ਸ਼੍ਰੋ.ਅ. ਦਲ ਦੇ ਆਗੂਆਂ/ਵਰਕਰਾਂ ਦੀ ਮਿਹਨਤ ਸਦਕਾ ਪਾਰਟੀ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ :- ਸਰਬਜੀਤ ਝਿੰਜਰ
- ਅਪੀਲ, ਪਾਰਟੀ ਦਾ ਕੀਤਾ ਜਾਵੇ ਵਿਸਥਾਰ ਤਾਂ ਜੋ 2027 'ਚ ਪੰਜਾਬ ਅੰਦਰ ਸ਼੍ਰੋ.ਅ.ਦਲ ਦਾ ਰਾਜ-ਭਾਗ ਆ ਸਕੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 7ਫਰਵਰੀ 2025 - "ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਵਾਹਦ ਜਮਾਤ ਹੈ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਵੱਡਾ/ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਦੀ ਮੈਂਬਰਸ਼ਿਪ ਨੂੰ ਰਿਕਾਰਡ ਤੋੜ ਬਣਾਉਣ ਲਈ ਪਾਰਟੀ ਦੇ ਆਗੂ/ਵਰਕਰ ਜ਼ਮੀਨੀ ਪੱਧਰ 'ਤੇ ਤਨਦੇਹੀ ਨਾਲ ਕੰਮ ਕਰਦਿਆਂ ਹੋਇਆਂ ਪਾਰਟੀ ਦਾ ਵਿਸਥਾਰ ਕਰ ਰਹੇ ਹਨ"।ਇਹ ਵਿਚਾਰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ੍ਰ. ਸਰਬਜੀਤ ਸਿੰਘ ਝਿੰਜਰ ਨੇ ਮੋਬਾਇਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਸ਼੍ਰੋਮਣੀ ਯੂਥ ਅਕਾਲੀ ਦਲ ਪ੍ਰਧਾਨ ਸ੍ਰ. ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਤੇ ਯੂਥ ਵਿੰਗ ਅਕਾਲੀ ਦਲ ਭਰਤੀ ਮੁਹਿੰਮ 'ਚ ਪੂਰੀ ਲਗਨ/ਮਿਹਨਤ/ਸ਼ਿੱਦਤ ਨਾਲ ਜੁਟੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ, ਜਿਸ ਸਦਕਾ ਹੀ ਅਨੇਕਾਂ ਲੋਕ ਪਾਰਟੀ ਦੀ ਚੱਲ ਰਹੀ "ਭਰਤੀ ਮੁਹਿੰਮ" 'ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਸੰਦਰਭ 'ਚ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ/ਤਿਉਹਾਰ ਮੌਕੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਇਕੱਠ ਨੇ ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ।ਇਸ ਮੌਕੇ ਜਿਸ ਤਰ੍ਹਾਂ ਦਾ ਖ਼ਾਲਸਾਈ ਜਾਹੋ-ਜਲਾਲ ਨਜ਼ਰ ਆਇਆ,ਜਿਸ ਤਰ੍ਹਾਂ ਸਾਰੇ ਪਾਸੇ ਦਸਤਾਰਾਂ ਨਜ਼ਰ ਆ ਰਹੀਆਂ ਸਨ, ਉਸ ਤੋਂ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੀ ਦੁਨੀਆਂ ਦੇ ਸਿੱਖ ਹੀ ਇਕੱਠੇ ਹੋ ਗਏ ਹੋਣ।
ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਸ੍ਰ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ।ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਹਨ।ਉਹ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਲਈ ਆਪਣੀ ਜਾਨ ਤੱਕ ਵਾਰਨ ਲਈ ਵੀ ਤਿਆਰ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ "ਭਰਤੀ ਮੁਹਿੰਮ" ਨਾਲ ਜੁੜ ਕੇ ਪਾਰਟੀ ਦਾ ਹੋਰ ਵਿਸਥਾਰ ਕਰਨ ਤਾਂ ਜੋ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ 2027 'ਚ ਰਾਜ ਭਾਗ ਲਿਆ ਕੇ ਪੰਜਾਬ ਦੇ ਲਟਕਦੇ ਮਸਲੇ/ਮੰਗਾਂ ਨੂੰ ਪੂਰਾ ਕਰ ਕੇ ਲੋਕਾਂ ਦਾ ਜੀਵਨ ਸੁਖਾਲਾ ਕੀਤਾ ਜਾ ਸਕੇ।