ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਤੇ ਚੱਲੀਆ ਤਾਬੜਤੋੜ ਗੋਲੀਆਂ
**ਮੌਕੇ ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀ , ਜਾਂਚ ਕੀਤੀ ਸ਼ੁਰੂ*
ਬਲਵਿੰਦਰ ਸਿੰਘ ਧਾਲੀਵਾਲ ਕਪੂਰਥਲਾ
ਸੁਲਤਾਨਪੁਰ ਲੋਧੀ 2 ਨਵੰਬਰ 2025 ਸਬ ਡਿਵੀਜ਼ਨ
ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਨਪੁਰ ਵਿਖੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਉਹ ਵਾਲ ਵਾਲ ਬਚ ਗਏ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਪੁੱਤਰ ਮੱਸਾ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਦੀ ਕਰੀਬ ਰਾਤ 8: 38 ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਘਰ ਦੇ ਬਾਹਰ ਹੀ ਗਲੀ ਚ ਘੁੰਮ ਰਹੇ ਸਨ, ਤਾਂ ਦੋ ਨਕਾਬਪੋਸ਼ ਅਣਪਛਾਤੇ ਵਿਅਕਤੀ ਇੱਕ ਬਿਨਾਂ ਨੰਬਰੀ ਮੋਟਰਸਾਇਕਲ ਤੇ ਆਏ। ਅਤੇ ਆਉਂਦੇ ਸਾਰ ਹੀ ਉਹਨਾਂ ਦੋਵਾਂ ਹਥਿਆਰਬੰਦ ਵਿਅਕਤੀਆਂ ਨੇ ਮੇਰੇ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੌਰਾਨ ਉਹਨਾਂ ਨੇ ਭੱਜ ਕੇ ਜਾਨ ਬਚਾਈ ਹੈ, ਉਹਨਾਂ ਦੱਸਿਆ ਕਿ ਮੌਕੇ ਤੋਂ ਪੁਲਿਸ ਨੂੰ 6 ਖ਼ਾਲੀ ਰੋਦ ਵੀ ਬਰਾਮਦ ਹੋਏ ਹਨ । ਅਤੇ ਉਕਤ ਵਿਅਕਤੀਆਂ ਦੀ ਸੀਸੀਟੀਵੀ ਕੈਮਰੇ ਚ ਵੀਡੀਓ ਵੀ ਕੈਦ ਹੋਈ ਹੈ।ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਨੂੰਨ ਅਵਸਥਾਂ ਨੂੰ ਬਹਾਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ । ਜਦੋਂ ਇਸ ਘਟਨਾ ਦੀ ਜਾਣਕਾਰੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਏਸੀਪੀ ਧੀਰੇਂਦਰ ਵਰਮਾ, ਥਾਣਾ ਸੁਲਤਾਨਪੁਰ ਲੋਧੀ ਦੀ ਐਸ ਐਚ ਓ ਇੰਸਪੈਕਟਰ ਸੋਨਮਦੀਪ ਕੌਰ , ਚੌਂਕੀ ਇੰਚਾਰਜ ਮਲਕੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਡੱਲਾ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ 6 ਖਾਲੀ ਰੋਦ ਬਰਾਮਦ ਹੋਏ ਹਨ ,ਉਹਨਾਂ ਨੇ ਕਿਹਾ ਕਿ ਮੇਰੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ , ਅਤੇ ਜਾਂਚ ਕੀਤੀ ਜਾ ਰਹੀ ਹੈ ,ਜਿਸ ਤੋਂ ਬਾਅਦ ਜਲਦ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
**ਫੇਸਬੁੱਕ ਤੇ ਪੋਸਟ ਪਾ ਕੇ ਗੈਂਗਸਟਰ ਜੱਗਾ ਫੁੱਕੀਵਾਲ ਨੇ ਲਈ ਹਮਲੇ ਦੀ ਜਿੰਮੇਵਾਰੀ**
ਬੀਤੀ ਰਾਤ ਜਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਬਾਬਤ ਇੱਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਗੈਂਗਸਟਰ ਦੇ ਉੱਤੇ ਫਿਰੌਤੀਆਂ ਦੇ ਨਾਲ ਨਾਲ ਹੋਰ ਕਈ ਵੱਖ-ਵੱਖ ਮਾਮਲੇ ਅਲੱਗ ਅਲੱਗ ਥਾਣਿਆਂ ਵਿੱਚ ਦਰਜ ਹਨ। ਦੱਸ ਦਈਏ ਕਿ ਇਹ ਗੈਂਗਸਟਰ ਇਸੇ ਹੀ ਪਿੰਡ ਦਾ ਵਸਨੀਕ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਫੇਸਬੁੱਕ ਤੇ ਪਾਏ ਗਏ ਸਟੇਟਸ ਵਿੱਚ ਉਸ ਨੇ ਲਿਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿੱਚ (ਕਾਂਗਰਸ ਦੇ ਚੇਅਰਮੈਨ ਹਰਜਿੰਦਰ ਸਿੰਘ ) ਦਾ ਨੁਕਸਾਨ ਹੋਇਆ, ਉਸ ਦੀ ਜਿੰਮੇਵਾਰੀ ਜੱਗਾ ਫੁੱਕੀਵੱਲ ਚੁੱਕਦਾ ਹੈ।
ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਏ ਕੰਮ ਅਸੀ ਕਿਸੇ ਫਿਰੌਤੀ ਦੇ ਚੱਕਰ ਵਿੱਚ ਨਹੀ ਕੀਤਾ। ਅਸੀ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਕਰਕੇ ਬਕਸ਼ ਦਿੱਤਾ, ਜੇ ਅਸੀ ਇਸ ਦੇ ਘਰ ਜਾ ਸਕਦੇ ਹਾਂ ਤੇ ਅਸੀ ਇਸ ਨੂੰ ਮਾਰ ਵੀ ਸਕਦੇ ਸੀ। ਬਾਕੀ ਏਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ। ਇਸ ਪੋਸਟ ਤੋਂ ਬਾਅਦ ਪੰਜਾਬ ਪੁਲਿਸ ਨਵੇਂ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ,ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਕਰ ਰਹੀ ਹੈ।