ਪੱਤਰਕਾਰਤਾ ਲਈ ਭਾਰਤ ਦੁਨੀਆ ਦੇ ਸਭ ਤੋਂ ਜ਼ੋਖ਼ਮ ਵਾਲੇ ਮੁਲਕਾਂ ਵਿਚ ਸ਼ੁਮਾਰ ਹੋਇਆ:ਐਸ. ਐਨ ਸਿਨਹਾ
ਅਸ਼ੋਕ ਵਰਮਾ
ਰਾਮਪੁਰਾ, 27 ਫਰਵਰੀ 2025:ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਬਠਿੰਡਾ ਵਲੋਂ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਵਿਚ ਪ੍ਰਧਾਨਗੀ ਸੰਬੋਧਨ ਕਰਦਿਆਂ ਇੰਡੀਅਨ ਜਰਨਾਲਿਸਟਸ ਯੂਨੀਅਨ ਦੇ ਸਾਬਕਾ ਕੌਮੀ ਪ੍ਰਧਾਨ ਐਸ. ਐਨ. ਸਿਨਹਾ ਨੇ ਕਿਹਾ ਕਿ ਅਜੋਕੇ ਸਮੇਂ ਪੱਤਰਕਾਰਤਾ ਲਈ ਭਾਰਤ ਦੁਨੀਆ ਦੇ ਸਭ ਤੋਂ ਜ਼ੋਖ਼ਮ ਵਾਲੇ ਮੁਲਕਾਂ ਵਿਚ ਸ਼ੁਮਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ‘ਚ ਪੱਤਰਕਾਰਾਂ ‘ਤੇ ਹਮਲੇ ਦਿਨ ਪ੍ਰਤੀ ਦਿਨ ਵਧ ਰਹੇ ਹਨ ਜਿਸ ਖਿਲਾਫ ਪੱਤਰਕਾਰਾਂ ਨੂੰ ਦੇਸ਼ ਵਿਆਪੀ ਸੰਘਰਸ਼ ਵਿੱਢਣ ਦੀ ਲੋੜ ਹੈ। ਉਨ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਪੱਧਰ ‘ਤੇ ਮੀਡੀਆ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ।
ਸਿਨਹਾ ਨੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਜਮਹੂਰੀਅਤ ਦੀ ਰਾਖੀ ਹੀ ਮੀਡੀਆ ਦੀ ਆਜ਼ਾਦੀ ਦੀ ਜਾਮਨੀ ਹੈ। ਦੁਆਬਾ ਕਾਲਜ ਜਲੰਧਰ ਦੇ ਪੱਤਰਕਾਰਤਾ ਵਿਭਾਗ ਦੀ ਮੁਖੀ ਡਾ. ਸਿਮਰਨ ਕੌਰ ਸਿੱਧੂ ਨੇ ਸੈਮੀਨਾਰ ਦੌਰਾਨ ਆਪਣਾ ਪਰਚਾ ਪੇਸ਼ ਕਰਦਿਆਂ “ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ” ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਮੀਡੀਆ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਪੱਤਰਕਾਰਾਂ ਨੂੰ ਵੀ ਇਸ ਬਦਲੇ ਹੋਏ ਹਾਲਾਤ ਵਿਚ ਖ਼ੁਦ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਸ਼ਾਮਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨਾ ਮੀਡੀਆ ਦਾ ਪ੍ਰਮੁੱਖ ਕੰਮ ਹੈ। ਉਹਨਾਂ ਕਿਹਾ ਕਿ ਇਸ ਜਿੰਮੇਵਾਰੀ ਤੇ ਬਿਨਾਂ ਕਿਸੇ ਭੇਦਭਾਵ ਤੋਂ ਇਸ ‘ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਸੱਤਾ ਵਲੋਂ ਮੀਡੀਆ ‘ਤੇ ਹੋਣ ਵਾਲੇ ਹਮਲਿਆਂ ‘ਤੇ ਵੀ ਉਂਗਲ ਧਰੀ।
ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਕੌਮੀ ਪੱਧਰ ‘ਤੇ ਮੀਡੀਆ ਕਮਿਸ਼ਨ ਦੇ ਗਠਨ ਦੀ ਮੰਗ ਕਰਦਿਆਂ ਪੱਤਰਕਾਰਾਂ ‘ਤੇ ਨਿੱਤ ਦਿਨ ਹੋ ਰਹੇ ਹਮਲਿਆਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਯੂਨੀਅਨ ਵੱਲੋਂ ਮੁਲਕ ਭਰ ਵਿੱਚ ਲੜੇ ਜਾ ਰਹੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜੱਥੇਬੰਦੀ ਦੇ ਬਠਿੰਡਾ ਯੂਨਿਟ ਵਲੋਂ ਅਜਿਹੇ ਗੰਭੀਰ ਵਿਸ਼ਿਆਂ ‘ਤੇ ਸੈਮੀਨਾਰ ਕਰਾਉਣ ਦੀ ਸ਼ਲਾਘਾ ਕਰਦਿਆਂ ਪੰਜਾਬ ਵਿਚ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਿਹਾਰ ਵਰਗੇ ਗਰੀਬ ਸੂਬੇ ਵਲੋਂ ਸਾਰੇ ਪੱਤਰਕਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, ਪ੍ਰੰਤੂ ਸੂਬਾ ਸਰਕਾਰ ਪੱਤਰਕਾਰਾਂ ਦੀਆਂ ਜਾਇਜ਼ ਮੰਗਾਂ ਵਲੋਂ ਮੂੰਹ ਮੋੜੀ ਬੈਠੀ ਹੈ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਬੀਰ ਜੰਡੂ ਨੇ ਸੰਬੋਧਨ ਵਿਚ ਜੱਥੇਬੰਦੀ ਦੇ ਗਠਨ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਜੱਥੇਬੰਦੀ ਨੇ ਸੂਬੇ ਦੇ ਪੱਤਰਕਾਰਾਂ ਲਈ ਸਿਹਤ ਬੀਮਾ ਯੋਜਨਾ, ਟੋਲ ਟੈਕਸ ਵਿਚ ਛੋਟ ਤੋਂ ਇਲਾਵਾ ਕੁਝ ਹੋਰ ਮੰਗਾਂ ਮੰਨਵਾਈਆਂ ਸਨ। ਉਨ੍ਹਾਂ ਪੱਤਰਕਾਰਾਂ ਲਈ ਪੀਲੇ ਕਾਰਡ ਬਣਾਉਣ ਵਿਚ ਆ ਰਹੀਆਂ ਦਿੱਕਤਾਂ ਦੂਰ ਕਰਨ, ਪੱਤਰਕਾਰਾਂ ਲਈ ਸਸਤੀਆਂ ਦਰਾਂ ‘ਤੇ ਘਰ ਬਣਾਉਣ ਲਈ ਰਾਖਵਾਂ ਕੋਟਾ ਦੇਣ ਦੀ ਮੰਗ ਕੀਤੀ ਅਤੇ ਹਰਿਆਣਾ ਪੈਟਰਨ ‘ਤੇ ਬੱਸ ਪਾਸ ਤੇ ਪੈਨਸ਼ਨ ਯੋਜਨਾ ਲਾਗੂ ਕਰਨ ਦੀ ਮੰਗ ਵੀ ਕੀਤੀ। ਜੱਥੇਬੰਦੀ ਦੇ ਸੂਬਾਈ ਜੱਥੇਬੰਦਕ ਸਕੱਤਰ ਅਤੇ ਮਾਲਵਾ ਜ਼ੋਨ ਇੰਚਾਰਜ ਸੰਤੋਖ ਗਿੱਲ ਨੇ ਵੀ ਮੀਡੀਆ ਸਾਹਮਣੇ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰੀਏ, ਵਿਸ਼ੇ ‘ਤੇ ਤੱਥਾਂ ਅਤੇ ਅੰਕਿੜਿਆਂ ਸਹਿਤ ਪਰਚਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਦੇ ਸਮੇਂ ਦੌਰਾਨ ਇਹ ਹਮਲੇ ਹੋਰ ਵੀ ਵਧੇ ਹਨ। ਉਨ੍ਹਾਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੱਥੇਬੰਦੀ ਮਜ਼ਬੂਤ ਕਰਨ ਦੀ ਨਸੀਹਤ ਦਿੱਤੀ।
ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਮਹਿਮਾਨ ਵਜੋਂ ਸੈਮੀਨਾਰ ਵਿਚ ਸ਼ਾਮਲ ਹੋਏ ਅਤੇ ਵੱਡਮੁੱਲੇ ਵਿਚਾਰ ਰੱਖੇ। ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟਸ ਯੂਨੀਅਨ ਜ਼ਿਲ੍ਹਾ ਟੀਮ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਜਨਰਲ ਸਕੱਤਰ ਸੁਖਨੈਬ ਸਿੱਧੂ, ਚੇਅਰਮੈਨ ਗੁਰਤੇਜ ਸਿੰਘ ਸਿੱਧੂ, ਖ਼ਜ਼ਾਨਚੀ ਗੁਰਦਰਸ਼ਨ ਸਿੰਘ ਲੁੱਧੜ, ਸਰਪ੍ਰਸਤ ਨਰਪਿੰਦਰ ਸਿੰਘ ਧਾਲੀਵਾਲ ਅਤੇ ਸੂਬਾਈ ਲੀਡਰਸ਼ਿੱਪ ਵਲੋਂ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਵਲੋਂ ਆਪਣੀਆਂ ਸਮੱਸਿਆਵਾਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵਰਗੇ ਗੰਭੀਰ ਵਿਸ਼ੇ ‘ਤੇ ਸੈਮੀਨਾਰ ਕਰਾਉਣ ਲਈ ਵਧਾਈ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਆਪਣਾ ਕੰਮ ਪੂਰੀ ਨੇਕ ਨੀਅਤੀ ਅਤੇ ਨਿਰਪੱਖਤਾ ਨਾਲ ਕਰਨ ਦੀ ਨਸੀਹਤ ਵੀ ਦਿੱਤੀ।
ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਮੰਦਰ ਸਿੰਘ ਚੱਠਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਅਜਿਹੇ ਗੰਭੀਰ ਵਿਸ਼ੇ ‘ਤੇ ਉਨ੍ਹਾਂ ਦੀ ਸੰਸਥਾ ਵਿਖੇ ਸੂਬਾ ਪੱਧਰੀ ਸੈਮੀਨਾਰ ਕਰਾਉਣ ਲਈ ਧੰਨਵਾਦ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿਚ ਫਤਿਹ ਗਰੁੱਪ ਦੇ ਵਿਦਿਆਰਥੀਆਂ ਦੇ ਥਿਏਟਰ ਗਰੁੱਪ ‘ਮਸਤਾਨੇ’ ਵਲੋਂ ਪੰਜਾਬ ਵਿਚ ਨਸ਼ਿਆਂ ‘ਤੇ ਚੋਟ ਕਰਦਾ ਨੁੱਕੜ ਨਾਟਕ ‘ਇਕ ਸੀ ਰੰਗ ਸਫੇਦ’ ਪੇਸ਼ ਕੀਤਾ ਗਿਆ, ਨੂੰ ਦਰਸ਼ਕਾਂ ਨੇ ਖੂਬ ਸਲਾਹਿਆ।ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟਸ ਯੂਨੀਅਨ ਦੀ ਬਠਿੰਡਾ ਟੀਮ ਵਲੋਂ ਕੌਮੀ ਅਤੇ ਸੂਬਾਈ ਲੀਡਰਸ਼ਿੱਪ ਤੋਂ ਇਲਾਵਾ ਸਾਰੇ ਮਹਿਮਾਨਾਂ ਅਤੇ ਮੁੱਖ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ ਸਮੁੱਚੀਆਂ ਮੰਡੀਆਂ, ਕਸਬਿਆਂ ਦੇ ਪੱਤਰਕਾਰ ਵੀ ਮੌਜੂਦ ਸਨ।