ਪੰਜਾਬੀਆਂ ਨੂੰ ਆਪਣਾ ਭਵਿੱਖ ਪੰਜਾਬ ਵਿੱਚ ਰਹਿ ਕੇ ਆਪ ਸੋਚਣਾ ਚਾਹੀਦਾ - ਐਮਪੀ ਮਲਵਿੰਦਰ ਕੰਗ
- ਸਰਕਾਰੀ ਕਾਲਜ ਰੋਪੜ ਵਿਖੇ ਅਕਾਦਮਿਕ ਸੈਸ਼ਨ 2022-23 ਦਾ ਡਿਗਰੀ ਵੰਡ ਸਮਾਰੋਹ
- ਮਾਲਵਿੰਦਰ ਸਿੰਘ ਕੰਗ ਨੇ 244 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀਆਂ ਤਕਸੀਮ
ਰੂਪਨਗਰ, 27 ਫ਼ਰਵਰੀ 2025: ਪੰਜਾਬੀਆਂ ਨੂੰ ਆਪਣਾ ਭਵਿੱਖ ਪੰਜਾਬ ਵਿੱਚ ਰਹਿ ਕੇ ਆਪ ਸੋਚਣਾ ਚਾਹੀਦਾ ਹੈ, ਪਰਵਾਸ ਕਰਨ ਦੀ ਥਾਂ ਨੌਜਵਾਨਾਂ ਨੂੰ ਇੱਥੇ ਹੀ ਪੜ੍ਹ ਲਿਖ ਕੇ ਆਪਣੇ ਪੰਜਾਬ ਤੇ ਦੇਸ਼ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ ਕਿਉੰਕਿ ਨੌਜਵਾਨ ਹੀ ਕਿਸੇ ਵੀ ਸੂਬੇ ਤੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਇਨ੍ਹਾਂ ਨੇ ਹੀ ਦੇਸ਼ ਅਤੇ ਸੂਬੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੁੰਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਸ. ਮਾਲਵਿੰਦਰ ਸਿੰਘ ਕੰਗ ਨੇ ਅਕਾਦਮਿਕ ਸੈਸ਼ਨ 2022-23 ਦੇ ਡਿਗਰੀ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਐਡਵੋਕੇਟ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਸਰਪ੍ਰਸਤੀ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਇਸ ਡਿਗਰੀ ਵੰਡ ਸਮਾਰੋਹ ਦੌਰਾਨ ਅਕਾਦਮਿਕ ਸੈਸ਼ਨ 2022-23 ਦੇ ਐਮ.ਏ. (ਪੰਜਾਬੀ / ਅੰਗਰੇਜੀ / ਰਾਜਨੀਤੀ ਸ਼ਾਸਤਰ), ਬੀ.ਕਾਮ., ਬੀ.ਐਸ.ਸੀ. (ਮੈਡੀਕਲ / ਨਾਨ ਮੈਡੀਕਲ), ਬੀ.ਸੀ.ਏ. ਅਤੇ ਬੀ.ਏ. ਦੇ ਕੁੱਲ 244 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਮੁੱਖ ਮਹਿਮਾਨ ਸ. ਮਾਲਵਿੰਦਰ ਸਿੰਘ ਕੰਗ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜਿਕਰ ਕਰਦੇ ਹੋਏ ਪੰਜਾਬ ਦੇ ਅਮੀਰ ਸਭਿਆਚਾਰ, ਪੰਜਾਬੀ ਬੋਲੀ, ਭਾਈਚਾਰਕ ਸਾਂਝ, ਖੇਤੀਬਾੜੀ ਦੀ ਸੰਭਾਲ ਲਈ ਯੋਗ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਅਨੁਸਾਸ਼ਨ ਵਿੱਚ ਰਹਿ ਕੇ ਉੱਚੀਆਂ ਮੰਜਿਲਾਂ ਅਤੇ ਵੱਡੀਆਂ ਪਦਵੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਵਿਚ ਅਗਾਂਹਵਧੂ ਪਰਿਵਰਤਨ ਲਿਆਉਣ ਲਈ ਆਪਣੀ ਜਾਣਕਾਰੀ ਨੂੰ ਸਮਾਜ ਵਿਚ ਫੈਲਾਉਣ ਦੀ ਪ੍ਰੇਰਨਾ ਵੀ ਦਿੱਤੀ।
ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਫੁੱਲਾਂ ਦੇ ਗੁਲਦਸਤੇ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋ. ਹਰਜੀਤ ਸਿੰਘ, ਇੰਚਾਰਜ ਐੱਨ.ਸੀ.ਸੀ. ਦੀ ਅਗਵਾਈ ਹੇਠ ਕੈਡਿਟਸ ਵੱਲੋਂ ਮਹਿਮਾਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਡਿਗਰੀ ਵੰਡ ਸਮਾਰੋਹ ਦਾ ਆਗਾਜ਼ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਵਿਦਿਆਰਥੀਆਂ ਦੇ ਮਾਪੇ, ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ ਅਤੇ ਪ੍ਰਾਪਤੀਆਂ ਸਬੰਧੀ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਮੱਲ ਸਿੰਘ ਬਾਸੀ, ਪ੍ਰਿੰਸੀਪਲ ਰਿਟਾ. ਡਾ. ਨਿਰਮਲ ਸਿੰਘ, ਬੇਲਾ ਕਾਲਜ ਦੇ ਰਿਟਾ. ਪ੍ਰੋ. ਨਿਰਮਲ ਸਿੰਘ, ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਰਾਣਾ ਓਮਵੀਰ ਸਿੰਘ ਦਾ ਸਨਮਾਨ ਕੀਤਾ ਗਿਆ। ਡਿਗਰੀ ਵੰਡ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਲਵਲੀਨ ਵਰਮਾਂ ਅਤੇ ਪ੍ਰੋ. ਹਰਦੀਪ ਕੌਰ ਨੇ ਕੀਤਾ।
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਅਮਨਦੀਪ ਸਿੰਘ, ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਿਰਨਪ੍ਰੀਤ ਕੌਰ ਗਿੱਲ, ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਸੁਨੀਤਾ, ਲੈਕਚਰਾਰ ਮਨਜੀਤ ਕੌਰ, ਪੀ.ਟੀ.ਏ. ਮੈਂਬਰ ਏਕਤਾ ਜੈਨ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਤਾ, ਸ਼ਹਿਰ ਦੇ ਪਤਵੰਤੇ, ਪ੍ਰੈਸ ਦੇ ਨੁਮਾਇੰਦੇ ਅਤੇ ਕਾਲਜ ਦਾ ਸਮੂਹ ਟੀਚਿੰਗ ਸਟਾਫ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸਨ।