ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਇਨਕਲਾਬੀ ਜਥੇਬੰਦੀਆਂ ਨਾਲ ਵਿਚਾਰਾਂ
ਅਸ਼ੋਕ ਵਰਮਾ
ਮਹਿਲਕਲਾਂ, 19 ਜੁਲਾਈ 2025: ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਚੇਤੰਨ ਆਗੂਆਂ ਨਾਲ ਵਿਚਾਰਾਂ ਸਾਂਝੀਆਂ ਕਰਨ ਲਈ ਮੀਟਿੰਗ ਗੁਰਬਿੰਦਰ ਸਿੰਘ ਕਲਾਲਾ ਕਨਵੀਨਰ ਦੀ ਅਗਵਾਈ ਵਿੱਚ ਜਥੇਬੰਦ ਕੀਤੀ ਗਈ। ਆਪਣੇ ਸੰਬੋਧਨ ਵਿੱਚ ਯਾਦਗਾਰ ਕਮੇਟੀ ਦੇ ਆਗੂਆਂ ਨਰਾਇਣ ਦੱਤ, ਪ੍ਰੇਮ ਕੁਮਾਰ, ਮਨਜੀਤ ਧਨੇਰ ਅਤੇ ਜਰਨੈਲ ਸਿੰਘ ਨੇ ਮਹਿਲਕਲਾਂ ਲੋਕ ਘੋਲ ਦੇ ਅਤੀਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਜ਼ਬਰ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ' ਮਹਿਲਕਲਾਂ ਲੋਕ ਘੋਲ 28ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ। ਇਹ ਲੋਕ ਘੋਲ ਅਨੇਕਾਂ ਮੋੜਾਂ ਘੋੜਾਂ ਵਿੱਚੋਂ ਲੰਘਿਆ ਹੈ।
ਇਸ ਲੋਕ ਘੋਲ ਨੇ ਲੋਕਾਈ 'ਤੇ ਟੇਕ ਰੱਖਦਿਆਂ ਅਨੇਕਾਂ ਗੰਭੀਰ ਚੁਣੌਤੀਆਂ ਦਾ ਪੂਰੀ ਸਿਦਕ ਦਿਲੀ ਨਾਲ ਟਾਕਰਾ ਕੀਤਾ ਹੈ। ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ। ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦਾ 28ਵਾਂ ਬਰਸੀ ਸਮਾਗਮ 'ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ' ਨੂੰ ਸਮਰਪਿਤ ਹੋਵੇਗਾ। ਇਹ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ।
ਇਸ ਵਾਰ ਦੇ ਔਰਤ ਬੁਲਾਰਿਆਂ ਵਜੋਂ ਉੱਘੀ ਲੇਖਿਕਾ,ਵਿਦਵਾਨ,ਚਿੰਤਕ ਕਵਿਤਾ ਕ੍ਰਿਸ਼ਨਨ ਅਤੇ ਜਮਹੂਰੀ ਹੱਕਾਂ ਦੀ ਅਹਿਮ ਸ਼ਖ਼ਸੀਅਤ ਐਡਵੋਕੇਟ ਅਮਨਦੀਪ ਕੌਰ ਹੋਣਗੇ। ਆਗੂਆਂ ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾਂ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਨਿਰਮਲ ਸਿੰਘ ਚੁਹਾਣਕੇ ਅਤੇ ਅਮਰਜੀਤ ਸਿੰਘ ਕਾਲਸਾਂ ਨੇ ਕਿਹਾ ਕਿ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਲੱਖਾਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹਨ। ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਵੀ ਇਸ ਲੋਕ ਘੋਲ ਵਿੱਚ ਆਪਣੀ ਹੈਸੀਅਤ ਮੁਤਾਬਿਕ ਬਣਦਾ ਯੋਗਦਾਨ ਪਾ ਰਹੇ ਹਨ।
