ਸੀਜੀਸੀ ਲਾਂਡਰਾਂ ਦੇ ਸਹਿਯੋਗ ਸਦਕਾ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਖੂਨਦਾਨ ਕੈਂਪ
ਹਰਜਿੰਦਰ ਸਿੰਘ ਭੱਟੀ
- ਕੈਂਪ ਦੌਰਾਨ ਵਲੰਟੀਅਰਾਂ ਨੇ 250 ਯੂਨਿਟ ਖੂਨਦਾਨ
ਮੋਹਾਲੀ, 27 ਫਰਵਰੀ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਸਹਿਯੋਗ ਸਦਕਾ ਰੋਟਰੀ ਕਲੱਬ ਚੰਡੀਗੜ੍ਹ ਅਤੇ ਬਲੱਡ ਬੈਂਕ ਸੋਸਾਇਟੀ ਆਫ ਚੰਡੀਗੜ੍ਹ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਸੀਜੀਸੀ ਲਾਂਡਰਾ ਦੇ ਵਿਿਦਆਰਥੀਆਂ, ਕਰਮਚਾਰੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ 250 ਯੂਨਿਟ ਖੂਨ ਦਾਨ ਕੀਤਾ ਜੋ ਕਿ ਖੂਨਦਾਨ ਸੈਂਟਰ, ਸੈਕਟਰ 37, ਚੰਡੀਗੜ੍ਹ ਨੂੰ ਦਾਨ ਕੀਤਾ ਜਾਵੇਗਾ।
ਇਸ ਕੈਂਪ ਦਾ ਉਦਘਾਟਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਟੀਨਾ ਵਿਰਕ, ਡਾਇਰੈਕਟਰ ਯੁਵਾ ਸੇਵਾਵਾਂ, ਰੋਟਰੀ ਕਲੱਬ, ਅਰੁਣ ਅਗਰਵਾਲ, ਸੰਯੁਕਤ ਸਕੱਤਰ, ਰੋਟਰੀ ਕਲੱਬ ਅਤੇ ਗੁਰਵਿੰਦਰ ਸੱਗੂ, ਡਾਇਰੈਕਟਰ ਕਮਿਊਨਿਟੀ ਸਰਵਿਸ, ਰੋਟਰੀ ਕਲੱਬ ਚੰਡੀਗੜ੍ਹ, ਡਾਇਰੈਕਟਰ ਆਰਟੀਐਨ ਡਾ.ਮਨੀਸ਼ ਰਾਏ, ਡਾ.ਰੋਲੀ ਅਗਰਵਾਲ, ਬਲੱਡ ਬੈਂਕ, ਸੈਕਟਰ 37, ਚੰਡੀਗੜ੍ਹ, ਸੀਜੀਸੀ ਲਾਂਡਰਾਂ ਦੇ ਡੀਨ ਅਤੇ ਡਾਇਰੈਕਟਰਾਂ ਦੀ ਮੌਜੂਦਗੀ ਵਿੱਚ ਕੀਤਾ।
ਇਸ ਪਹਿਲਕਦਮੀ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਨੇਕ ਪਹਿਲਕਦਮੀ ਲਈ ਦਾਨੀਆਂ ਦੇ ਉਤਸ਼ਾਹ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ ਟੀਨਾ ਵਿਰਕ ਨੇ ਕੈਂਪ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਡੀਨ ਵਿਿਦਆਰਥੀ ਭਲਾਈ, ਸ਼੍ਰੀਮਤੀ ਗਗਨਦੀਪ ਕੌਰ ਭੁੱਲਰ ਸਣੇ ਸੀਜੀਸੀ ਲਾਂਡਰਾਂ ਦੇ ਪ੍ਰਬੰਧਨ, ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਦੇ ਨਾਲ ਹੀ ਸ਼੍ਰੀਮਤੀ ਵਿਰਕ ਨੇ ਖੂਨ ਦਾਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ, ਨਾਲ ਹੀ ਸੈਕਟਰ 37 ਵਿੱਚ ਰੋਟਰੀ ਅਤੇ ਬਲੱਡ ਬੈਂਕ ਰਿਸੋਰਸ ਸੈਂਟਰ ਦੀ ਉੁਸ ਵਚਨਬੱਧਤਾ ਨੂੰ ਵੀ ਰੇਖਾਂਕਿਤ ਕੀਤਾ ਜੋ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਸਣੇ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਪਲੇਟਲੈਟਸ ਅਤੇ ਬਲੱਡ ਯੂਨਿਟਾਂ ਤੱਕ ਮੁਫਤ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ 24x7 ਖੁੱਲ੍ਹੀ ਹੈ।
ਖੂਨਦਾਨ ਕੈਂਪ ਦਾ ਉਦੇਸ਼ ਨੌਜਵਾਨਾਂ ਨੂੰ ਨਿਰਸਵਾਰਥ ਸਮਾਜ ਸੇਵਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖੂਨ ਦਾਨ ਕਰਨ ਦੇ ਮਹੱਤਵ ਨੂੰ ਸਮਝਾਉਣਾ ਸੀ ਜਿਸ ਨਾਲ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਕੈਂਪ ਦੌਰਾਨ ਡਾਕਟਰਾਂ ਦੀ ਇੱਕ ਸਮਰਪਿਤ ਟੀਮ ਨੇ ਕੈਂਪ ਵਿੱਚ ਵੱਖ-ਵੱਖ ਡਾਕਟਰੀ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਪ੍ਰੀ-ਮੈਡੀਕਲ ਟੈਸਟ ਵੀ ਕੀਤੇ।