ਰੂਪਨਗਰ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ: ਨਸ਼ਾ ਤਸਕਰ ਦੇ ਗੈਰ ਕਾਨੂੰਨੀ ਘਰ ਦੀ ਇਮਾਰਤ ਨੂੰ ਢਾਹਿਆ
- ਨਸ਼ਾ ਤਸਕਰਾਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਭਵਿੱਖ 'ਚ ਵੀ ਰਹਿਣਗੀਆਂ ਜਾਰੀ - ਐੱਸਐੱਸਪੀ ਰੂਪਨਗਰ
ਰੂਪਨਗਰ, 27 ਫਰਵਰੀ 2025: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਆਰੰਭੀ ਮੁਹਿੰਮ ਤਹਿਤ ਅੱਜ ਰੂਪਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਘਰ ਦੀ ਇਮਾਰਤ ਨੂੰ ਢਾਹਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਨਸ਼ਿਆ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਿਰੰਤਰ ਜਾਰੀ ਹੈ ਅਤੇ ਅੱਜ ਸਦਾਬਰਤ (ਰੂਪਨਗਰ) ਸ਼ਹਿਰ ਦੇ ਵਸਨੀਕ ਆਸ਼ਾ ਪਤਨੀ ਸਲੀਮ ਮੁਹੰਮਦ, ਸਲੀਮ ਮੁਹੰਮਦ ਵਾਸੀ ਸਦਾਵਰਤ ਨੰਗਲ ਰੋਡ ਰੂਪਨਗਰ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ ਤੇ ਜਿਨ੍ਹਾ ਖਿਲਾਫ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਅਪਰਾਧਾ ਦੇ ਤਹਿਤ 03-03 ਮੁਕੱਦਮੇ ਦਰਜ ਹਨ, ਇਨ੍ਹਾ ਮੁਕੱਦਮਿਆਂ ਵਿੱਚ ਦੋਵੋਂ ਪਤੀ ਪਤਨੀ ਪਾਸੋਂ ਗਾਂਜਾ ਅਤੇ ਨਸ਼ੀਲਾ ਪਾਊਡਰ ਦੀ ਬਰਾਮਦਗੀ ਹੋਈ ਸੀ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਨੇ ਨਸ਼ਾ ਵੇਚ ਕੇ ਕਮਾਏ ਪੈਸਿਆ ਨਾਲ ਅਣ ਅਧਿਕਾਰਿਤ ਮਕਾਨ ਦੀ ਉਸਾਰੀ ਕੀਤੀ ਹੋਈ ਸੀ। ਬਣਾਏ ਗਏ ਅਣ ਅਧਿਕਾਰਿਤ ਮਕਾਨ ਨੂੰ ਅੱਜ ਮਿਉਂਸੀਪਲ ਕੌਸਲ ਰੂਪਨਗਰ ਵਲੋਂ ਪੁਲਿਸ ਦੀ ਸਹਾਇਤਾ ਨਾਲ ਢਾਹ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਇਸ ਤਰ੍ਹਾਂ ਦੇ ਨਸ਼ਾ ਸਮੱਗਲਰਾ ਵਲੋਂ ਨਸ਼ਾਂ ਵੇਚ ਕੇ ਕੀਤੀ ਕਮਾਈ ਨਾਲ ਬਣਾਈ ਗਈ ਜਾਇਦਾਦ ਦੀ ਘੋਖ ਪੜਤਾਲ ਕਰਕੇ ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚੋ ਨਸ਼ਿਆ ਨੂੰ ਜੜ੍ਹ ਤੋ ਖਤਮ ਕਰਕੇ ਨਸ਼ਾ ਮੁਕਤ ਕੀਤਾ ਜਾ ਸਕੇ।