ਅਕਸਰ ਸਾਡੇ ਲੋਕ ਨਾਚ ਭੰਗੜੇ ਦੀ ਅਖ਼ੀਰਲੀ ਬੋਲੀ ਹੁੰਦੀ ਹੈ ਕਿ ‘ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ’ ਤੇ ਉਸ ਤੋਂ ਬਾਅਦ ਪੰਡਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ ਪਰ ਅੱਜ-ਕੱਲ੍ਹ ਜਿਹੜਾ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਵੱਸਦਾ ਹੈ ਉਸ ਤੋਂ ਅਸੀਂ ਅੱਖਾਂ ਨਹੀਂ ਫੇਰ ਸਕਦੇ। ਆਓ ਸਾਡੇ ਰੰਗਲੇ ਪੰਜਾਬ ਦੇ ਫਿੱਕੇ ਪੈਂਦੇ ਰੰਗਾਂ ‘ਤੇ ਇੱਕ ਪੰਛੀ ਝਾਤ ਮਾਰੀਏ।
ਰੰਗ ਬਰੰਗੀ ਸ਼ਰਾਬ, ਰੰਗ ਬਰੰਗੇ ਕੈਪਸੂਲ, ਗੋਲੀਆਂ, ਸਮੈਕ ਤੇ ਕੋਕੀਨ ਨੇ ਨੌਜਵਾਨਾਂ ਦੇ ਚਿਹਰਿਆਂ ਦੀ ਲਾਲੀ ਖੋਹ ਲਈ ਤੇ ਇਨ੍ਹਾਂ ਨਸ਼ਿਆਂ ਦੀ ਖਾਤਰ ਉਹ ਛੋਟੀਆਂ-ਮੋਟੀਆਂ ਚੋਰੀਆਂ ਕਰਨ, ਲੁੱਟਾਂ-ਖੋਹਾਂ ਅਤੇ ਭੀਖ ਮੰਗਣ ਲਈ ਮਜਬੂਰ ਹੋ ਗਏ। ਹਰ ਰੋਜ਼ ਅਖ਼ਬਾਰਾਂ ‘ਚ ਨਸ਼ੇੜੀ ਔਲਾਦ ਨੂੰ ਬੇਦਖ਼ਲ ਕਰਨ ਜਾਂ ਨਸ਼ੇ ਲਈ ਘਰ ਤੋਂ ਪੈਸੇ ਨਾ ਮਿਲਣ ਕਰਕੇ ਹੱਤਿਆ ਜਾਂ ਆਤਮਹੱਤਿਆ ਦੀਆਂ ਖ਼ਬਰਾਂ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈਣ ਦੀ ਗਵਾਹੀ ਭਰਦੀਆਂ ਨੇ। ਸਕੂਲਾਂ, ਕਾਲਜਾਂ ਤੇ ਹੋਸਟਲਾਂ ਨੇੜਿਓਂ ਜਿੰਨੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਤੇ ਖਾਲੀ ਪੱਤੇ ਮਿਲਦੇ ਨੇ, ਸ਼ਾਇਦ ਓਨੇ ਕਿਸੇ ਹਸਪਤਾਲ ਨੇੜਿਓਂ ਨਾ ਮਿਲ ਸਕਣ। ਇੱਕ ਬਜ਼ੁਰਗ ਨੇ ਮੇਰੇ ਕੋਲ ਆਪਣੇ ਪੋਤਿਆਂ ਦੇ ਨਸ਼ੇੜੀ ਹੋਣ ਦਾ ਕਿੱਸਾ ਸੁਣਾਇਆ। ਜਦੋਂ ਮੈਂ ਰੋਕਥਾਮ ਬਾਰੇ ਪੁੱਛਿਆ ਤਾਂ ਬਜ਼ੁਰਗ ਨੇ ਹਉਕਾ ਭਰਦੇ ਹੋਏ ਕਿਹਾ, ”ਪੁੱਤ ਨਸ਼ਿਆਂ ਤੋਂ ਔਲਾਦ ਨੂੰ ਕਿਵੇਂ ਰੋਕੀਏ, ਅੱਜ-ਕੱਲ੍ਹ ਦੁੱਧ ਲੈਣ ਵਾਸਤੇ ਘਰ ਤੋਂ ਦੂਰ ਜਾਣਾ ਪੈਂਦਾ ਹੈ ਪਰ ਸਮੈਕ, ਭੁੱਕੀ ਤੇ ਸ਼ਰਾਬ ਤਾਂ ਠੇਕੇਦਾਰ ਘਰ ਹੀ ਫੜਾ ਜਾਂਦੇ ਨੇ।” ਸਕੂਲਾਂ-ਕਾਲਜਾਂ ਦੀਆਂ ਸਟੇਜਾਂ ਉੱਤੇ ਲੱਤਾਂ ‘ਤੇ ਆਇਓਡੈਕਸ ਲਾ ਕੇ ਭੰਗੜਾ ਪਾਉਂਦੇ ਮੁੰਡੇ ਤੇ ਦੰਦਾਂ ਨਾਲ ਘੜੇ ਦੀ ਥਾਂ ‘ਤੇ ਕੁੱਜੇ ਚੁੱਕ ਕੇ ਗਿੱਧਾ ਪਾਉਂਦੀਆਂ ਮੁਟਿਆਰਾਂ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦੈ ਕਿ ‘ਸਾਡੇ ਦੇਸ਼ ਦੀ ਜਵਾਨੀ ਕਿੱਧਰ ਜਾ ਰਹੀ ਹੈ’। ਇਹ ਨਹੀਂ ਹੋ ਸਕਦਾ ਕਿ ਸਰਕਾਰਾਂ ਨੂੰ ਇਨ੍ਹਾਂ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਬਾਰੇ ਪਤਾ ਨਾ ਹੋਵੇ ਪਰ ਤੁਸੀਂ ਆਪ ਹੀ ਸੋਚੋ ਕਿ ਸ਼ਰਾਬ, ਭੁੱਕੀ ਤੇ ਅਫੀਮ ਦੇ ਗੱਫ਼ੇ ਵੰਡ ਕੇ ਪਵਾਈਆਂ ਹੋਈਆਂ ਵੋਟਾਂ ਨਾਲ ਬਣੀਆਂ ਸਰਕਾਰਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਉਨ੍ਹਾਂ ਨੂੰ ਤਾਂ ਆਪਣੇ ਜੋੜਾਂ-ਤੋੜਾਂ ਤੇ ਕਿਸੇ ਦੇ ਪ੍ਰਧਾਨ ਜਾਂ ਚੇਅਰਮੈਨ ਬਣਨ ‘ਤੇ ਲੱਡੂ ਵੰਡਣ ਤੋਂ ਵਿਹਲ ਨਹੀਂ ਮਿਲਦੀ। ਦੂਜੇ ਪਾਸੇ ਪੀਣ ਵਾਲੇ ਜ਼ਹਿਰੀਲੇ ਪਾਣੀਆਂ ਕਰਕੇ ਪਿੰਡਾਂ ਦੇ ਪਿੰਡ ਕੈਂਸਰ, ਪੋਲੀਓ, ਅੰਗਹੀਣ, ਕਾਲਾ ਪੀਲੀਆ ਤੇ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਾਡੀਆਂ ਅੱਖਾਂ ਸਾਹਮਣੇ ਸਾਡਾ ਪੰਜਾਬ ‘ਹੀਰੋਸ਼ੀਮਾ’ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਬਹੁਤ ਸਾਰੇ ਪਿੰਡਾਂ ‘ਚ ਲਗਪਗ ਹਰ ਘਰ ‘ਚ ਕਿਸੇ ਨਾ ਕਿਸੇ ਬਿਮਾਰੀ ਦੇ ਮਰੀਜ਼ ਬੱਚੇ, ਔਰਤਾਂ ਤੇ ਬਜ਼ੁਰਗ ਮੰਜਿਆਂ ਨਾਲ ਜੁੜੇ ਪਏ ਹਨ। ਪਿੰਡਾਂ ‘ਚ ਜਾ ਕੇ ਤਾਂ ਇਸ ਤਰ੍ਹਾਂ ਲੱਗਦੈ ਜਿਵੇਂ ਤੁਸੀਂ ਕਿਸੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਆ ਗਏ ਹੋਵੋ। ਅੱਧੇ ਤੋਂ ਵੱਧ ਪੰਜਾਬ ਦੇ ਗੱਭਰੂਆਂ ਦੇ ਸਰੂ ਜਿਹੇ ਕੱਦ, ਚੌੜੀਆਂ ਛਾਤੀਆਂ ਤੇ ਡੌਲੇ ਜ਼ਹਿਰੀਲੀਆਂ ਸਪਰੇਆਂ ਤੇ ਦਰਿਆਵਾਂ ਦੀ ਭੇਟ ਚੜ੍ਹ ਗਏ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਗਜ਼ਾਂ ਅਤੇ ਸੈਂਪਲਾਂ ਮੁਤਾਬਕ ਪੰਜਾਬ ਦਾ ਪਾਣੀ ਅੰਮ੍ਰਿਤ ਵਰਗਾ ਦਿਖਾਇਆ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਫਿਰ ਨਹਿਰਾਂ, ਦਰਿਆਵਾਂ ਤੇ ਨਲਕਿਆਂ ‘ਚ ਜ਼ਹਿਰ ਕੌਣ ਤੇ ਕਿੱਥੇ ਘੋਲ ਰਿਹਾ ਹੈ? ਘੱਗਰ ਪੱਟੀ, ਮਾਨਸਾ, ਤਲਵੰਡੀ ਸਾਬੋ ਤੇ ਫਾਜ਼ਿਲਕਾ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਉਹ ਹਰ ਰੋਜ਼ ਪੀਂਦੇ ਹਨ, ਪ੍ਰਦੂਸ਼ਣ ਬੋਰਡ ਵਾਲੇ ਉਸ ਪਾਣੀ ਨਾਲ ਨਹਾ ਕੇ ਹੀ ਦਿਖਾ ਦੇਣ ਤਾਂ ਉਹ ਆਪਣੀਆਂ ਬਿਮਾਰੀਆਂ ਨੂੰ ਕਿਸਮਤ ਜਾਂ ਰੱਬ ਦੀ ਦੇਣ ਸਮਝ ਲੈਣਗੇ।
ਕਿਸਾਨਾਂ ਦੀ ਹਾਲਤ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ-ਕਿਹਾ ਜਾ ਚੁੱਕਿਆ ਹੈ ਪਰ ਗੱਲ ਉਹੀ ਹੈ ਕਿ, ”ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ।” ਸਰਕਾਰਾਂ ਦੀ ਗੱਲ ਤਾਂ ਦੂਰ ਕਰਜ਼ੇ ਦੀ ਮਾਰ ਕਰਕੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਤਾਂ ਹੁਣ ਮੀਡੀਆ ਵੀ ਖ਼ਬਰ ਨਹੀਂ ਮੰਨਦਾ। ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਤਾਂ ਹੁਣ ਕਿਸੇ ਟਰਾਲੀ ‘ਤੇ ਲਿਖੇ ਵੀ ਨਹੀਂ ਨਜ਼ਰ ਆਉਂਦੇ, ਬਲਕਿ ਦੂਰ ਵਕਤ ਦੀਆਂ ਹਨੇਰੀਆਂ ‘ਚ ਗੁੰਮ ਹੋ ਗਏ ਜਾਪਦੇ ਹਨ। ਅਸਲੀ ਖੇਡਾਂ ਸਾਡੇ ਹੱਥੋਂ ਖੁੱਸ ਗਈਆਂ। ਹਾਕੀ ਸਾਡੀ ਹਰਿਆਣਾ ਖੋਹ ਕੇ ਲੈ ਗਿਆ ਤੇ ਜੇ.ਸੀ.ਟੀ. ਮਿੱਲ ਦੀ ਫੁਟਬਾਲ ਟੀਮ ਖ਼ਤਮ ਹੋ ਗਈ। ਸਾਡੇ ਪੱਲੇ ਬਸ ਰਾਜਨੀਤਕ ਖੇਡਾਂ ਹੀ ਰਹਿ ਗਈਆਂ।
ਖ਼ੂਨ ਦੇ ਰਿਸ਼ਤੇ ਠੱਗੀਆਂ ਅਤੇ ਕਤਲਾਂ ਦੀਆਂ ਹੱਦਾਂ ਪਾਰ ਕਰ ਗਏ। ਟਰੱਕਾਂ ਦੇ ਪਿੱਛੇ ਵੀ ਲਿਖਿਆ ਹੁੰਦੈ, ”ਫ਼ਿਕਰ ਗੈਰਾਂ ਦਾ ਨਹੀਂ ਬਸ ਆਪਣਿਆਂ ਤੋਂ ਬਚੋ।” ਰੱਖੜੀ ਵਾਲੇ ਦਿਨ ਭੈਣਾਂ-ਭਰਾਵਾਂ ਦੀਆਂ ਜਾਇਦਾਦਾਂ ਦੇ ਝਗੜੇ ਜੱਗ ਜ਼ਾਹਰ ਹੋਣ ਲੱਗ ਪਏ। ਭੂਆ-ਭਤੀਜੇ ਭਰੀ ਪੰਚਾਇਤ ਵਿੱਚ ਇੱਕ-ਦੂਜੇ ਦੇ ਖ਼ੂਨ ਨਾਲ ਲਾਲਚ ਦੀ ਪਿਆਸ ਬੁਝਾ ਰਹੇ ਹਨ। ਕਰਵਾ ਚੌਥ ਵਾਲੇ ਦਿਨ ਪਤੀ ਜਾਂ ਪਤਨੀਆਂ ਦੇ ਕਤਲਾਂ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਤੇ ਕਚਹਿਰੀਆਂ ਦੀ ਭੀੜ ਦੇਖ ਕੇ ਅੰਮ੍ਰਿਤਾ ਪ੍ਰੀਤਮ ਦੇ ਅੰਦਾਜ਼ ਵਿੱਚ ਮੈਂ ਤਾਂ ਵਾਰਸ ਸ਼ਾਹ ਨੂੰ ਇਹੀ ਕਹਾਂਗਾ:
ਉਹ ਦਰਦਮੰਦਾ ਦਿਆ ਦਰਦੀਆ
ਜ਼ਰਾ ਹੁਣ ਤੂੰ ਤੱਕ ਪੰਜਾਬ,
ਇੱਥੇ ਵੰਝਲੀ ਭਰੀ ਸਮੈਕ ਦੀ
ਤੇ ਜ਼ਹਿਰਾਂ ਵੰਡਣ ਗੁਲਾਬ,
ਇੱਥੇ ਬੇਲੇ ਪੈ ਗਈਆਂ ਕੋਠੀਆਂ
ਤੇ ਵੱਡੇ ਸ਼ਾਪਿੰਗ ਮਾਲ,
ਆ ਦੇਖ ਲੈ ਕੀ ਕੀ ਬੀਤੀਆਂ
ਤੇਰੇ ਪੰਜ ਪਾਣੀਆਂ ਨਾਲ,
ਇੱਥੇ ਸੂਰਜਾਂ ਵਿੱਚ ਮਿਲਾਵਟਾਂ
ਤੇ ਨਕਲੀ ਚੰਨ ਚਕੋਰ,
ਹੁਣ ਇੱਕ ਵਾਰਸ ਨਾਲ ਨਹੀਂ
ਸਰਨਾ ਸਾਨੂੰ ਚਾਹੀਦੇ ਲੱਖਾਂ ਹੋਰ।
-
ਭਗਵੰਤ ਮਾਨ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.