ਬੇਹੱਦ ਦੁਖਮਈ ਸਮਾਚਾਰ
ਪਾਪਾਟੋਏਟੋਏ ਨਿਵਾਸੀ ਸ. ਅਵਤਾਰ ਸਿੰਘ ਦਾ ਜੰਮੂ ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਕਤਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਮਈ 2024:-ਔਕਲੈਂਡ ਨਿਵਾਸੀਆਂ ਦੇ ਲਈ ਇਹ ਬੇਹੱਦ ਦੁੱਖਭਰੀ ਖਬਰ ਸਾਂਝੀ ਕਰ ਰਿਹਾਂ ਹਾਂ ਕਿ ਸਟੇਸ਼ਨ ਰੋਡ, ਪਾਪਾਟੋਏਟੋਏ ਉਤੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਜੰਮੂ ਕਸ਼ਮੀਰ ਨਾਲ ਸਬੰਧਿਤ ਇਕ ਸਿੱਖ ਨੌਜਵਾਨ ਸ. ਅਵਤਾਰ ਸਿੰਘ (35 ) ਦੀ ਜੰਮੂ (ਇੰਡੀਆ) ਦਾ ਇਕ ਜ਼ਮੀਨੀ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ। ਇਸ ਪਰਿਵਾਰ ਦੇ 6-7 ਵਿਅਕਤੀ ਆਪਣੇ ਇਕ ਪਲਾਟ ਦੇ ਵਿਚ ਸਨ ਅਤੇ ਦੂਜੇ ਪਾਸਿਉਂ ਕਬਜ਼ਾ ਲੈਣ ਆਏ 60-70 ਲੋਕਾਂ ਨੇ ਉਨ੍ਹਾਂ ਉਤੇ ਜ਼ਮੀਨੀ ਝਗੜੇ ਦੇ ਚਲਦਿਆਂ ਹਮਲਾ ਕਰ ਦਿੱਤਾ। ਸ. ਅਵਤਾਰ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋਏ ਪਰ ਸ. ਅਵਤਾਰ ਸਿੰਘ ਦੇ ਸਿਰ ਉਤੇ ਗਹਿਰੀ ਸੱਟ ਮਾਰੀ ਗਈ ਅਤੇ ਹਸਪਤਾਲ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਕੱਲ੍ਹ ਸ਼ਾਮ ਦੀ ਹੈ। ਸੱਟ ਲੱਗਣ ਉਪਰੰਤ ਲਹੂ ਲੁਹਾਨ ਹੋਏ ਉਹ ਵੀਡੀਓ ਲਾਈਵ ਕਰਕੇ ਸਾਰਾ ਕੁਝ ਦਸ ਵੀ ਰਹੇ ਸਨ, ਪਰ ਜ਼ਖਮ ਐਨੇ ਡੂੰਘੇ ਹੋਣਗੇ ਕਿ ਜਾਨ ਲੈ ਗਏ। ਪੁਲਿਸ ਇਸ ਸਾਰੇ ਮਾਮਲੇ ਵਿਚ ਮੌਜੂਦ ਸੀ ਪਰ ਇਸਦੇ ਬਾਵਜੂਦ ਉਹ ਲੋਕ ਕਾਰਾ ਕਰ ਗਏ। ਕਤਲ ਦਾ ਕੇਸ ਹਮਲਾਵਰਾਂ ਉਤੇ ਦਰਜ ਕਰ ਲਿਆ ਗਿਆ ਹੈ।
ਇਹ ਪਰਿਵਾਰ ਇਥੇ ਬੀਤੇ 10 ਸਾਲ ਤੋਂ ਇਥੇ ਰਹਿ ਰਿਹਾ ਸੀ ਅਤੇ ਸ. ਅਵਤਾਰ ਸਿੰਘ ਕਾਰ ਮਕੈਨਿਕ ਦਾ ਕੰਮ ਇਸ ਵੇਲੇ ਆਪਣੇ ਘਰ ਤੋਂ ਕਰ ਲੈਂਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੀਆਂ (12, 6) ਅਤੇ ਦੋ ਬੇਟੇ (2, 8 ਕੁ ਮਹੀਨੇ ਦਾ) ਛੱਡ ਗਏ ਹਨ। ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿਚ ਹੈ ਅਤੇ ਇੰਡੀਆ ਜਾਣ ਦਾ ਪ੍ਰਬੰਧ ਕਰ ਰਹੇ ਹਨ।