ਮਹਿਤਾ ਪਰਿਵਾਰ ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ "ਸ੍ਰੀ ਸ਼ਿਵ ਮਹਾਂਪੁਰਾਣ ਕਥਾ" ਦੀਆਂ ਤਿਆਰੀਆਂ ਜ਼ੋਰਾਂ 'ਤੇ
ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2025 :ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਧਾਰਮਿਕ ਲਹਿਰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਮਹਿਤਾ ਪਰਿਵਾਰ ਵੱਲੋਂ ਆਮ ਜਨਤਾ ਅਤੇ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ ਵਿਸ਼ਾਲ "ਸ੍ਰੀ ਸ਼ਿਵ ਮਹਾਂਪੁਰਾਣ ਕਥਾ" 6 ਮਾਰਚ ਤੋਂ 12 ਮਾਰਚ ਤੱਕ ਸ਼੍ਰੀ ਵੈਸ਼ਨੂੰ ਮਾਤਾ ਮੰਦਿਰ, ਪਟੇਲ ਨਗਰ, ਰਿੰਗ ਰੋਡ ਦੇ ਨੇੜੇ ਕਰਵਾਈ ਜਾ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪ੍ਰਸਿੱਧ ਅੰਤਰਰਾਸ਼ਟਰੀ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਸੀਹੋਰ ਵਾਲਿਆਂ ਵੱਲੋਂ ਆਪਣੇ ਮੁਖਾਰਬਿੰਦ ਰਾਹੀਂ ਕਥਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਅੰਤਿਮ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕਥਾ ਸੁਣਾਈ ਜਾਵੇਗੀ।
ਉਨ੍ਹਾਂ ਦੱਸਿਆ ਕੀ ਬੱਸ ਅੱਡੇ ਵਾਲੀ ਸਾਈਟ 'ਤੇ ਕਰੀਬ 20 ਏਕੜ ਜਗ੍ਹਾ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ। ਸ਼੍ਰੀ ਮਹਿਤਾ ਨੇ ਦੱਸਿਆ ਕਿ ਰਿੰਗ ਰੋਡ ਦੀ ਸਲਿਪ ਰੋਡ ਅਤੇ ਇੰਪਰੂਵਮੈਂਟ ਟਰੱਸਟ ਦੇ ਪਲਾਟ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਦੋਂ ਕਿ ਟਰੈਫਿਕ ਸੁਧਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਡ ਮੈਪ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਮਾਰਚ ਦੀ ਸਵੇਰੇ 11 ਵਜੇ ਪ੍ਰਾਚੀਨ ਸ੍ਰੀ ਹਨੁਮਾਨ ਮੰਦਰ, ਪੋਸਟ ਆਫਿਸ ਬਾਜ਼ਾਰ ਤੋਂ ਪੰਜਾਬੀ ਸੱਭਿਅਤਾ ਅਤੇ ਰੰਗਲਾ ਪੰਜਾਬ ਦਰਸਾਉਂਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼੍ਰੀ ਹਨੁੰਮਾਨ ਮੂਰਤੀ ਦੇ ਨੇੜੇ ਸਮਾਪਤ ਹੋਵੇਗੀ। ਇਸ ਯਾਤਰਾ ਵਿੱਚ ਬੱਚੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਪੋਸ਼ਾਕਾਂ ਵਿੱਚ ਨਜ਼ਰ ਆਉਣਗੇ। ਇਸ ਦੌਰਾਨ ਭੰਗੜਾ, ਗਿੱਦਾ ਤੇ ਹੋਰ ਸਭਿਆਚਾਰਕ ਪ੍ਰੋਗ੍ਰਾਮ ਦਾ ਵੀ ਹੋਵੇਗਾ, ਮਹਿਲਾਵਾਂ ਵੱਲੋਂ ਕਲਸ਼ ਯਾਤਰਾ ਕੱਢੀ ਜਾਵੇਗੀ, ਜਦੋਂ ਕਿ ਰੱਥ, ਹਾਥੀ, ਘੋੜੇ ਵੀ ਇਸ ਯਾਤਰਾ ਵਿੱਚ ਸ਼ਾਮਿਲ ਹੋਣਗੇ।
ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਿੱਚ ਆਯੋਜਿਤ ਹੋ ਰਹੀ ਦੂਸਰੀ ਵਿਸ਼ਾਲ "ਸ੍ਰੀ ਸ਼ਿਵ ਮਹਾਂਪੁਰਾਣ ਕਥਾ" ਲਈ ਮੁਫਤ ਪਾਸ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹੋਟਲ ਗੋਲਡ ਸਟਾਰ ਬੀਬੀ ਵਾਲਾ ਰੋਡ, ਪਾਂਧੀ ਪ੍ਰੋਪਰਟੀਜ਼ ਆਦਰਸਨ ਅਗਰ ਗਲੀ ਨੰਬਰ ਇੱਕ, ਵਾਰਡ ਨੰਬਰ 48 ਵਿੱਚ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੇ ਦਫਤਰ, ਰਾਕੇਸ਼ ਕੁਮਾਰ ਬੌਬੀ ਬਿਰਲਾ ਮਿਲ ਕਲੋਨੀ ਗਲੀ ਨੰਬਰ ਇੱਕ, ਵਾਰੀਜ ਕੈਟਰਰਜ਼ ਰਾਜ ਬੁਕ ਸੈਂਟਰ ਡਾਕਟਰ ਓਪੀ ਮਿੱਤਲ ਦੇ ਨੇੜੇ ਕੋਰਟ ਰੋਡ, ਫਰੈਮਿੰਗ ਮੁਮੈਂਟ ਸਟੂਡੀਓ ਨਵੀਂ ਬਸਤੀ ਗਲੀ ਨੰਬਰ 6, ਸੋਨੂੰ ਫੋਟੋਗ੍ਰਾਫੀ ਨਵੀਂ ਬਸਤੀ ਗਲੀ ਨੰਬਰ 6, ਸਾਫਟੇਲ ਸੋਲੂਸ਼ਨ ਮਕਾਨ ਨੰਬਰ 3039-ਏ ਪਾਵਰ ਹਾਊਸ ਰੋਡ ਤੇ ਔਹਰੀ ਆਉਟਲੇਟ੍ਸ ਨੇੜੇ ਰੈੱਡ ਕਰਾਸ ਮਾਰਕੀਟ ਗੋਲ ਡਿੱਗੀ ਤੋਂ ਸ਼ਰਧਾਲੂ ਮੁਫ਼ਤ ਪਾਸ ਲੈ ਸਕਦੇ ਹਨ।
ਦੂਸਰੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਈ-ਪਾਸ ਦੀ ਵਿਵਸਥਾ ਵੀ ਕੀਤੀ ਗਈ ਹੈ। ਜਿਸ ਦੇ ਲਈ ਵੈਬਸਾਈਟ https://shivkatha.softelsolutions.in/ ਤੋਂ ਸ਼ਰਧਾਲੂ ਆਪਣੇ ਪਾਸ ਬੁੱਕ ਕਰਵਾ ਸਕਦੇ ਹਨ ਅਤੇ ਸਕੈਨਰ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਦਿੱਤੇ ਜਾਣ ਵਾਲੇ ਫੰਡ ਲਈ ਅਕਾਊਂਟ ਨੰਬਰ 0148102100001251, ਦ ਵਾਈਟ ਪੇਪਰ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ, ਪੰਜਾਬ ਨੈਸ਼ਨਲ ਬੈਂਕ, ਬਠਿੰਡਾ (Account no: 0148102100001251, Account Name : The White Paper education and welfare Society, IFSC : PUNB0014810, Punjab National Bank, Bank street , Bathinda) ਵੀ ਜਾਰੀ ਕੀਤਾ ਗਿਆ ਹੈ। ਆਰਤੀ ਅਤੇ ਪੰਡਿਤ ਪ੍ਰਦੀਪ ਮਿਸ਼ਰਾ ਜੀ ਨਾਲ ਸਵਾਲ ਜਵਾਬ ਲਈ ਪਰਚੀ ਕਟਵਾਉਣ ਸੰਬੰਧੀ ਰਸ਼ੀਦਾਂ ਵੀ ਤਿਆਰ ਕੀਤੀ ਗਈ ਹੈ, ਜੋ ਉਕਤ ਪਾਸ ਸੈਂਟਰਾਂ ਤੋਂ ਹੀ ਮਿਲਣਗੀਆਂ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਸ਼ਹਿਰ ਵਿੱਚ ਇੱਕ ਹੀ ਤਰ੍ਹਾਂ ਦੇ ਡਿਜ਼ਾਇਨ ਵਾਲੇ ਪੋਸਟਰ ਲਗਾਏ ਗਏ ਹਨ, ਇਸ ਤੋਂ ਇਲਾਵਾ ਕਿਸੇ ਹੋਰ ਡਿਜ਼ਾਇਨ ਵਿੱਚ ਲਗਾਏ ਗਏ ਪੋਸਟਰ ਉਨ੍ਹਾਂ ਨਾਲ ਸੰਬੰਧਿਤ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਕਥਾ ਤੋਂ ਪਹਿਲਾਂ ਪੂਰੇ ਬਠਿੰਡਾ ਨੂੰ ਸੁੰਦਰ ਲਾਈਟਿੰਗ ਨਾਲ ਸਜਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ 20 ਏਕੜ ਜਗ੍ਹਾ 'ਤੇ ਕਰੀਬ 20 ਤੋਂ 30 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਲਈ ਬਹੁਤ ਹੀ ਚੰਗੇ ਅਤੇ ਉਚਿਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਦੀ ਵਿਵਸਥਾ, ਮੋਬਾਈਲ ਟੁਆਇਲੈਟ ਦੀ ਸੁਵਿਧਾ ਸਮੇਤ ਮੈਡੀਕਲ ਸੁਵਿਧਾ ਦੇਣ ਲਈ ਦੋ ਐਂਬੂਲੈਂਸ ਪ੍ਰੋਗ੍ਰਾਮ ਵਾਲੀ ਜਗ੍ਹਾ ਦੇ ਗੇਟ ਦੇ ਨੇੜੇ ਤੈਨਾਤ ਰਹਿਣਗੀਆਂ ਅਤੇ ਛੋਟੀਆਂ ਡਿਸਪੈਂਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਈ ਵੀ ਮਹਿੰਗੀ ਚੀਜ਼, ਜਾਂ ਗਹਿਣੇ ਆਪਣੇ ਨਾਲ ਨਾ ਲੈ ਕੇ ਆਉਣ, ਬਲਕਿ ਜਰੂਰਤ ਦੀ ਚੀਜ਼ ਹੀ ਨਾਲ ਲੈ ਕੇ ਆਉਣ, ਤਾਂ ਜੋ ਕਿਸੇ ਵੀ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।