ਅਮਰੀਕਾ ’ਚੋਂ ਡਿਪੋਰਟ ਭਾਰਤੀਆਂ ’ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵੀ ਨੌਜਵਾਨ
ਕਿਹਾ ਕਰਜੇ ਦੀ ਮਾਰ ਤੋਂ ਉੱਠ ਪਾਉਣਾ ਬੇਹਦ ਮੁਸ਼ਕਲ
ਭਾਰਤ ਸਰਕਾਰ ਭਾਰਤੀਆਂ ਦੇ ਨਾਲ ਹੋ ਰਹੇ ਇਸ ਵਤੀਰੇ ਲਈ ਸਖਤ ਕਦਮ ਚੁੱਕੇ
ਕਪੂਰਥਲਾ , 7 ਫਰਵਰੀ 2025 : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਨੇ ਪੁੱਤਰ ਦੇ ਉੱਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਰੇਗਾ। ਗੁਰਪ੍ਰੀਤ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਸ ਨੇ ਘਰ ਜਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਇਸ ਲਈ ਉਸਨੇ ਕਰੀਬ 40-42 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਹਵਾਈ, ਪੈਦਲ ਅਤੇ ਕਈ ਵਾਰ ਸਮੁੰਦਰ ਰਾਹੀਂ ਯਾਤਰਾ ਕੀਤੀ। ਉਸਦਾ ਦਾ ਕਹਿਣਾ ਹੈ ਕਿ ਨਵੀਂ ਬਣੀ ਟਰੰਪ ਸਰਕਾਰ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ।
ਗੁਰਪ੍ਰੀਤ ਨੇ ਦੱਸਿਆ ਕਿ ਉਹ 6 ਅਗਸਤ ਨੂੰ ਅਮਰੀਕਾ ਜਾਣ ਲਈ ਆਪਣਾ ਘਰ ਛੱਡ ਕੇ ਗਿਆ ਸੀ। ਉਸ ਨੂੰ ਗੁਆਨਾ, ਬ੍ਰਾਜ਼ੀਲ, ਪੇਰੂ, ਕੋਲੰਬੀਆ, ਇਕੂਆਡੋਰ ਅਤੇ ਗੁਆਟੇਮਾਲਾ ਦੇ ਟਾਪੂਆਂ ਅਤੇ ਜੰਗਲਾਂ ਵਿੱਚੋਂ ਅਮਰੀਕਾ ਦੇ ਬਾਰਡਰ ’ਤੇ ਪਹੁੰਚਾਇਆ। ਜਿੱਥੇ ਉਸਨੇ ਬਾਰਡਰ ਕਰਾਸਿੰਗ ਤੋਂ ਬਾਅਦ 15 ਜਨਵਰੀ ਨੂੰ ਅਮਰੀਕੀ ਕੈਂਪ ਵਿੱਚ ਐਂਟਰੀ ਕੀਤੀ। ਜਿੱਥੇ ਉਹ 20 ਤੋਂ 22 ਦਿਨ ਉਸੇ ਕੈਂਪ ਵਿੱਚ ਰਿਹਾ। ਉਸ ਨੂੰ ਬਹੁਤ ਵੱਡਾ ਝਟਕਾ ਓਦੋਂ ਲੱਗਾ ਜਦੋਂ ਉਸ ਨੂੰ ਅਮਰੀਕੀ ਫੌਜ ਦੇ ਜਹਾਜ਼ ਵਿੱਚ ਬੈਠਣ ਮਗਰੋਂ ਪਤਾ ਲੱਗਾ ਕਿ ਹੁਣ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ। ਉਸਨੇ ਦੱਸਿਆ ਕਿ ਉਹਨਾਂ ਨੂੰ ਵੱਖ-ਵੱਖ ਕਿਸਮ ਦੀਆਂ ਬੇੜੀਆਂ ਦੇ ਨਾਲ ਜਕੜਿਆ ਗਿਆ। ਜਹਾਜ਼ ਦੇ ਵਿੱਚ ਕੁਝ ਲੜਕੀਆਂ ਵੀ ਸ਼ਾਮਿਲ ਸਨ। ਮੈਂ ਕਦੇ ਨਹੀਂ ਸੀ ਸੋਚਿਆ ਕਿ ਉਹ ਔਰਤਾਂ ਦੇ ਨਾਲ ਵੀ ਅਜਿਹਾ ਵਤੀਰਾ ਕਰਨਗੇ। ਉਸਨੇ ਦੱਸਿਆ ਕਿ ਉਹ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰੇਗਾ ਪਰ ਇਹ ਉਸ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਉਸ ਦਾ ਸਾਰਾ ਕੁਝ ਕਰਜੇ ਦੀ ਮਾਰ ਹੇਠ ਆ ਚੁੱਕਾ ਹੈ। ਉਧਰ ਗੁਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਜੋ ਅਜੇ ਵੀ ਉਥੇ ਮੌਜੂਦ ਨੇ ਅਤੇ ਜਿਨਾਂ ਨੂੰ ਡਿਪੋਰਟ ਕੀਤੇ ਜਾਣ ਦੀ ਵਿਉਂਤਬੰਦੀ ਤਿਆਰ ਹੋ ਰਹੀ ਹੈ ਕਿਰਪਾ ਕਰਕੇ ਉਹਨਾਂ ਦੇ ਨਾਲ ਅਜਿਹਾ ਵਤੀਰਾ ਨਾ ਕੀਤਾ ਜਾਵੇ। ਕਿਉਂਕਿ ਇਹ ਸਰੀਰਕ ਪੱਖੋਂ ਅਤੇ ਮਾਨਸਿਕ ਪੱਖੋਂ ਬਹੁਤ ਵੱਡੀ ਪੀੜਾ ਹੈ ਜਿਸ ਨੂੰ ਬਰਦਾਸ਼ਤ ਕਰ ਪਾਉਣਾ ਹਰ ਕਿਸੇ ਦੇ ਵੱਸ ਨਹੀਂ।