ਪੰਜਾਬੀ ਯੂਨੀਵਰਸਿਟੀ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚਲੇ ਪ੍ਰਸ਼ਨਾਂ ਨੂੰ ਸੌਖਿਆਂ ਹੱਲ ਕਰਨ ਦੀ ਸਿਖਲਾਈ ਦਿੱਤੀ
ਪਟਿਆਲਾ, 27 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚਲੇ ਪ੍ਰਸ਼ਨਾਂ ਨੂੰ ਸੌਖਿਆਂ ਅਤੇ ਜਲਦੀ ਹੱਲ ਕਰਨ ਦੇ ਢੰਗਾਂ ਬਾਰੇ ਸਿਖਲਾਈ ਦਿੱਤੀ ਗਈ। ਇਸ ਮਕਸਦ ਲਈ 2 ਘੰਟੇ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਲਈ ਸਰਕਾਰੀ ਸਕੂਲ ਲੈਕਚਰਾਰ ਵਜੋਂ 25 ਸਾਲ ਦਾ ਅਧਿਆਪਨ ਤਜਰਬਾ ਰੱਖਣ ਵਾਲੇ ਬੁਲਾਰੇ ਸੁਨੀਲ ਕੁਮਾਰ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਪਲੇਸਮੈਂਟ ਨਾਲ਼ ਸਬੰਧਤ ਗਤੀਵਿਧੀਆਂ ਦੀ ਸਿਖਲਾਈ ਬਾਰੇ ਲੜੀ ਤਹਿਤ ਇਸ ਦਿਸ਼ਾ ਵਿੱਚ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਐਪਟੀਚੂਡ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਸ਼ਾਰਟਕੱਟ ਤਰੀਕਿਆਂ ਬਾਰੇ ਸਿਖਾਇਆ।
ਸੁਨੀਲ ਕੁਮਾਰ ਨੇ ਵਿਦਿਆਰਥੀਆਂ ਨੂੰ ਸਬੰਧਤ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਵਿਹਾਰਕ ਪੱਧਰ ਉੱਤੇ ਅਪਣਾਏ ਜਾ ਸਕਣ ਵਾਲ਼ੇ ਸ਼ਾਰਟਕੱਟ ਅਤੇ ਸੌਖੇ ਤਰੀਕੇ ਦੱਸੇ। ਵਿਦਿਆਰਥੀਆਂ ਵੱਲੋਂ ਇਸ ਸੈਸ਼ਨ ਬਾਰੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਅਜਿਹੇ ਹੋਰ ਸਿਖਲਾਈ ਸੈਸ਼ਨਾਂ ਦੀ ਮੰਗ ਕੀਤੀ ਗਈ। ਵਿਭਾਗ ਦੇ ਮੁਖੀ ਪ੍ਰੋ. ਗਗਨਦੀਪ ਨੇ ਕਿਹਾ ਕਿ ਅੱਜਕੱਲ੍ਹ ਸਾਰੀਆਂ ਸਰਕਾਰੀ ਨੌਕਰੀਆਂ ਟੈਸਟਾਂ 'ਤੇ ਅਧਾਰਤ ਹੁੰਦੀਆਂ ਹਨ ਜਿਨ੍ਹਾਂ ਵਿੱਚ ਅਜਿਹੇ ਪ੍ਰਸ਼ਨ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਯੂ.ਜੀ.ਸੀ. ਨੈੱਟ ਪ੍ਰੀਖਿਆ, ਜੋ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਲਈ ਯੋਗਤਾ ਪ੍ਰੀਖਿਆ ਹੈ, ਵਿੱਚ ਵੀ ਅਜਿਹੇ ਪ੍ਰਸ਼ਨ ਸ਼ਾਮਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਲੜੀ ਤਹਿਤ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ।