ਸਾਹਿਤ ਦੇ ਅੰਬਰਾਂ ਚ ਸ਼ਬਦਾਂ ਦੀ ਤਸਵੀਰ ਖਿੱਚਣ ਵਾਲੀ-ਲੇਖਿਕਾ ਨਿਰਮਲਾ ਗਰਗ
ਸਾਹਿਤ ਦੇ ਖੇਤਰ ਚ ਗਿਣਾਤਮਕ ਨਾਲੋਂ ਗੁਣਾਤਮਕ ਸਾਹਿਤ ਦੀ ਸਿਰਜਣਾ ਦੀ ਸਾਰਥਕ ਮਜ਼ਬੂਤੀ ਦੀ ਨੀਂਹ ਨੂੰ ਪ੍ਰਪੱਕਤਾ ਪ੍ਰਦਾਨ ਕਰਦੀ ਹੈ।ਪਰ ਜਦੋਂ ਸਾਹਿਤ ਦੀ ਗੁੜ੍ਹਤੀ ਹੀ ਵਿਰਾਸਤ ਚੋਂ ਮਿਲੀ ਹੋਵੇ ਤਾਂ ਅੰਬਰਾਂ ਦੇ ਚੰਨ ਦੀ ਲੋਅ, ਤਾਰਿਆਂ ਦੀ ਟਿਮਟਿਮਾਹਤ, ਬੱਦਲਾਂ ਦੀ ਮਸਤਾਨੀ ਚਾਲ, ਰੁਮਕਦੀ ਹਵਾ ਦੀ ਛਰਛਰਾਹਟ, ਅੱਲੜ ਮੁਟਿਆਰ ਦੀ ਤੋਰ ਦੀ ਥਰਥਰਾਹਟ ਅਤੇ ਮੁਸਕਰਾਹਟ ਵੀ ਸਾਰਥਕ ਸਾਹਿਤਕ ਸਿਰਜਣਾ ਦਾ ਆਧਾਰ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ਼ਬਦਾਂ ਦੇ ਮਣਕਿਆਂ ਮਾਲਾ ਵਰਗੀ ਕਵਿਤਾ ਚ ਪ੍ਰੋਣ ਦਾ ਕਾਰਜ ਨਿਰਮਲਾ ਗਰਗ ਹੀ ਕਰ ਸਕਦੀ ਹੈ।ਉਹ ਪੰਜਾਬੀ ਦੀ ਵਿਰਾਸਤੀ ਕਲਾ ਕਵੀਸ਼ਰੀ ਦੀ ਸ਼ਾਨ ਕਵੀਸ਼ਰ ਨਸੀਬ ਚੰਦ ਪਾਤੜਾਂ ਦੀ ਲਾਡਲੀ ਨਿੰਮੋ ਹੈ।
ਉਹਦਾ ਕਹਿਣਾ ਹੈ ਕਿ ਉੱਚੀ ਸੁੱਚੀ ਅਤੇ ਵਧੀਆ ਸੋਚ ਸੱਭਿਆਚਾਰਕ, ਸਮਾਜਿਕ ਗਤੀਵਿਧੀਆਂ,ਪਰਿਵਾਰਕ ਰਿਸ਼ਤਿਆਂ ਵਿਚਲੀ ਸਾਂਝ ਦੀ ਪਾਕੀਜ਼ਗੀ, ਜੀਵਨ ਜਿਉਣ ਦੀ ਜਾਂਚ, ਖੇਤਾਂ ਚ ਲਹਿਰਾਉਂਦੀਆਂ ਫਸਲਾਂ, ਵਿਰਾਸਤੀ ਪਹਿਰਾਵੇ,ਜੋਬਨ ਮੱਤੀਆਂ ਅੱਲੜ ਮੁਟਿਆਰਾਂ ਅਤੇ ਨੌਜਵਾਨ ਦਿਲਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਿਤਕ ਸਿਰਜਣਾ ਦੇ ਵਿਰਾਸਤੀ ਵਿਸ਼ੇ ਬਣ ਜਾਂਦੇ ਹਨ। ਸੱਭਿਆਚਾਰਕ, ਸਮਾਜਿਕ ਅਤੇ ਪਰਿਵਾਰਕ ਪਹਿਲੂਆਂ ਤੇ ਆਧਾਰਿਤ ਸਾਹਿਤਕ ਗੀਤਾਂ, ਕਵਿਤਾਵਾਂ ਅਤੇ ਲੇਖ ਲਿਖਣ ਵਾਲੀ ਲੇਖਿਕਾ ਨਿਰਮਲਾ ਗਰਗ ਅੱਜ ਸਾਹਿਤਕ ਖੇਤਰ ਵਿੱਚ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ।
