ਤਖਤ ਸ੍ਰੀ ਪਟਨਾ ਸਾਹਿਬ ਤੋਂ ਸੰਤ ਗਿ. ਹਰਨਾਮ ਸਿੰਘ ਖਾਲਸਾ ਦੇ ਹੱਕ ‘ਚ ਆਦੇਸ਼ ਜਾਰੀ
ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸੰਤ ਮਹਾਪੁਰਖਾਂ ਤੇ ਗੁਰਮਤਿ ਪ੍ਰਚਾਰਕਾਂ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕੀਤੀ ਤਾੜਨਾ
ਬਲਰਾਜ ਸਿੰਘ ਰਾਜਾ, ਬਾਬਾ ਬਕਾਲਾ ਸਾਹਿਬ:-
ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਖਿਲ਼ਾਫ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਰਾਹੀਂ ਝੂਠੀਆਂ ਅਫਵਾਹਾਂ ਤੇ ਕੂੜ ਪ੍ਰਚਾਰ ਫੈਲਾਉਣ ਦੀ ਕੀਤੀ ਜਾ ਰਹੀ ਕੋਝੀ ਕੋਸ਼ਿਸ਼ ਨੂੰ ਬਹੁਤ ਹੀ ਮੰਦਭਾਗਾ, ਨਿੰਦਣਯੋਗ ਤੇ ਪੰਥਕ ਏਕਤਾ ਲਈ ਹਾਨੀਕਾਰਕ ਦੱਸਦੇ ਹੋਏ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਦੇ ਨਾਮ ਇੱਕ ਆਦੇਸ਼ ਜਾਰੀ ਕੀਤਾ ਹੈ।
ਤਖਤ ਸਾਹਿਬ ਦੇ ਸੁਪਰਿਟੈਂਡੇਟ ਭਾਈ ਦਲਜੀਤ ਸਿੰਘ ਨੇ ਇਸ ਆਦੇਸ਼ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਦੇਸ਼ਾਂ-ਵਿਦੇਸ਼ਾਂ ‘ਚ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਅੰਮ੍ਰਿਤ ਸੰਚਾਰ ਸਮਾਗਮਾਂ ਰਾਹੀਂ ਸਿੱਖੀ ਦੀ ਲਗਾਤਾਰ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ,ਜਿਸ ਕਾਰਨ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਤੇ ਪ੍ਰਭਾਵ ਤੋਂ ਘਬਰਾਏ ਹੋਏ ਕੁਝ ਸ਼ਰਾਰਤੀ ਤੇ ਪੰਥ ਵਿਰੋਧੀ ਅਨਸਰ ਝੂਠੇ ਦੋਸ਼ ਲਗਾ ਕੇ ਉਨ੍ਹਾਂ ਦੀ ਜਾਣਬੁੱਝ ਕੇ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਲਈ ਪੰਥਕ ਮਰਿਆਦਾ ਤੇ ਮਹਾਂਪੁਰਖਾਂ ਦੀ ਸ਼ਾਨ ਦੇ ਵਿਰੁੱਧ ਚਲਾਈ ਜਾ ਰਹੀ ਕੂੜ ਪ੍ਰਚਾਰ ਦੀ ਮੁਹਿੰਮ ਤੇ ਸੰਤ-ਮਹਾਂਪੁਰਖਾਂ ਦੀ ਇੱਜ਼ਤ ਤੇ ਗੁਰਮਤਿ ਦੇ ਪ੍ਰਚਾਰਕਾਂ ਖਿਲਾਫ ਕੀਤੀ ਜਾ ਰਹੀ ਅਜਿਹੀ ਗਲਤ ਬਿਆਨਬਾਜ਼ੀ ਨੂੰ ਨਾ-ਬਰਦਾਸ਼ਤਯੋਗ ਦੱਸਦੇ ਹੋਏ ਸ਼ਰਾਰਤੀ ਅਨਸਰਾਂ ਨੂੰ ਸਿੱਖ ਕੌਮ ‘ਚ ਵਹਿਮ ਭਰਮ ਪੈਦਾ ਕਰਨ ਵਾਲਾ ਝੂਠੇ ਪ੍ਰਚਾਰ ਤੇ ਗਲਤ ਅਫਵਾਹਾਂ ਸਮੇਤ ਹਰ ਕਿਸਮ ਦੀ ਗਲਤ ਵਿਆਖਿਆ ਤੁਰੰਤ ਬੰਦ ਕੀਤੇ ਜਾਣ ਦੀ ਸਖਤ ਤਾੜਨਾ ਕੀਤੀ ਗਈ ਹੈੈ।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਮਾਣਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਨੇ ਸਮੂਹ ਸੰਗਤ ਨੂੰ ਅਗਾਹ ਕਰਦੇ ਹੋਏ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਝੂਠੇ ਪ੍ਰਚਾਰ, ਅਫਵਾਹ ਜਾਂ ਗਲਤ ਬਿਆਨਬਾਜ਼ੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਐਸੀਆਂ ਹਰਕਤਾਂ ਤੋਂ ਦੂਰ ਰਹਿੰਦੇ ਹੋਏ ਗੁਰਮਤਿ ਅਨੁਸਾਰ ਚਲਿਆ ਜਾਵੇ।ਇਸਦੇ ਨਾਲ ਹੀ ਸਿੱਖ ਸੰਗਤ ਨੂੰ ਬਿਨਾਂ ਪੱਕੀ ਜਾਂਚ-ਪੜਤਾਲ ਕਿਸੇ ਵੀ ਸੁਨੇਹੇ ਵੀਡੀਓ ਜਾਂ ਪੋਸਟ ਨੂੰ ਅੱਗੇ ਨਾ ਵਧਾ ਕੇ ਸਿਆਣਪ, ਸੰਯਮ ਤੇ ਗੁਰਮਤ ਦੇ ਮਾਰਗ ‘ਤੇ ਟਿਕੇ ਰਹਿੰਦੇ ਹੋਏ ਪੰਥ ਦੀ ਏਕਤਾ ਤੇ ਚੜ੍ਹਦੀ ਕਲਾ ਨੂੰ ਕਾਇਮ ਰੱਖਣ ‘ਚ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਅਪੀਲ ਵੀ ਕੀਤੀ ਗਈ ਹੈ।