'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ 'ਅਜੀਤ ਹਰਿਆਵਲ ਲਹਿਰ' ਦੀ ਸ਼ੁਰੂਆਤ ਇਕ ਅਦਨਾ ਜਿਹਾ ਯਤਨ ਹੈ। ਉਸੇ ਤਰ੍ਹਾਂ ਦਾ ਜਿਵੇਂ ਸੂਰਜ ਨੇ ਡੁੱਬਣ ਲੱਗਿਆਂ ਕਿਹਾ ਸੀ, 'ਮੇਰੇ ਪਿੱਛੋਂ ਰੌਸ਼ਨੀ ਕੌਣ ਕਰੇਗਾ', ਤਾਂ ਇਕ ਕੰਬਦੀ ਲੋਅ ਵਾਲੇ ਦੀਵੇ ਨੇ ਕਿਹਾ ਸੀ, 'ਮੈਂ ਯਤਨ ਕਰਾਂਗਾ'।
ਸਾਡੀ ਪੰਜਾਬ ਵਿਚ ਆਰੰਭੀ ਇਸ ਲਹਿਰ ਦਾ ਮੰਤਵ ਕੁਝ ਬੇਹੱਦ ਗੰਭੀਰ ਹੋ ਰਹੀਆਂ ਸਮੱਸਿਆਵਾਂ ਵੱਲ ਆਪਣੇ ਲੋਕਾਂ ਦਾ ਧਿਆਨ ਦਿਵਾਉਣਾ ਹੈ। ਇਨ੍ਹਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਜੇਕਰ ਪੈਦਾ ਹੋਈ ਅਜਿਹੀ ਚੇਤਨਤਾ, ਸਭ ਦੀ ਸਰਗਰਮ ਭੂਮਿਕਾ ਨਾਲ ਇਕ ਲਹਿਰ ਬਣ ਸਕੇ ਤਾਂ ਅਸੀਂ ਆਪਣੇ ਇਨ੍ਹਾਂ ਯਤਨਾਂ ਨੂੰ ਸਾਰਥਿਕ ਹੋਏ ਮੰਨਾਂਗੇ। ਸਾਡੇ ਲਈ ਇਹ ਸੰਤੁਸ਼ਟੀ ਵਾਲੀ ਗੱਲ ਹੋਵੇਗੀ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਇਸ ਮਹਾਂਯੱਗ ਵਿਚ ਆਪਣੀ ਆਹੂਤੀ ਪਾਉਣ ਦੇ ਸਮਰੱਥ ਹੋ ਸਕੇ ਹਾਂ। ਗੁਰਬਾਣੀ ਦਾ ਵਾਕ ਹੈ :-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਅਜਿਹੀ ਭਾਵਨਾ ਤੋਂ ਉਲਟ ਅੱਜ ਬਣੇ ਦ੍ਰਿਸ਼ 'ਤੇ ਬੇਹੱਦ ਅਫ਼ਸੋਸ ਹੁੰਦਾ ਹੈ। ਸਾਡੀ ਹਵਾ ਜ਼ਹਿਰੀਲੀ ਹੋ ਰਹੀ ਹੈ। ਪਾਣੀ ਬੇਹੱਦ ਗੰਧਲਾ ਹੋ ਰਿਹਾ ਹੈ। ਮਿੱਟੀ ਵਿਚਲੇ ਜ਼ਰੂਰੀ ਤੱਤ ਖ਼ਤਮ ਹੁੰਦੇ ਜਾ ਰਹੇ ਹਨ ਤੇ ਇਹ ਮਾਰੂ ਰਸਾਇਣਾਂ ਨਾਲ ਭਰਪੂਰ ਬਣਦੀ ਜਾ ਰਹੀ ਹੈ। ਅਜਿਹਾ ਹੋਣ-ਵਾਪਰਨ 'ਤੇ ਵੀ ਅਸੀਂ ਇਨ੍ਹਾਂ ਪੱਖਾਂ ਤੋਂ ਬੇਧਿਆਨੇ ਅਤੇ ਬੇਪ੍ਰਵਾਹ ਹੋਏ ਪਏ ਹਾਂ। ਹਾਲਤ ਹੋਰ ਨਾਕਸ ਬਣਦੀ ਜਾ ਰਹੀ ਹੈ। ਪਰ ਬਣੀ ਇਸ ਸਥਿਤੀ ਪ੍ਰਤੀ ਸਾਡੀ ਚਿੰਤਾ ਵਿਚ ਵਾਧਾ ਨਹੀਂ ਹੋ ਰਿਹਾ। ਸ਼ਾਇਦ ਇਹ ਉਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਹਵਾ ਮਨੁੱਖੀ ਸਰੀਰ ਲਈ ਪੂਰੀ ਤਰ੍ਹਾਂ ਘਾਤਕ ਨਹੀਂ ਹੋ ਜਾਵੇਗੀ। ਪਾਣੀ ਜ਼ਹਿਰ ਨਹੀਂ ਬਣ ਜਾਏਗਾ ਅਤੇ ਚੌਗਿਰਦਾ ਜਿਊਣਯੋਗ ਨਹੀਂ ਰਹਿ ਜਾਏਗਾ। ਸੰਖੇਪ ਵਿਚ ਇਸ ਸਬੰਧੀ ਕੁਝ ਪ੍ਰਭਾਵ ਸਾਂਝੇ ਕਰਨਾ ਚਾਹਵਾਂਗਾ। ਛੋਟਾ ਜਿਹਾ ਸਾਂ, ਆਪਣੀ ਦਾਦੀ ਕੋਲ ਪਿੰਡ ਜਾ ਕੇ ਛੁੱਟੀਆਂ ਬਿਤਾਉਂਦਾ ਸਾਂ। ਅੰਬਾਂ ਦੇ ਅਨੇਕਾਂ ਬਾਗ ਹੁੰਦੇ ਸਨ। ਦਰੱਖਤਾਂ ਦੇ ਝੁੰਡਾਂ ਦੇ ਝੁੰਡ ਦਿਖਾਈ ਦਿੰਦੇ ਸਨ। ਇਸੇ ਤਰ੍ਹਾਂ ਬਾਕੀ ਛੁੱਟੀਆਂ ਵਿਚ ਆਪਣੀ ਨਾਨੀ ਕੋਲ ਜਾਇਆ ਕਰਦਾ ਸਾਂ। ਪਿੰਡ ਦੇ ਬਾਹਰ ਇਕ ਬਹੁਤ ਵੱਡੀ ਰੱਖ ਹੁੰਦੀ ਸੀ, ਜਿਸ ਨੂੰ ਝਿੜੀ ਕਹਿੰਦੇ ਸਨ। ਇਸ ਤੋਂ ਇਲਾਵਾ ਹੁੰਦੀ ਸੀ ਵੱਡੇ-ਛੋਟੇ ਦਰੱਖਤਾਂ ਦੀ ਸੰਘਣੀ ਛਾਂ। ਕਿੱਥੇ ਗੁਆਚ ਗਿਆ ਇਹ ਸਭ ਕੁਝ? ਕਿਉਂ ਗੁਆਚ ਗਿਆ ਇਹ ਸਭ ਕੁਝ? ਕੁਦਰਤ ਕਿਉਂ ਸਾਡੇ 'ਤੇ ਮਿਹਰਬਾਨ ਨਹੀਂ ਰਹੀ?