ਅਸੀਂ ਕਦੇ ਵੀ ਇਸ ਅਮੁੱਲ ਯੋਗਦਾਨ ਨੂੰ ਭੁਲਾ ਨਹੀਂ ਸਕਾਂਗੇ। ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਪੰਜਾਬੀ ਲੋਕ ਸਿੱਧੇ ਰੂਪ ਵਿੱਚ ਭਲੇ ਹੀ ਸ਼ਾਮਿਲ ਨਹੀਂ ਹੋ ਸਕਦੇ ਪਰ ਪ੍ਰਚਾਰ ਮੁਹਿੰਮ ਰਾਹੀਂ, ਵਿਚਾਰ ਗੋਸ਼ਟੀਆਂ ਰਾਹੀਂ, ਆਰਥਿਕ ਪੱਖੋਂ ਸਹਿਯੋਗ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਲੋਕ ਘੋਲ ਦੀਆਂ ਦੋ ਅਹਿਮ ਸ਼ਖਸ਼ੀਅਤਾਂ ਸਾਥੀ ਗੁਰਮੀਤ ਸੁਖਪੁਰਾ ਅਤੇ ਹਰਚਰਨ ਚੰਨਾ ਵਿਦੇਸ਼ ਵਿੱਚ ਹਨ। ਇਹ ਦੋਵੇਂ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਜ਼ਿੰਮੇਵਾਰ ਸਾਥੀ ਤੁਹਾਡੇ ਨਾਲ ਇਸ ਲੋਕ ਘੋਲ ਦੀ ਬਾਤ ਪਾਉਣਗੇ, ਮੌਜੂਦਾ ਸਮੇਂ ਦੀਆਂ ਚੁਣੌਤੀਆਂ, ਇਸ ਲੋਕ ਘੋਲ ਨੂੰ ਜਾਰੀ ਰੱਖਣ ਦੀ ਲੋੜ ਕਿਉਂ, ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਕਿਉਂਕਿ ਇਹ ਸੰਘਰਸ਼ ਕਿਸੇ ਇੱਕ ਘਟਨਾ ਦੇ ਖ਼ਿਲਾਫ਼ ਨਾ ਹੋਕੇ ਔਰਤ ਵਰਗ ਦੀ ਮੁਕੰਮਲ ਮੁਕਤੀ 'ਨਵਾਂ ਲੋਕ ਪੱਖੀ ਸਮਾਜ ਸਿਰਜਣ' ਲਈ ਚੱਲ ਰਿਹਾ ਹੈ।
ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਆਪਣੇ ਆਪ ਵਿੱਚ ਜਥੇਬੰਦ ਹੋਈ ਲੋਕ ਤਾਕਤ ਤੋਂ ਬਿਨਾਂ ਕੁੱਝ ਨਹੀਂ। ਵਧਵੀਂ ਮੀਟਿੰਗ ਤੋਂ ਪਹਿਲਾਂ ਚੇਤੰਨ ਸਾਥੀਆਂ ਦੀ ਮੀਟਿੰਗ ਦਾ ਅਸਲ ਮਕਸਦ ਪੁਰਾਣੇ ਪਿਛਾਂਹਖਿੱਚੂ ਵਿਚਾਰਾਂ ਨੂੰ ਖ਼ਾਰਜ ਕਰਦਿਆਂ ਨਵੇਂ ਚੁਣੌਤੀਆਂ ਸੰਗ ਭਿੜਨ ਲਈ ਤੱਤਪਰ ਰਹਿਣਾ ਹੈ। ਹਾਜ਼ਰ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵੀਰ ਸਿੰਘ ਠੀਕਰੀਵਾਲਾ, ਡਾ ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਗਗਨਦੀਪ ਸਿੰਘ ਮਨਾਲ, ਮਨਜੀਤ ਸਿੰਘ ਮਨਾਲ, ਮਨਵੀਰ ਸਿੰਘ ਦੱਧਾਹੂਰ, ਅਜਮੇਰ ਸਿੰਘ ਕਾਲਸਾਂ, ਡਾ ਨਿਰਭੈ ਸਿੰਘ, ਰਜਿੰਦਰ ਸਿੰਘ ਖਿਆਲੀ, ਬਲਵੰਤ ਸਿੰਘ ਬਰਨਾਲਾ, ਕਾਲਾ ਸਿੰਘ ਜੈਦ, ਪ੍ਰੀਤਮ ਸਿੰਘ ਮਹਿਲਕਲਾਂ, ਗੁਰਚਰਨ ਸਿੰਘ ਪ੍ਰੀਤ, ਹਰਪਾਲ ਸਿੰਘ ਪਾਲੀ, ਸੱਤਪਾਲ ਸਿੰਘ ਸੋਹੀ, ਬਲਦੇਵ ਸਿੰਘ ਸਹਿਜੜਾ, ਜਗਤਾਰ ਸਿੰਘ ਠੁੱਲੀਵਾਲ, ਜਸਪਾਲ ਸਿੰਘ ਚੀਮਾ, ਸੰਦੀਪ ਸਿੰਘ ਦੱਧਾਹੂਰ, ਅਜਮੇਰ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਮੀਦੀ, ਬਲਵੀਰ ਸਿੰਘ ਮਨਾਲ, ਜਗਤਾਰ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ ਕਲਾਲਮਾਜਰਾ, ਜਗਰੂਪ ਸਿੰਘ ਗਹਿਲ, ਅਮਨਦੀਪ ਸਿੰਘ ਟਿੰਕੂ, ਧੀਰਜ ਸਿੰਘ ਭਦੌੜ ਆਦਿ ਨੇ ਬੇਸ਼ਕੀਮਤੀ ਸਵਾਲ/ਸੁਝਾਅ ਰੱਖੇ ਜਿਨ੍ਹਾਂ ਨੂੰ ਆਤਮਸਾਤ ਕਰਦਿਆਂ ਨਵੀਂ ਸਥਿਤੀ ਵਿੱਚ ਹੋਰ ਤਹੱਮਲ ਨਾਲ ਅੱਗੇ ਵਧਣ ਦਾ ਦ੍ਰਿੜ ਨਿਸ਼ਚਾ ਪ੍ਰਗਟ ਕੀਤਾ। ਮੀਟਿੰਗ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਚੇਤੰਨ ਆਗੂ ਨਵੀਂ ਚੇਤਨਾ ਦੀ ਲੋਅ ਨਾਲ ਓਤਪੋਤ ਹੋਕੇ ਵਾਪਸ ਪਰਤੇ।