ਕਾਰਨਟ ਕੈਫੇ ਵਿੱਚ 'ਸਹਿਪਾਠੀ ਮਿਲਣੀ ਅਤੇ ਅਧਿਆਪਕਾਂ ਦਾ ਸਨਮਾਨ' ਸਮਾਗਮ ਯਾਦਗਾਰੀ ਹੋ ਨਿਬੜਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 27 ਫਰਵਰੀ 2025 - ਮਨੁੱਖ ਆਪਣੀ ਜ਼ਿੰਦਗੀ ਵਿੱਚ ਭਾਵੇਂ ਜਿੰਨੀ ਵੀ ਤਰੱਕੀ ਕਰ ਲਵੇ, ਪਰ ਉਹ ਆਪਣੇ ਬਚਪਨ ਦੇ ਸਾਥੀਆਂ ਅਤੇ ਸਹਿਪਾਠੀਆਂ ਨੂੰ ਨਹੀਂ ਭੁੱਲਦਾ। ਇਹ ਮਨੁੱਖ ਦੇ ਸੁਭਾਅ ਵਿੱਚ ਸ਼ਾਮਿਲ ਹੈ। ਕਈ ਵਾਰ ਮਨੁੱਖ ਆਪਣੇ ਸਹਿਪਾਠੀਆਂ ਨੂੰ ਮਿਲਣ ਦੇ ਮੌਕੇ ਵੀ ਭਾਲਦਾ ਹੈ। ਇਸ ਪੱਖੋਂ ਮਸ਼ਹੂਰ ਸ਼ਾਇਰ ਸ਼੍ਰੀ ਰਮਜਾਨ ਸਈਦ ਅਤੇ ਇਨਕਮ ਟੈਕਸ ਵਿਭਾਗ ਵਿੱਚੋਂ ਰਿਟਾਇਰਡ ਸੁਪਰਡੰਟ ਸ੍ਰੀ ਸ਼ਫੀਕ ਅਹਿਮਦ ਖਾਂ ਵਧਾਈ ਦੇ ਪਾਤਰ ਹਨ, ਜਿਹਨਾਂ ਦੇ ਯਤਨਾਂ ਸਦਕਾ ਪ੍ਰਾਈਮਰੀ ਤੋਂ ਲੈ ਕੇ ਮੈਟ੍ਰਿਕ ਤੱਕ ਦੇ ਆਪਣੇ ਸਹਿਪਾਠੀਆਂ ਨੂੰ ਮਿਲਣ ਅਤੇ ਮਿਲਾਉਣ ਦੇ ਲਈ ਇੱਕ ਸਮਾਗਮ ਦਾ ਆਯੋਜਨ ਸਥਾਨਕ ਕਾਰਨਟ ਕੈਫੇ ਵਿਚ 'ਸਹਿਪਾਠੀ ਮਿਲਣੀ ਅਤੇ ਅਧਿਆਪਕ ਸਨਮਾਨ' ਅਧੀਨ ਕੀਤਾ। ਉਹਨਾਂ ਇਸ ਸਮਾਗਮ ਵਿੱਚ ਆਪਣੇ ਪੁਰਾਣੇ ਸਾਥੀਆਂ ਨੂੰ ਬੁਲਾਇਆ।
ਅਧਿਆਪਕਾਂ ਦਾ ਸਨਮਾਨ ਕਰਨਾ ਹੁਣ ਬੀਤੇ ਸਮੇਂ ਦੀ ਗੱਲ ਰਹਿ ਗਈ ਹੈ। ਪਰ ਇਸ ਸਮਾਗਮ ਦੀ ਇਹ ਵਿਸ਼ੇਸ਼ਤਾ ਰਹੀ ਕਿ ਆਯੋਜਨ ਕਰਤਾਵਾਂ ਨੇ ਇਸ ਸਮਾਗਮ ਵਿੱਚ ਆਪਣੇ ਪੁਰਾਣੇ ਅਧਿਆਪਕ ਸਰਦਾਰ ਕਿਰਪਾਲ ਸਿੰਘ, ਮਾਸਟਰ ਨੂਰ ਮੁਹੰਮਦ ਜਮਾਲਪੁਰਾ, ਅਲੀ ਜਮੀਰ ਮੁਹੱਲਾ ਕਮਾਨਗਰਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਇਹਨਾਂ ਦਾ ਸਨਮਾਨ ਕੀਤਾ। ਮਾਸਟਰ ਨੂਰ ਮੁਹੰਮਦ ਦੇ ਬਿਮਾਰ ਹੋਣ ਕਾਰਨ ਇਹਨਾਂ ਦੇ ਸਪੁੱਤਰ ਸ੍ਰੀ ਸ਼ਾਹਿਦ ਨੂਰ ਨੇ ਇਸ ਮੌਕੇ ਤੇ ਹਾਜ਼ਰੀ ਲਗਵਾਈ। ਮੰਚ ਦਾ ਸੰਚਾਲਨ ਮਾਸਟਰ ਰਮਜਾਨ ਸਈਦ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ।
ਇਸ ਆਯੋਜਨ ਦੀ ਪ੍ਰਮੁੱਖ ਸ਼ਖਸ਼ੀਅਤ ਮਾਸਟਰ ਕਿਰਪਾਲ ਸਿੰਘ ਨੇ ਆਪਣੇ ਅਧਿਆਪਨ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਇਹ ਪਲ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲ ਹਨ ਅਤੇ ਉਹਨਾਂ ਦੇ ਵਿਦਿਆਰਥੀ ਉਹਨਾਂ ਦੀ ਜ਼ਿੰਦਗੀ ਦੀ ਪੂੰਜੀ ਹਨ। ਸਹਿਪਾਠੀ ਮਿਲਣੀ ਅਤੇ ਅਧਿਆਪਕ ਸਨਮਾਨ ਦਾ ਇਹ ਸਮਾਗਮ ਬਹੁਤ ਹੀ ਭਾਵਨਾਤਮਕ ਮਾਹੌਲ ਵਿੱਚ ਸਮਾਪਤ ਹੋਇਆ।