ਇਕ ਵਾਰ ਮੈਨੂੰ ਸ਼ਹਿਰ ਦੀ ਇਕ ਕਲੱਬ ਵਿਚ ਜਾਣ ਦਾ ਮੌਕਾ ਮਿਲਿਆ। ਉਸ ਦੇ ਮੈਂਬਰਾਂ ਨਾਲ ਮੈਂ ਆਪਣੀ ਜੀਵਨ-ਜਾਚ ਦੀਆਂ ਤਿੰਨ ਗੱਲਾਂ ਸਾਂਝੀਆਂ ਕੀਤੀਆਂ ਸਨ। ਮੈਂ ਕਿਹਾ ਸੀ, 'ਮੈਂ ਆਪਣੀ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੰਛੀਆਂ ਨੂੰ ਦਾਣਾ ਖੁਆਉਣ ਦਾ ਯਤਨ ਕੀਤਾ ਹੈ। ਵੱਧ ਤੋਂ ਵੱਧ ਪਾਣੀ ਬਚਾਉਣ ਦਾ ਯਤਨ ਕੀਤਾ ਹੈ। ਵੱਧ ਤੋਂ ਵੱਧ ਬੂਟੇ ਲਾਉਣ ਨੂੰ ਤਰਜੀਹ ਦਿੱਤੀ ਹੈ।'
ਪਰ ਸਮੁੱਚੇ ਤੌਰ 'ਤੇ ਅੱਜ ਇਨ੍ਹਾਂ ਪੱਖਾਂ ਬਾਰੇ ਸੋਚਦਿਆਂ ਵੱਡੀ ਨਿਰਾਸ਼ਾ ਹੀ ਹੁੰਦੀ ਹੈ। ਭਵਿੱਖ ਵੀ ਬੇਹੱਦ ਧੁੰਦਲਾ ਜਾਪਦਾ ਹੈ। ਸਨਅਤੀਕਰਨ, ਸ਼ਹਿਰੀਕਰਨ ਅਤੇ ਮਸ਼ੀਨੀਕਰਨ ਨੇ ਸਾਡੀਆਂ ਤਰਜੀਹਾਂ ਤਾਂ ਬਦਲ ਹੀ ਦਿੱਤੀਆਂ ਹਨ, ਸਾਡੇ ਵਾਤਾਵਰਨ ਅਤੇ ਸਾਡੀ ਧਰਤੀ ਦੇ ਨੈਣ-ਨਕਸ਼ ਵੀ ਬਦਲ ਕੇ ਰੱਖ ਦਿੱਤੇ ਹਨ। ਸਾਡੀ ਲਾਪਰਵਾਹੀ ਅਤੇ ਬੇਪਰਵਾਹੀ ਨੇ ਸਮੁੱਚਾ ਵਾਤਾਵਰਨ ਅਤੇ ਦ੍ਰਿਸ਼ ਹੀ ਬਦਲ ਦਿੱਤਾ ਹੈ।
ਹਰ ਤਰ੍ਹਾਂ ਦੇ ਅਤੇ ਹਰ ਪਾਸੇ ਫੈਲੇ ਪ੍ਰਦੂਸ਼ਣ ਨੇ ਜੀਣਾ ਮੁਹਾਲ ਕਰ ਦਿੱਤਾ ਹੈ। ਪ੍ਰਦੂਸ਼ਣ ਦੇ ਮਾਮਲੇ ਵਿਚ ਭਾਰਤ ਦੁਨੀਆ ਭਰ ਦੇ ਮੁਲਕਾਂ 'ਚੋਂ ਪੰਜਵੇਂ ਨੰਬਰ 'ਤੇ ਆਉਂਦਾ ਹੈ। ਆਪਣਾ ਲੁਧਿਆਣਾ ਪ੍ਰਦੂਸ਼ਣ ਦੇ ਪੱਖ ਤੋਂ ਪੰਜਾਬ ਵਿਚ ਪਹਿਲੇ ਸਥਾਨ 'ਤੇ ਹੈ। ਕੌਮੀ ਪੱਧਰ 'ਤੇ ਇਹ ਦੇਸ਼ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ੁਮਾਰ ਹੁੰਦਾ ਹੈ। ਤੇਜ਼ੀ ਨਾਲ ਫੈਲਦੇ ਇਸ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਨੇ ਜਕੜ ਲਿਆ ਹੈ।
ਵਾਹਨਾਂ, ਫੈਕਟਰੀਆਂ, ਖੇਤਾਂ ਵਿਚ ਨਾੜ ਸਾੜਨ ਲਈ ਅੱਗ ਲਾਉਣ, ਬਿਜਲੀ ਜਨਰੇਟਰਾਂ, ਥਰਮਲ ਪਲਾਂਟਾਂ ਅਤੇ ਸੀਵਰੇਜ ਦੇ ਨਾਕਸ ਪ੍ਰਬੰਧਾਂ ਨੇ ਲਗਾਤਾਰ ਇਸ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ। ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਧਰਤੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਇਸ ਦੀ ਉਤਪਾਦਿਕਤਾ ਨੂੰ ਲਗਾਤਾਰ ਘਟਾ ਰਹੀਆਂ ਹਨ।
