ਲੜਾਈ ਦੌਰਾਨ ਸ਼ਿਵ ਸੈਨਾ ਆਗੂ ਰਾਜਾ ਵਾਲੀਆ ਤੇ ਉਸਦਾ ਭਰਾ ਗੰਭੀਰ ਜਖਮੀ
ਲੜਾਈ ਚ ਗੋਲੀਆਂ ਵੀ ਚੱਲੀਆਂ, ਗੋਲੀ ਦੀ ਛਰੇ ਲੱਗਣ ਨਾਲ ਪੁਲਿਸ ਮੁਲਾਜ਼ਮ ਵੀ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ 27 ਫਰਵਰੀ 2025- ਬੁੱਧਵਾਰ ਦੀ ਦੀ ਦੇਰ ਸ਼ਾਮ ਬਟਾਲਾ ਚ ਇੱਕ ਝਗੜੇ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਆਗੂ ਰਾਜਾ ਵਾਲੀਆ ਤੇ ਉਸਦਾ ਭਰਾ ਗੰਭੀਰ ਜਖਮੀ ਹੋ ਗਏ ਹਨ, ਜਦਕਿ ਲੜਾਈ ਦੀ ਸੂਚਨਾ ਮਿਲਣ ਤੇ ਮੌਕੇ ਤੇ ਗਿਆ ਇੱਕ ਪੁਲਿਸ ਮੁਲਾਜ਼ਮ ਵੀ ਗੋਲੀਆਂ ਦੇ ਛਰੇ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਹਾਥੀ ਗੇਟ ਦੇ ਨਜ਼ਦੀਕ ਦੋ ਗੁੱਟਾਂ ਚ ਲੜਾਈ ਹੋ ਰਹੀ ਹੈ ਅਤੇ ਜਦ ਘਟਨਾ ਵਾਲੀ ਥਾਂ ਤੇ ਪੀਸੀਆਰ ਨੰਬਰ 18 ਨੰਬਰ ਦੇ ਮੁਲਾਜ਼ਮ ਨਰਿੰਦਰ ਸਿੰਘ ਤੇ ਉਸਦਾ ਸਾਥੀ ਮੌਕੇ ਤੇ ਪੁੱਜੇ ਤਾਂ ਇੱਕ ਧਿਰ ਵਲੋਂ ਚਲਾਈ ਗੋਲੀ ਦੌਰਾਨ ਪੁਲਿਸ ਮੁਲਾਜਮ ਨਰਿੰਦਰ ਸਿੰਘ ਦੇ ਗੋਲੀਆਂ ਦੇ ਛਰੇ ਲੱਗੇ ਹਨ । ਉਹਨਾਂ ਦੱਸਿਆ ਕਿ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਡੀਐਸਪੀ ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਲੜਾਈ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਰਜਿੰਦਰ ਸਿੰਘ ਰਾਜਾ ਵਾਲੀਆ ਅਤੇ ਉਸਦਾ ਭਰਾ ਸਤਿੰਦਰ ਪਾਲ ਲੱਕੀ ਵਾਲੀਆ ਉੱਤੇ ਹਜ਼ੂਮ ਨੇ ਹਮਲਾ ਕਰ ਦਿੱਤਾ,ਜਿਸ ਨਾਲ ਦੋਵੇਂ ਭਰਾ ਗੰਭੀਰ ਰੂਪ ਚ ਜਖਮੀ ਹੋਏ ਹਨ। ਜਿਨ੍ਹਾਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ, ਜਿੱਥੋਂ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸੱਚਾਈ ਸਾਹਮਣੇ ਆਏਗੀ ਉਸ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਸ਼ਿਵ ਸੈਨਾ ਆਗੂ ਅਤੇ ਉਸ ਦੇ ਭਰਾ ਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਿਕ ਵੱਡੀ ਗਿਣਤੀ ਚ ਇਕੱਠੇ ਹੋ ਗਏ । ਇਸ ਲੜਾਈ ਦੇ ਨਾਲ ਬਟਾਲਾ ਸ਼ਹਿਰ ਚ ਸਥਿਤੀ ਗੰਭੀਰ ਬਣੀ ਹੋਈ ਹੈ।