ਪਰਵਾਸੀਆਂ ਵੱਲੋਂ ਪੰਜਾਬੀਆਂ ਦੀ ਕੁੱਟਮਾਰ ਦਾ ਮਾਮਲਾ: ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ : ਇਲਾਕਾ ਨਿਵਾਸੀ
- ਇਲਾਕੇ ਦਾ ਹੋਇਆ ਵੱਡਾ ਇਕੱਠ
- ਥਰਮਲ ਪਲਾਂਟ ਅੰਦਰ ਸੈਂਕੜਿਆਂ ਦੀ ਤਾਦਾਦ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ : ਇਲਾਕਾ ਨਿਵਾਸੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 27 ਫਰਵਰੀ 2025:ਪਿਛਲੇ ਦੋ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਅੰਦਰ ਕੰਮ ਨੂੰ ਲੈ ਦੋ ਪ੍ਰਵਾਸੀ ਬਾਪ ਪੁੱਤ ਵੱਲੋਂ ਪੰਜਾਬੀ ਨੌਜਵਾਨ ਸੁਪਰਵਾਈਜ਼ਰ ਅਤੇ ਫੋਰਮੈਨ ਦਸਤਾਰਾਂ , ਦਾੜੀ ਤੇ ਕੇਸਾਂ ਦੀ ਬੇਅਦਬੀ ਕਰਨ ਉਪਰੰਤ ਮਾਰ ਕੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲਾ ਗਰਮਾਉਣ ਤੇ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਗੋਲ ਚੱਕਰ ਤੇ ਇਲਾਕਾ ਵਾਸੀਆਂ ਤੇ ਪੰਥ ਦਰਦੀਆਂ, ਵਹਿਣ ਕਮੇਟੀ ਵੱਲੋਂ ਵੱਡਾ ਇਕੱਠ ਹੋਇਆ।
ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ ਵੱਖ ਧਰਾਵਾਂ ਤਹਿਤ 115/126(2)/351(2)/299/3(5) ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ ਰੋਹ ਵਿੱਚ ਆਏ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਪਰਗਟ ਸਿੰਘ ਘਨੌਲੀ , ਭਗਵੰਤ ਸਿੰਘ ਮਟੌਰ, ਨਾਜਰ ਸਿੰਘ ਸ਼ਾਹਪੁਰ ਬੇਲਾ, ਵੀਰ ਸਿੰਘ ਸ਼ਾਹਪੁਰ ਵੇਲਾ, ਗੁਰਬਚਨ ਸਿੰਘ ਬੈਂਸ, ਹਰਭਜਨ ਸਿੰਘ, ਸਵਰਨਜੀਤ ਸਿੰਘ ਬੋਬੀ ਸੂਬੇਦਾਰ ਅਵਤਾਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਅਲੀਪੁਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਅਜਿਹੇ ਘਿਨੋਣੇ ਵਰਤਾਰੇ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋ ਰਹੇ ਅਜਿਹੇ ਹਾਲਾਤਾਂ ਨੂੰ ਰੋਕਣ ਵਿੱਚ ਹੋ ਰਹੀਆਂ ਢਿੱਲਾਂ ਸਰਕਾਰਾਂ ਦੀ ਨਲਾਇਕੀ ਹੈ । ਅਸੀਂ ਪ੍ਰਵਾਸ ਦੇ ਵਿਰੁੱਧ ਨਹੀਂ ਹਾਂ ਪਰ ਪੰਜਾਬ ਦੇ ਲੋਕਾਂ ਦੇ ਮੂਲ ਅਧਿਕਾਰ ਲਾਗੂ ਕਰਨ ਲਈ ਸਰਕਾਰਾਂ ਨੂੰ ਹੁਣ ਸਟੇਟ ਦੇ ਮੂਲ ਨਿਵਾਸੀਆਂ ਦੇ ਹੱਕ ਰਾਖਵਾਕਰਨ ਵਿੱਚ ਅਜਿਹਾ ਕਾਨੂੰਨ ਬਣਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਹੈ। ਜੋ ਕਈ ਸੂਬਿਆਂ ਨੇ ਆਪਣੇ ਰਾਜ ਦੇ ਲੋਕਾਂ ਲਈ ਅਤੇ ਨੌਜਵਾਨਾਂ ਦੇ ਭਵਿੱਖ ਸੁਰੱਖਿਅਤ ਰੱਖਣ ਦੇ ਲਈ ਪਾਸ ਕਰ ਦਿੱਤੇ ਹਨ। ਭਾਵ ਉਹਨਾਂ ਰਾਜਾਂ ਤੇ ਨਾ ਕੋਈ ਜਮੀਨ ਖਰੀਦ ਸਕਦੇ ਹਨ ਅਤੇ 75% ਸਰਕਾਰੀ ਤੇ ਗੈਰ ਸਰਕਾਰੀ ਨੌਕਰੀ ਉੱਥੇ ਦੇ ਮੂਲ ਨਿਵਾਸੀ ਕਰਨਗੇ ।
ਉਨਾਂ ਨੇ ਕਿਹਾ ਕਿ ਅਸੀਂ ਵਾਰ ਵਾਰ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਸਰਕਾਰੀ ਨੌਕਰੀ ਜਮੀਨ ਦਾ ਅਧਿਕਾਰ ਤੇ ਨਹਿਰੀ ਪਾਣੀ ਪੰਜਾਬ ਦੇ ਪਿੰਡਾਂ ਨੂੰ ਦੇਣ ਦੀ ਮੰਗ ਕਰਦੇ ਆ ਰਹੇ ਹਾਂ। ਗੌਰਵ ਰਾਣਾ ਤੇ ਭਗਵੰਤ ਸਿੰਘ ਮਟੋਰ ਨੇ ਕਿਹਾ ਕਿ ਸਾਡੀ ਵਹਿਣ ਟੀਮ ਵੱਲੋਂ ਸੂਬੇ ਦੇ ਮੁੱਖ ਮੰਤਰੀ ਨੂੰ ਇੱਕ ਪੂਰਾ ਖਰੜਾ ਤਿਆਰ ਕਰਕੇ ਇਸ ਮੁੱਦੇ ਤੇ ਦੇ ਦਿੱਤਾ ਗਿਆ ਹੈ।
ਪਰ ਸਰਕਾਰਾਂ ਦੇ ਅਵੇਸਲੇ ਪਣ ਕਾਰਨ ਪੰਜਾਬ ਵਿੱਚ ਅਜਿਹੇ ਹਾਲਾਤ ਵਾਰ-ਵਾਰ ਬਣ ਰਹੇ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆ ਕੇ ਪੰਜਾਬੀਆਂ ਨਾਲ ਕੁੱਟਮਾਰ ਦਾੜੀ ਪੱਟਣ ਵਰਗੇ ਕਾਰਜ ਤੇ ਇੱਥੇ ਦੇ ਮਾਹੌਲ ਖਰਾਬ ਕਰਨ ਦੀ ਪ੍ਰਕਿਰਿਆ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।
ਇਸ ਪੂਰੇ ਮਾਮਲੇ ਨੂੰ ਲੈ ਕੇ ਸਮੂਹ ਇਲਾਕਾ ਵਾਸੀ ਤੇ ਸੰਘਰਸ਼ਕਾਰੀ ਆਗੂਆਂ ਦਾ ਵਫਦ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੁੱਖ ਚੀਫ ਇੰਜੀਨੀਅਰ ਹਰੀਸ਼ ਕੁਮਾਰ ਨੂੰ ਮਿਲਿਆ । ਉਹਨਾਂ ਨੇ ਜਿੱਥੇ ਇਹਨਾਂ ਦੋਸ਼ੀ ਬਾਪ , ਪੁੱਤ ਉੱਤੇ ਨੌਕਰੀ ਤੋਂ ਫਾਰਗ ਕਰਨ ਦਾ ਭਰੋਸਾ ਮੀਟਿੰਗ ਦੌਰਾਨ ਵਭਦ ਨੂੰ ਦਿੱਤਾ। ਉਥੇ ਹੀ ਗੈਰ ਕਾਨੂੰਨੀ ਨਾਲ ਵਸੇਵਾ ਕਰ ਰਹੇ ਪ੍ਰਵਾਸੀਆਂ ਬਾਰੇ ਵੀ ਗੱਲ ਕੀਤੀ ਤਾਂ ਚੀਫ ਇੰਜੀਨੀਅਰ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਇਸ ਗੈਰ ਕਾਨੂੰਨੀ ਰੂਪ ਵਿੱਚ ਥਰਮਲ ਅੰਦਰ ਪ੍ਰਵਾਸ ਕਰ ਰਹੇ ਲੋਕਾਂ ਦੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਲਿਖ ਕੇ ਭੇਜੀ ਹੋਈ ਹੈ।
ਤੇ ਮੈਂ ਵੀ ਚਾਹੁੰਦਾ ਹਾਂ ਜਲਦ ਤੋਂ ਜਲਦ ਥਰਮਲ ਪਲਾਂਟ ਦੀ ਹਦੂਦ ਅੰਦਰ ਅਜਿਹੇ ਸਾਰੇ ਲੋਕ ਬਾਹਰ ਕੀਤੇ ਜਾਣ।
ਉਨਾਂ ਨੇ ਵਫਦ ਨੂੰ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ।
ਇਸ ਮੌਕੇ ਇੱਥੇ ਐਸਐਚ ਓ ਸਿਮਰਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਕੁੱਟਮਾਰ ਦੇ ਮਾਮਲੇ ਵਿੱਚ ਪ੍ਰਵਾਸੀਆਂ ਉੱਤੇ ਸਖਤ ਧਾਰਾਵਾਂ ਤਹਿਤ ਕਾਰਵਾਈ ਕਰ ਦਿੱਤੀ ਹੈ ।
ਸਮੂਹ ਸੰਘਰਸ਼ੀ ਆਗੂਆਂ ਤੇ ਵਫਦ ਦੇ ਮੈਂਬਰਾਂ ਨੇ ਮੌਕੇ ਤੇ ਫੈਸਲਾ ਲੈਂਦਿਆਂ ਕੱਲ ਸ਼ੁਕਰਵਾਰ ਨੂੰ ਥਰਮਲ ਪਲਾਂਟ ਅੰਦਰ ਰਹਿ ਰਹੇ ਗੈਰ ਕਾਨੂਨੀ ਪ੍ਰਵਾਸੀਆਂ ਸਬੰਧੀ ਮੁੱਖ ਚੀਫ ਇੰਜੀਨੀਅਰ ਤੇ ਡੀਸੀ ਰੂਪਨਗਰ ਹਿਮਾਂਸ਼ੂ ਜੈਨ ਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੂੰ ਮਿਲ ਕੇ ਅਗਲੇਰੀ ਕਾਰਵਾਈ ਕਰਾਉਣ ਦਾ ਫੈਸਲਾ ਲਿਆ।