ਭਾਰਤ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਅੱਜ ਦੁਨੀਆ ਵਿਚ ਹਰ ਛੇਵਾਂ ਵਿਅਕਤੀ ਭਾਰਤੀ ਹੈ। ਇਸ ਦੇ ਛੋਟੇ-ਵੱਡੇ ਸ਼ਹਿਰ ਲਗਾਤਾਰ ਫੈਲ ਰਹੇ ਹਨ। ਦਰਿਆਵਾਂ ਦਾ ਪਾਣੀ ਮਲੀਨ ਹੋ ਰਿਹਾ ਹੈ। ਕੀਟਨਾਸ਼ਕ ਦਵਾਈਆਂ ਨੇ ਧਰਤੀ ਵਿਚ ਪਲ ਰਹੇ ਜੀਵਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਸ਼ਹਿਰੀਕਰਨ ਦੇ ਵਧਦੇ ਵਰਤਾਰੇ ਤਹਿਤ ਲਗਾਤਾਰ ਨਵੇਂ ਮੁਹੱਲੇ ਅਤੇ ਕਾਲੋਨੀਆਂ ਉਸਰਨ ਨਾਲ ਵਾਹੀਯੋਗ ਖੇਤ, ਸੀਮੈਂਟ ਦੇ ਜੰਗਲਾਂ ਵਿਚ ਤਬਦੀਲ ਹੋ ਰਹੇ ਹਨ। ਪਾਣੀ ਦੀ ਬੇਲੋੜੀ ਤੇ ਹੱਦੋਂ ਵੱਧ ਵਰਤੋਂ ਨਾਲ ਪੰਜਾਬ ਵਿਚ ਹਰ ਸਾਲ ਧਰਤੀ ਹੇਠਲੇ ਪਾਣੀ ਦੀ ਸਤਹ ਡਿਗ ਰਹੀ ਹੈ। ਧਰਤੀ ਹੇਠ ਹਰ ਵਰ੍ਹੇ ਤਿੰਨ ਫੁੱਟ ਦੇ ਕਰੀਬ ਪਾਣੀ ਦੀ ਸਤਹ ਹੇਠਾਂ ਚਲੀ ਜਾਂਦੀ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬ ਦੇ 137 ਬਲਾਕਾਂ 'ਚੋਂ 116 ਬਲਾਕ ਪਾਣੀ ਪੱਖੋਂ ਖ਼ਤਰੇ ਵਾਲੇ ਐਲਾਨੇ ਗਏ ਹਨ, ਭਾਵ ਇਨ੍ਹਾਂ ਵਿਚ ਮਨੁੱਖੀ ਵਰਤੋਂ ਦੇ ਯੋਗ ਪਾਣੀ ਦੀ ਬੇਹੱਦ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਰਿਆਵਾਂ ਦੇ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਜਿਥੋਂ ਦੀ ਇਹ ਦਰਿਆ ਲੰਘਦੇ ਹਨ, ਉਥੇ ਉਨ੍ਹਾਂ ਦੇ ਨੇੜਲੇ ਸ਼ਹਿਰਾਂ ਦਾ ਸੀਵਰੇਜ ਅਤੇ ਸਨਅਤਾਂ ਦਾ ਗੰਧਲਾ ਪਾਣੀ ਇਨ੍ਹਾਂ ਵਿਚ ਰਲ ਰਿਹਾ ਹੈ, ਜਿਸ ਕਾਰਨ ਦਰਿਆਵਾਂ ਦੇ ਪਾਣੀ ਵਿਚ ਤੇਜ਼ਾਬੀ ਤੇ ਜ਼ਹਿਰੀਲੇ ਤੱਤ ਲਗਾਤਾਰ ਵਧਦੇ ਜਾ ਰਹੇ ਹਨ।
