ਜਗਤਾਰ ਸਿੰਘ ਨੇ ਉਸ ਦੌਰ ਵਿਚ ਵਾਪਰੀਆਂ ਘਟਨਾਵਾਂ ਅਤੇ ਸਭ ਸਿਆਸੀ ਪਾਤਰਾਂ ਦੀ ਭੂਮਿਕਾ ਬਾਰੇ ਜੋ ਦਸਤਾਵੇਜ਼ੀ ਤੱਥ ਦਰਜ ਕੀਤੇ ਹਨ,ਇਹ ਪੜ੍ਹਨੇ ਜ਼ਰੂਰੀ ਨੇ।ਉਸਨੇ ''ਖਾਲਿਸਤਾਨੀ ਸਟ੍ਰਗਲ-ਏ ਨਾਨ-ਮੂਵਮੈਂਟ'' ਦੇ ਟਾਈਟਲ ਹੇਠ ਜੂਨ ਮਹੀਨੇ ਵਿਚ ਜਾਰੀ ਕੀਤੀ ਆਪਣੀ ਕਿਤਾਬ ਵਿਚ 1978 ਤੋਂ ਲੈਕੇ ਸਨ 2000 ਤੱਕ ਦੇ ਪੰਜਾਬ ਦੇ ਉਥਲ-ਪੁਥਲ ਵਾਲੇ ਸਿਆਸੀ ਦੌਰ ਅਤੇ ਸਿੱਖ ਰਾਜਨੀਤੀ ਬਾਰੇ ਬਹੁਤ ਹੱਦਤਕ ਨਿਰਪੱਖ-ਬਿਆਨੀ ਕੀਤੀ ਗਈ ਹੈ ।ਇਸ ਵਿਚ ਰਾਜੀਵ -ਲੋਂਗੋਵਾਲ ਸਮਝੌਤੇ ਬਾਰੇ ਸਰਕਾਰੀ ਫਾਈਲਾਂ ਦੇ ਕੁਝ ਅਜਿਹੇ ਤੱਥ ਦਰਜ ਹਨ ਜੋ ਪਹਿਲਾਂ ਕਦੇ ਬਾਹਰ ਨਹੀਂ ਸਨ ਆਏ।
ਪਰ ਇਹ ਗੱਲ ਸਮਝੋਂ ਬਾਹਰ ਹੈ ਇਸ ਸਮਝੌਤੇ ਦੀ ਬੁਨਿਆਦ ਰੱਖਣ ਲਈ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੱਲੋਂ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਜਗਤਾਰ ਸਿੰਘ ਨੇ ਕਿਓਂ ਨਹੀਂ ਕੀਤਾ ? ਮੈਨੂੰ ਯਾਦ ਹੈ ਕਿ ਉਸ ਵੇਲੇ ਦੇ ਰਾਜਪਾਲ ਅਰਜੁਨ ਸਿੰਘ ਅਤੇ ਸੰਤ ਲੋਂਗੋਵਾਲ ਵਿਚਕਾਰ ਪਹਿਲੀ ਮਿਲਣੀ ਕਰਾਉਣ ਵਿਚ ਬਰਜਿੰਦਰ ਸਿੰਘ ਇੱਕ ਅਹਿਮ ਕੜੀ ਸਨ।ਇਹ ਵੀ ਜ਼ਿਕਰਯੋਗ ਹੈ ਕਿ ਇਸੇ ਦਿਸ਼ਾ ਵਿਚ ਅਕਾਲੀ ਦਲ ਨਾਲ ਗੱਲਬਾਤ ਕਰਨ ਦੀ ਸਰਕਾਰ ਦੀ ਨੀਅਤ ਦਰਸਾਉਂਦੀ ਪੇਸ਼ਕਸ਼ ਵੀ ਸਭ ਤੋਂ ਪਹਿਲਾਂ ਅਰਜੁਨ ਦੀ ਇੰਟਰਵਿਊ ਦੇ ਰੂਪ ਵਿਚ ਅਜੀਤ ਰਾਹੀਂ ਹੀ ਜੱਗ-ਜ਼ਾਹਰ ਕੀਤੀ ਗਈ ਸੀ।ਉਸ ਵੇਲੇ ਦੇ ਤਣਾਉ ਭਰੇ ਸਿਆਸੀ ਮਾਹੌਲ ਨੂੰ ਇੱਕ ਨਵਾਂ ਰੁਖ਼ ਦੇਣ ਵਿਚ ਇਸ ਇੰਟਰਵਿਊ ਨੇ ਹਾਂ-ਪੱਖੀ ਭੂਮਿਕਾ ਨਿਭਾਈ ਸੀ।ਸਵਰਗੀ ਡਾ ਅਤਰ ਸਿੰਘ ਅਤੇ ਕੁਝ ਹੋਰ ਸਿੱਖ ਵਿਦਵਾਨ ਵੀ ਇਸ ਮਾਮਲੇ ਵਿਚ ਸਰਗਰਮ ਰਹੇ ਸਨ।ਉਨ੍ਹਾ ਦਾ ਜ਼ਿਕਰ ਵੀ ਕਿਤਾਬ ਵਿਚ ਨਹੀਂ ਜੋ ਹੋਣਾ ਚਾਹੀਦਾ ਸੀ।
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
ਚੰਡੀਗੜ੍ਹ
15 - 08 - 2011
91-9915177722 E-mail: tirshinazar@gmail.com
-
COMMENTS ON AJIT HARIAVAL LEHAR,RAJIV -LONGOWAL ACCORD AND FREE CYCLES FOR GIRLS IN TIRCHHI NAZAR BY BALJIT BALLI-AUG.16-08-11,PUBLISHED IN MANY OVERS,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.