ਸੁਨੇਹਾ: ‘ਸਾਡੀ ਭਾਸ਼ਾ-ਸਾਡੀ ਵਿਰਾਸਤ, ਆਓ ਪੰਜਾਬੀ ਨੂੰ ਪਿਆਰ ਕਰੀਏ’
ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦੇ ਵਿਹੜੇ ਤੋਂ ਛੇਵੇਂ ‘ਪੰਜਾਬੀ ਭਾਸ਼ਾ ਹਫ਼ਤੇ’ ਦੀ ਹੋਈ ਆਰੰਭਤਾ
-ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਉਦਮ
-ਹਾਈ ਕਮਿਸ਼ਨਰ ਮਾਣਯੋਗ ਨੀਤਾ ਭੂਸ਼ਣ ਨੇ ਕੀਤਾ ਸੰਬੋਧਨ ਅਤੇ ਵੰਡੇ ਸਨਮਾਨ ਪੱਤਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 02 ਨਵੰਬਰ 2025-:ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਵਾਰ ਨਿਊਜ਼ੀਲੈਂਡ ਭਰ ਵਿਚ ‘ਛੇਵਾਂ ਪੰਜਾਬੀ ਭਾਸ਼ਾ (ਬੋਲੀ) ਹਫਤਾ’ 03 ਨਵੰਬਰ ਤੋਂ 09 ਨਵੰਬਰ ਤੱਕ ਵੱਖ-ਵੱਖ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਦੇ ਵਿਚ ਵੱਖ-ਵੱਖ ਥਾਵਾਂ ਉਤੇ ਪੰਜਾਬੀ ਭਾਸ਼ਾ ਦੀ ਗੱਲ, ਪੰਜਾਬੀ ਸਭਿਆਚਾਰ ਦੀ ਗੱਲ, ਧਰਮ ਤੇ ਵਿਰਸੇ ਨਾਲ ਜੁੜੇ ਰਹਿਣ ਲਈ ਮੁੱਢਲੀ ਭਾਸ਼ਾ ‘ਪੰਜਾਬੀ’ ਦੇ ਗਿਆਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਨਵੀਂ ਪੰਜਾਬੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਤਿੜਾਂ ਨਾਲ ਜੁੜੇ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ।
7-8 ਦਿਨ ਲਗਾਤਾਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਅੱਜ ਭਾਰਤੀ ਹਾਈ ਕਮਿਸ਼ਨ ਦੇ ਵਲਿੰਗਟਨ ਸਥਿਤ ਦਫਤਰ ਦੇ ਕਾਨਫਰੰਸ ਹਾਲ ਤੋਂ ਭਰਵੇਂ ਸਮਾਗਮ ਨਾਲ ਕੀਤੀ ਗਈ। ਇਹ ਸਮਾਗਮ ‘ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ’ ਦੇ ਸਹਿਯੋਗ ਨਾਲ ਇਸ ਵਾਰ ਫਿਰ ਸਫਲਤਾ ਨਾਲ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ਉਤੇ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਪਹੁੰਚੇ। ਸਮਾਗਮ ਦੀ ਸ਼ੁਰੂਆਤ ‘ਪੰਜਾਬੀ ਵੋਮੈਨ ਐਸੋਸੀਏਸ਼ਨ’ ਦੀ ਪ੍ਰਧਾਨ ਸ੍ਰੀਮਤੀ ਨਵਨੀਤ ਕੌਰ ਵੜੈਚ ਹੋਰਾਂ ਦੇ ਸਵਾਗਤੀ ਸ਼ਬਦਾਂ ਨਾਲ ਅਤੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖ ਕੇ ਕੀਤੀ। ਐਸੋਸੀਏਸ਼ਨ ਦੀ ਨਵੀਂ ਬਣੀ ਮੈਂਬਰ ਸ੍ਰੀਮਤੀ ਹਰਮੀਤ ਕੌਰ ਨੇ ਉਨ੍ਹਾਂ ਦਾ ਸਟੇਜ ਉਤੇ ਸਾਥ ਦਿੱਤਾ। ਇਸ ਉਪਰੰਤ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਹੋਰਾਂ ਨੇ ਭਾਸ਼ਾ ਦੇ ਮਹੱਤਵ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਅਤੇ ਸਾਡੇ ਬੱਚਿਆਂ ਨੂੰ ਆਪਣੀ ਮਾਤਰ ਭਾਸ਼ਾ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ। ਪੰਜਾਬੀ ਸਮਾਗਮਾਂ, ਸਭਿਆਚਾਰਰਕ ਮੇਲਿਆਂ ਅਤੇ ਤੀਆ ਦੇ ਮੇਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਪੰਜਾਬੀ ਸੰਗੀਤ ਬਹੁਤ ਪਸੰਦ ਹੈ, ਉਹ ਆਪ ਵੀ ਅਜਿਹੇ ਸਮਾਗਮਾਂ ਵਿਚ ਜਾਂਦੇ ਹਨ। ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ਅੰਦਰ ਬੱਚਿਆਂ ਦੇ ਲਈ ਪੰਜਾਬੀ ਕਲਾਸਾਂ ਦਾ ਵੀ ਪ੍ਰਬੰਧ ਵੀ ਸਲਾਹੁਣਯੋਗ ਹੈ। ਅੰਤ ਉਨ੍ਹਾਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਾਈ ਕਮਿਸ਼ਨ ਵਲਿੰਗਟਨ ਦੇ ਵਿਹੜੇ ਅੰਦਰ ਬਣਿਆ ਕਮਿਊਨਿਟੀ ਹਾਲ ਆਪ ਸਾਰਿਆਂ ਦਾ ਸਾਂਝਾ ਹੈ ਅਤੇ ਉਨ੍ਹਾਂ ਦੇ ਲਈ ਸਦਾ ਉਪਲਬਧ ਰਹੇਗਾ। ਇਸ ਮੌਕੇ ਚਾਂਸਰੀ ਦੇ ਮੁਖੀ ਸ੍ਰੀ ਮੁਕੇਸ਼ ਘੀਆ ਵੀ ਹਾਜ਼ਿਰ ਸਨ। ਉਨ੍ਹਾਂ ਬੱਚਿਆਂ ਅਤੇ ਮਹਿਮਾਨਾਂ ਦਾ ਸਨਮਾਨ ਕਰਦਿਆਂ 0ਬੱਚਿਆਂ ਨੂੰ ਪ੍ਰਸੰਸ਼ਾ ਪੱਤਰ ਅਤੇ ਪੰਜਾਬੀ ਸਿੱਖਣ ਵਾਲੀਆਂ ਕਿਤਾਬਾਂ ਵੰਡੀਆਂ। ਪ੍ਰਸਿੱਧ ਲਿਖਾਰੀ ਪ੍ਰੋਫੈਸਰ ਕਿਰਪਾਲ ਸਿੰਘ ਹੋਰਾਂ ਨੇ ਧਰਮ ਦੇ ਵਿਸ਼ੇ ਉਤੇ ਆਪਣੇ ਵਿਚਾਰ ਰੱਖੇ ਅਤੇ ਬੱਚਿਆਂ ਨੂੰ ਪੰਜਾਬੀ ਅਤੇ ਧਰਮ ਨਾਲ ਜੁੜੇ ਰਹਿਣ ਲਈ ਅਪੀਲ ਕੀਤੀ।
ਰੇਡੀਓ ਸਪਾਈਸ ਤੋਂ ਪਹੁੰਚੇ ਸ. ਨਰਿੰਦਰਵੀਰ ਸਿੰਘ ਨੇ ਜਾਣਕਾਰੀ ਭਰਪੂਰ ਸਲਾਈਡ ਸ਼ੋਅ ਪੇਸ਼ ਕੀਤਾ ਜਿਸ ਦੇ ਵਿਚ ਦਰਸਾਇਆ ਗਿਆ ਕਿ ਪੰਜਾਬੀ ਦਾ ਮੁੱਢ ਕਿੱਦਾਂ ਬੱਝਾ? ਅੱਜ ਕਿੰਨੇ ਮੁਲਕਾਂ ਦੇ ਵਿਚ ਇਹ ਬੋਲੀ ਬੋਲਣ ਵਾਲੇ ਰਹਿ ਰਹੇ ਹਨ? ਆਦਿ ਅੰਕੜੇ ਪੇਸ਼ ਕੀਤੇ। ਸ. ਨਵਤੇਜ ਸਿੰਘ ਰੰਧਾਵਾ ਅਤੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਅੱਜ ਦੇ ਸਮਾਗਮ ਵਿਚ ਨਹੀਂ ਪਹੁੰਚ ਸਕੇ ਪਰ ਸ਼ੁੱਭ ਕਾਮਨਾਵਾਂ ਭੇਜੀਆਂ। ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਨੇ ਪੰਜਾਬੀ ਭਾਸ਼ਾ ਹਫਤੇ ਦੀ ਆਰੰਭਤਾ ਲਈ ਪੰਜਾਬੀ ਵੋਮੈਨ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਸੁਨੇਹਾ ਛੱਡਿਆ ਕਿ ਸਾਡੀ ਭਾਸ਼ਾ ਸਾਡੀ ਵਿਰਾਸਤ ਹੈ, ਸੋ ਆਓ ਪੰਜਾਬੀ ਨੂੰ ਪਿਆਰ ਕਰੀਏ। ਉਨ੍ਹਾਂ ਕਿਹਾ ਕਿ ਆਪਣਾ ਫਰਜ਼ਾ ਪੂਰਾ ਕਰਦਿਆਂ ਪੰਜਾਬੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਈਏ। ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਸ਼ੇਰਗਿਲ ਅਤੇ ਰਿੱਚੀ ਬੱਸ ਸਰਵਿਸ ਵਾਲੇ ਸ. ਕਮਲਦੀਪ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ। ਪੰਜਾਬੀ ਸੂਟ ਪਾ ਕੇ ਪਹੁੰਚੀ ਸੋਸ਼ਲ ਮੀਡੀਆ ਬਲੌਗਰ ਹੇਅਲੇ ਯੰਗ ਦਾ ਵੀ ਸਨਮਾਨ ਕੀਤਾ ਗਿਆ।
ਬੱਚੀ ਰਹਿਮਤ ਕੌਰ ਅਤੇ ਬੱਚੇ ਪੰਥਵੀਰ ਸਿੰਘ ਨੇ ਮੂਲ ਮੰਤਰ ਸਰਵਣ ਕਰਵਾਇਆ। ਬੱਚਿਆਂ ਦੇ ਵਿਚ ਅੰਗਦ ਸਿੰਘ, ਸਾਹਿਬ ਸਿੰਘ, ਅੰਸ਼ਵੀਰ ਸਿੰਘ, ਸਨਵੀਰ ਸਿੰਘ, ਅਗਮਦੀਪ ਸਿੰਘ, ਨਾਇਰਾ ਸਿੰਘ, ਅਰਾਧਿਆ ਸਿੰਘ, ਵਿਨੀਤ ਕੌਰ, ਪ੍ਰਤੀਤ ਕੌਰ, ਇਨਾਇਤ ਕੌਰ, ਜੂਨੀਅਰ ਭੰਗੜਾ ਟੀਮ ਦੇ ਵਿਚ ਅਮਾਇਰਾ ਭੱਟ, ਕ੍ਰਿਸ਼ਨਾ ਭੱਟ, ਮੰਨਤ ਕੌਰ, ਡਿਲੋਂ ਸਿੰਘ, ਆਹਾਨ ਸ਼ਰਮਾ, ਨਿਤਾਰਾ ਬੰਸਲ, ਅਰੀਜ਼ ਬੁਰਜੀ, ਹਾਨਿਆ ਗੁਲਾਟੀ, ਜਸ਼ਨ ਕੌਰ, ਅਜੂਨੀ ਕੌਰ ਨੇ ਸਭਿਆਚਾਰਕ ਸਰਗਮੀਆਂ ਵਿਚ ਭਾਗ ਲਿਆ। ਮਨਦੀਪ ਕੌਰ, ਹਰਮੀਤ ਕੌਰ, ਸੁਨੈਣਾ ਨੇ ਇਨਾਮਾਂ ਦੀ ਵੰਡ ਵਿਚ ਸਹਿਯੋਗ ਦਿੱਤਾ। ਬਿਸ਼ਮੀਤ ਸਿੰਘ ਗਿੱਲ, ਮਾਇਰਾ ਸਿੰਘ, ਰਿਦਮ ਸਿੰਘ, ਮਨਸਾਂਝ ਕੌਰ, ਮਨਰੋਜ਼ ਕੌਰ, ਕਾਇਲਾ ਸ਼ਰਮਾ, ਗੁਰਅਮਿਤ ਸਿੰਘ ਭੰਗੜਾ ਕਿੰਗਡਮ, ਮਨਦੀਪ ਕੌਰ ਸਕੂਲ ਅਧਿਆਪਕ ਗੁਰਦੁਆਰਾ ਸਾਹਿਬ ਪੰਜਾਬੀ ਸਕੂਲ, ਹਰਜੀਤ ਸਿੰਘ ਭੱਟ, ਸੁਨੈਣਾ ਅਤੇ ਹਰਮੀਤ ਕੌਰ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ। ਅੰਤ ਦੇ ਵਿਚ ‘ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ’ ਤੋਂ ਸ੍ਰੀਮਤੀ ਨਵਨੀਤ ਕੌਰ ਹੋਰਾਂ ਨੇ ਸਮੁੱਚੀ ਟੀਮ ਦੀ ਤਰਫ਼ ਤੋਂ ਆਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਹਾਈ ਕਮਿਸ਼ਨ ਦੇ ਸਟਾਫ ਨੇ ਵੀ ਸਾਊਂਡ ਅਤੇ ਵੀਡੀਓ ਸਕਰੀਨ ਵਾਸਤੇ ਐਤਵਾਰ ਹੋਣ ਦੇ ਬਾਵਜੂਦ ਉਚੇਚਾ ਸਹਿਯੋਗ ਦਿੱਤਾ। ਅੰਤ ਕਹਿ ਸਕਦੇ ਹਾਂ ਕਿ ਅੱਜ ਦਾ ਇਹ ਆਰੰਭਤਾ ਵਾਲਾ ਸਮਾਗਮ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ‘ਸਾਡੀ ਭਾਸ਼ਾ-ਸਾਡੀ ਵਿਰਾਸਤ, ਆਓ ਪੰਜਾਬੀ ਨੂੰ ਪਿਆਰ ਕਰੀਏ’ ਦਾ ਸੁਨੇਹਾ ਛੱਡ ਗਿਆ।