ਇਹ ਮਸਲਾ ਕੌਮਾਂਤਰੀ ਪੱਧਰ 'ਤੇ ਵੀ ਏਨਾ ਗੰਭੀਰ ਹੋ ਚੁੱਕਾ ਹੈ। ਇਸ ਸਬੰਧੀ ਅੱਜ ਦੁਨੀਆ ਭਰ ਵਿਚ ਚੇਤਨਤਾ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। 1972 ਵਿਚ ਸਟਾਕਹੋਮ ਵਿਚ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਕਾਨਫ਼ਰੰਸ ਸਿਰਫ ਵਾਤਾਵਰਨ ਨੂੰ ਸੰਭਾਲਣ 'ਤੇ ਜ਼ੋਰ ਦੇਣ ਲਈ ਕੀਤੀ ਗਈ ਸੀ। ਇਨ੍ਹਾਂ ਯਤਨਾਂ ਤਹਿਤ ਹਰ ਸਾਲ 5 ਜੂਨ ਨੂੰ ਦੁਨੀਆ ਭਰ ਵਿਚ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਜਿਥੋਂ ਤੱਕ ਦਰੱਖਤਾਂ ਦਾ ਸਬੰਧ ਹੈ, ਇਨ੍ਹਾਂ ਦੀ ਹਰ ਪੱਧਰ 'ਤੇ ਕਟਾਈ ਹੋਣ ਨਾਲ ਪੰਜਾਬ ਵਿਚ ਛੋਟੇ-ਵੱਡੇ ਜੰਗਲ ਲਗਭਗ ਖ਼ਤਮ ਹੋ ਗਏ ਹਨ। ਵਾਹਨਾਂ ਲਈ ਸੜਕਾਂ ਚੌੜੀਆਂ ਕੀਤੀਆਂ ਜਾਣ ਕਰਕੇ ਸੜਕਾਂ ਕੰਢੇ ਪੁਰਾਣੇ ਵੱਡੇ ਦਰੱਖਤ ਵੀ ਵੱਡੀ ਪੱਧਰ 'ਤੇ ਕੱਟੇ ਜਾ ਰਹੇ ਹਨ। ਅੱਜ ਵਾਤਾਵਰਨ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੇਰੇ ਹੋਣ ਦਾ ਵੱਡਾ ਕਾਰਨ ਦਰੱਖਤਾਂ ਦੀ ਲਗਾਤਾਰ ਕਟਾਈ ਹੈ। ਕੇਂਦਰ ਸਰਕਾਰ ਦੀ ਵਾਤਾਵਰਨ ਸਬੰਧੀ ਨੀਤੀ ਅਨੁਸਾਰ ਮੈਦਾਨੀ ਇਲਾਕਿਆਂ ਵਿਚ 22 ਫ਼ੀਸਦੀ ਅਤੇ ਪਹਾੜੀ ਇਲਾਕਿਆਂ ਵਿਚ 66 ਫ਼ੀਸਦੀ ਦਰੱਖਤ ਹੋਣੇ ਜ਼ਰੂਰੀ ਹਨ। ਦੇਸ਼ ਭਰ ਵਿਚ 33 ਫ਼ੀਸਦੀ ਧਰਤੀ ਦਰੱਖਤਾਂ ਅਤੇ ਜੰਗਲਾਂ ਨਾਲ ਢਕੀ ਹੋਣੀ ਚਾਹੀਦੀ ਹੈ। ਪਰ ਹਾਲਤ ਇਹ ਹੈ ਕਿ ਅੱਜ ਪੰਜਾਬ ਵਿਚ 5 ਫ਼ੀਸਦੀ ਧਰਤੀ ਉੱਪਰ ਹੀ ਦਰੱਖਤ ਬਚੇ ਰਹਿ ਗਏ ਹਨ। ਇਸ ਲਈ ਵਾਤਾਵਰਨ ਦੇ ਸੁਧਾਰ ਅਤੇ ਮਨੁੱਖੀ ਸਿਹਤ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਰਾਜ ਵਿਚ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ। 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਵੀ ਇਸੇ ਕਰਕੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਪੌਦੇ ਲਗਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਸਾਡਾ ਯਤਨ ਇਹ ਹੋਵੇਗਾ ਕਿ ਆਉਂਦੇ ਵਰ੍ਹਿਆਂ ਵਿਚ ਸਮੁੱਚੇ ਰੂਪ ਵਿਚ ਅਸੀਂ ਸਭ ਦੇ ਸਾਂਝੇ ਯਤਨਾਂ ਨਾਲ ਆਪਣੀ ਇਸ ਧਰਤੀ 'ਤੇ ਇਕ ਕਰੋੜ ਬੂਟੇ ਲਗਾਉਣ ਲਈ ਯਤਨਸ਼ੀਲ ਰਹੀਏ। ਪਹਿਲੇ ਪੜਾਅ ਵਿਚ ਆਉਂਦੇ ਮਹੀਨਿਆਂ 'ਚ ਸਾਡਾ ਟੀਚਾ 5 ਲੱਖ ਬੂਟੇ ਲਗਾਉਣ ਦਾ ਹੋਵੇਗਾ।
