ਵੱਡੀ ਖ਼ਬਰ: ਬਠਿੰਡਾ ਜ਼ੇਲ੍ਹ ’ਚੋਂ ਰਿਹਾਅ ਹੋਏ ਕਿਸਾਨ ਆਗੂ, ਜੋਰਦਾਰ ਨਾਅਰਿਆਂ ਨਾਲ ਸਵਾਗਤ
ਅਸ਼ੋਕ ਵਰਮਾ
ਬਠਿੰਡਾ, 20 ਫਰਵਰੀ 2026:ਪਿੰਡ ਚਾਉਕੇ ਵਿਖੇ ਸਥਿਤ ਆਦਰਸ਼ ਸਕੂਲ ਦੇ ਮਾਮਲੇ ’ਚ ਸੰਘਰਸ਼ ਦੌਰਾਨ ਗ੍ਰਿਫ਼ਤਾਰੀ ਮਗਰੋਂ ਜ਼ੇਲ੍ਹ ਭੇਜੇ ਦੋ ਕਿਸਾਨ ਆਗੂ ਸ਼ਗਨਦੀਪ ਸਿੰਘ ਵਾਸੀ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਜ਼ਮਾਨਤ ਉਪਰੰਤ ਅੱਜ ਜ਼ੇਲ੍ਹ ’ਚੋਂ ਰਿਹਾਅ ਹੋ ਕੇ ਬਾਹਰ ਆ ਗਏ। ਜ਼ੇਲ੍ਹੋਂ ਬਾਹਰ ਨਿੱਕਲਦਿਆਂ ਹੀ ਕਿਸਾਨਾਂ ਦਾ ਵੱਡੀ ਗਿਣਤੀ ਕਿਸਾਨ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਹਾਜ਼ਰ ਕਿਸਾਨਾਂ ਨੇ ਜਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਇਸ ਨੂੰ ਆਪਣੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਆਪਣੀਆਂ ਮੰਗਾਂ ਲਈ ਸੰਘਰਸ਼ਾਂ ਤੇ ਟੇਕ ਰੱਖਣ ਦਾ ਸੱਦਾ ਦਿੱਤਾ।ਇਸ ਮੌਕੇ ਇਕੱਤਰ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਹੀ ਸਰਕਾਰੀ ਸ਼ਹਿ ’ਤੇ ਪੁਲਿਸ ਨੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜ਼ੇਲ੍ਹਾਂ ’ਚ ਡੱਕ ਦਿੱਤਾ ਸੀ ਪਰ ਇਹ ਜ਼ੇਲ੍ਹਾਂ ਅਤੇ ਥਾਣਿਆਂ ਦੇ ਡਰਾਵੇ ਉਨ੍ਹਾਂ ਦੇ ਸੰਘਰਸ਼ਾਂ ਦਾ ਰਾਹ ਨਹੀਂ ਰੋਕ ਸਕਦੇ।
ਆਗੂਆਂ ਨੇ ਆਖਿਆ ਕਿ ਉਪਰੋਕਤ ਦੋਵੇਂ ਕਿਸਾਨਾਂ ਦੀ ਰਿਹਾਈ ਲਈ ਕੀਤੇ ਜਾ ਸੰਘਰਸ਼ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਰਾਹ ਰੋਕ ਕੇ ਜਬਰ ਦਾ ਹਰ ਹੀਲਾ ਵਰਤਿਆ, ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲ੍ਹੇ ਵੀ ਵਰ੍ਹਾਏ ਪਰ ਸੰਘਰਸ਼ੀ ਕਿਸਾਨ ਡਟੇ ਰਹੇ। ਉਨ੍ਹਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨ, ਕਿਸਾਨੀ ਤੇ ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਤਬਕਿਆਂ ਲਈ ਸੰਘਰਸ਼ ਲਗਾਤਾਰ ਕਰਦੀ ਰਹੇਗੀ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਆਗੂ ਹਰਿੰਦਰ ਕੌਰ ਬਿੰਦੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ,ਜਿਲਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਔਰਤ ਜਥੇਬੰਦੀ ਦੇ ਆਗੂ ਕਮਲਜੀਤ ਕੌਰ ਬਰਨਾਲਾ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਆਦਰਸ਼ ਸਕੂਲ ਚਾਉਕੇ ਦਾ ਸਟਾਫ ਮੌਜੂਦ ਸੀ।