ਪੰਜਾਬੀ ਮਾਂ ਬੋਲੀ ਪ੍ਰਤੀ ਉਹਦਾ ਝੁਕਾਅ ਉਹਨੂੰ ਵਿਰਾਸਤ ਚ ਮਿਲਿਆ ਤੋਹਫ਼ਾ ਹੈ। ਉਹਨੂੰ ਸ਼ਬਦਾਂ ਦੀ ਚੋਣ ਦਾ ਸਹੂਰ ਹੈ,ਸੂਹੀ ਅਤੇ ਗੰਭੀਰ ਸੋਚ ਦੀ ਧਾਰਨੀ ਹੈ।
-----#------#------#-------
ਬਚਾ ਲੋ ਚੁੰਨੀਆਂ
ਗਲੀ ਗਲੀ ਵਿੱਚ ਹੋਕੇ ਮਾਰਦਾ ਲਲਾਰੀ ਨੀ ਰੰਗਾ ਲੋ ਚੁੰਨੀਆਂ
ਕੁੜੀਓ ਪੰਜਾਬ ਦੀਓ ਸ਼ੇਰ ਬੱਚੀਓ ਨੀ ਸੰਭਾਲੋ ਚੁੰਨੀਆਂ
ਚੁੰਨੀ ਤੇਰੇ ਸਿਰ ਉੱਤੇ ਸੋਹਣੀ ਲੱਗਦੀ ਨੀ ਤੂੰ ਤਾਂ ਬੜੀ ਫੱਬਦੀ
ਇਹਦੇ ਵਿੱਚ ਕੁੜੀਏ ਨੀ ਸ਼ਾਨ ਜੱਗ ਦੀ ਨੀ ਬਾਬਲੇ ਦੀ ਪੱਗ ਦੀ
ਸੋਹਣੇ ਸੋਹਣੇ ਸੂਟ ਤੇਰੇ ਸੋਹਣੇ ਲੱਗਦੇ ਨੀ ਮਿਲਾ ਲੋ ਚੁੰਨੀਆਂ
ਕੁੜੀਓ ਪੰਜਾਬ ਦੀਓ ਸ਼ੇਰ ਬੱਚੀਓ ਨੀ ਸੰਭਾਲੋ ਚੁੰਨੀਆਂ
ਦਾਦੀ ਮਾਤਾ ਰਹਿੰਦੀ ਤੈਨੂੰ ਨਿੱਤ ਘੂਰਦੀ ਕਿੱਥੇ ਨੇ ਦੁਪੱਟੇ ਨੀ
ਗਜ ਗਜ ਲੰਮੇ ਤੇਰੇ ਵਾਲ ਕੁੜੀਏ ਦੱਸ ਕਾਹਤੋਂ ਕੱਟੇ ਨੀ
ਭੈੜਿਆਂ ਰਿਵਾਜਾਂ ਦੀ ਨਕਲ ਕਰਕੇ ਨਾਂ ਭੁਲਾਵੋ ਚੁੰਨੀਆਂ
ਕੁੜੀਓ ਪੰਜਾਬ ਦੀਓ ਸ਼ੇਰ ਬੱਚੀਓ ਨੀ ਸੰਭਾਲੋ ਚੁੰਨੀਆਂ
ਕਿਸੇ ਦੀ ਮਜਾਲ ਕੀ ਐ ਦੇਖੂ ਤੇਰੇ ਵੱਲ ਨੀ ਦਲੇਰ ਬਣ ਜਾ
ਦੁਰਗਾ ਦਾ ਰੂਪ ਧਾਰ ਚੱਕ ਲੈ ਖੜਗ ਚੰਡੀ ਫੇਰ ਬਣ ਜਾ
ਨਾਰੀ ਦਾ ਸ਼ਿੰਗਾਰ ਚੁੰਨੀ ਕਰਦੀ ਕਮਾਲ ਨੀ ਹੰਢਾਲੋ ਚੁੰਨੀਆਂ
ਕੁੜੀਓ ਪੰਜਾਬ ਦੀਓ ਸ਼ੇਰ ਬੱਚੀਉਓ ਨੀ ਸੰਭਾਲੋ ਚੁੰਨੀਆਂ
ਗੁਰੂ ਘਰ ਜਾਈਏ ਬੜੇ ਅਦਬ ਦੇ ਨਾਲ ਜਾਈਏ ਸਿਰ ਕੱਜ ਕੇ
ਛੋਟਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਨੀ ਕਰੋ ਰੱਜ ਕੇ
ਨਿਰਮਲਾ ਤਾਂ ਕਹੇ ਭੈਣੋਂ ਬੀਬੀ ਰਾਣੀਓ ਨੀ ਬਚਾ ਲੋ ਚੁੰਨੀਆਂ
ਕੁੜੀਓ ਪੰਜਾਬ ਦੀਓ ਸ਼ੇਰ ਬੱਚੀਉਓ ਨੀ ਸੰਭਾਲੋ ਚੁੰਨੀਆਂ
-----#-----##-----
ਵਿਸਾਖੀ ਮੇਲਾ
ਆਈਆਂ ਮੁਟਿਆਰਾਂ ਬੰਨ੍ਹ ਬੰਨ੍ਹ ਟੋਲੀਆਂ
ਮੇਲੇ ਵਿੱਚ ਦੇਖੋ ਅੱਜ ਪੈਣ ਬੋਲੀਆਂ
ਹਾਰ ਤੇ ਸ਼ਿੰਗਾਰ ਲਿਸ਼ਕਾਰੇ ਮਾਰਦਾ
ਟੌਹਰ ਹੈ ਵਿਸਾਖੀ ਉੱਤੇ ਸਰਦਾਰ ਦਾ
ਵਾਢੀ ਦੀ ਏ ਰੁੱਤ ਜੋਬਨ ਦੇ ਜੋਰ ਤੇ
ਸੋਨੇ ਰੰਗੀ ਦਿੱਸਦੀ ਹੈ ਹਰ ਮੋੜ ਤੇ
ਠੰਡ ਦੀਆਂ ਰਾਤਾਂ ਜਿਹਨੂੰ ਰਿਹਾ ਪਾਲਦਾ
ਟੌਹਰ ਹੈ ਵਿਸਾਖੀ ਉੱਤੇ ਸਰਦਾਰ ਦਾ
ਕਾਮਿਆਂ ਦੀ ਪਿੰਡ ਵਿੱਚ ਲੋੜ ਬੜੀ ਆ
ਹਰ ਕੋਈ ਆਖੇ ਆਜਾ ਕੁਝ ਘੜੀ ਆ
ਸਾਂਭਣੀ ਫਸਲ ਮਾਰਿਆ ਹੈ ਕਾਹਲ ਦਾ
ਟੌਹਰ ਹੈ ਵਿਸਾਖੀ ਉੱਤੇ ਸਰਦਾਰ ਦਾ
ਸੁਆਣੀਆਂ ਦਾ ਚੁੱਲ੍ਹਾ ਚੌਂਕਾ ਮੁੱਕਦਾ ਨਹੀਂ
ਸਵੇਰੇ ਚੱਲ ਸ਼ਾਮਾਂ ਤੱਕ ਰੁਕਦਾ ਨਹੀਂ
ਕਿਸੇ ਕੋਲ ਵਿਹਲ ਨਾ ਵਿਸਾਖੀ ਜਾਣ ਦਾ
ਟੌਹਰ ਹੈ ਵਿਸਾਖੀ ਉੱਤੇ ਸਰਦਾਰ ਦਾ
ਦੇਖਣੀ ਵਿਸਾਖੀ ਚਿੱਤ ਬਹੁਤਾ ਹੀ ਕਰੇ
ਨਿਰਮਲਾ ਗਰਗ ਛੱਡ ਕੰਮਾਂ ਨੂੰ ਪਰੇ
ਲਾਹਾ ਲਈਏ ਚੱਲ ਖੁਸ਼ੀ ਦੇ ਤਿਉਹਾਰ ਦਾ
ਟੌਹਰ ਹੈ ਵਿਸਾਖੀ ਉੱਤੇ ਸਰਦਾਰ ਦਾ
--------#####-------
ਇੰਜੀ ਸਤਨਾਮ ਸਿੰਘ ਮੱਟੂ
ਬੀਂਬੜ੍ਹ ਸੰਗਰੂਰ
9779708257
-
ਨਿਰਮਲਾ ਗਰਗ, writer
akhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.