ਸਾਡੇ ਲਈ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਇਸ ਸਬੰਧੀ 'ਅਜੀਤ' ਦੇ ਲੱਖਾਂ ਪਾਠਕਾਂ ਨੇ ਭਰਪੂਰ ਹੁੰਗਾਰਾ ਭਰਿਆ ਹੈ ਅਤੇ ਉਤਸ਼ਾਹ ਦਿਖਾਇਆ ਹੈ। ਬਹੁਤ ਸਾਰੇ ਸੱਜਣਾਂ ਨੇ ਇਸ ਯੋਜਨਾ ਲਈ ਆਪਣੇ ਵੱਲੋਂ ਵੱਡੀ ਰਕਮ ਵੀ ਭੇਜੀ ਹੈ ਅਤੇ ਹੋਰਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਬੂਟੇ ਮੁਹੱਈਆ ਕਰਵਾ ਕੇ ਇਸ ਲਹਿਰ ਵਿਚ ਆਪਣਾ ਯੋਗਦਾਨ ਪਾਉਣ ਦੇ ਐਲਾਨ ਕੀਤੇ ਹਨ। ਅਜਿਹੇ ਉਤਸ਼ਾਹ ਨੂੰ ਵੇਖ ਕੇ ਅਸੀਂ ਨਿਸਚੇ ਨਾਲ ਇਹ ਆਖ ਸਕਦੇ ਹਾਂ ਕਿ ਆਉਂਦੇ ਸਮੇਂ ਵਿਚ ਇਹ ਇਕ ਵੱਡੀ ਲਹਿਰ ਬਣ ਜਾਵੇਗੀ, ਜਿਸ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਵਿਚ ਇਸ ਕਾਜ ਪ੍ਰਤੀ ਵੱਡਾ ਉਤਸ਼ਾਹ ਪੈਦਾ ਹੋਵੇਗਾ। ਇਸ ਖੇਤਰ ਵਿਚ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ। 'ਅਜੀਤ ਹਰਿਆਵਲ ਲਹਿਰ', ਹੋਰ ਸੰਸਥਾਵਾਂ ਅਤੇ ਸੁਚੇਤ ਵਿਅਕਤੀ ਜੇਕਰ ਆਪੋ-ਆਪਣੇ ਢੰਗਾਂ ਨਾਲ ਪੰਜਾਬ ਨੂੰ ਹਰਾ-ਭਰਾ ਕਰਨ ਲਈ ਤਤਪਰ ਹੋ ਜਾਣ ਤਾਂ ਨਿਸਚੇ ਹੀ ਆਉਂਦੇ ਕੁਝ ਸਾਲਾਂ ਵਿਚ ਪੰਜਾਬ ਦਾ ਪੂਰਾ ਦ੍ਰਿਸ਼ ਹੀ ਬਦਲਿਆ ਦਿਖਾਈ ਦੇਵੇਗਾ। ਅਜਿਹਾ ਦ੍ਰਿਸ਼ ਜਿਸ ਨਾਲ ਮੁੜ ਧਰਤੀ ਜਿਊਣਯੋਗ ਲੱਗੇਗੀ ਤੇ ਜੋ ਇਸ ਧਰਤੀ ਦੀ ਸਦੀਆਂ ਪੁਰਾਣੀ ਆਨ ਅਤੇ ਸ਼ਾਨ ਨੂੰ ਬਹਾਲ ਕਰ ਸਕਣ ਦੇ ਸਮਰੱਥ ਹੋ ਸਕੇਗਾ। ਆਓ, ਅਜਿਹੇ ਸਿਹਤਮੰਦ, ਸੁਚੇਤ ਅਤੇ ਭਰਪੂਰ ਯਤਨਾਂ ਵਿਚ ਹਰ ਢੰਗ-ਤਰੀਕੇ ਨਾਲ ਆਪਣਾ ਯੋਗਦਾਨ ਪਾਈਏ।
-
ਬਰਜਿੰਦਰ ਸਿੰਘ ਹਮਦਰਦ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.