ਪੰਜਾਬੀਆਂ ਨੂੰ ਪੂਰੀ ਦੁਨੀਆਂ ਵਿੱਚ ਬਦਨਾਮ ਕਰਨ ਦੇ ਇਰਾਦੇ ਨਾਲ ਪੰਜਾਬ ਉਤਾਰਿਆ ਅਮਰੀਕੀ ਜਹਾਜ਼:- ਚੇਅਰਮੈਨ ਜਲਵਾਹਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਫਰਵਰੀ,2025
ਅਮਰੀਕਾ ਤੋਂ ਡਿਪੋਟ ਕੀਤੇ 104 ਭਾਰਤੀਆਂ ਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਉਤੇ ਲੈਂਡ ਕਰਵਾਇਆ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨਵਾਂਸ਼ਹਿਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀਆਂ ਨੂੰ ਪੂਰੀ ਦੁਨੀਆਂ ਵਿੱਚ ਬਦਨਾਮ ਕਰਨ ਲਈ ਵਿਦੇਸ਼ ਮੰਤਰਾਲੇ ਵੱਲੋਂ ਜਾਣਬੁੱਝ ਕੇ ਪੰਜਾਬ ਵਿੱਚ ਅਮਰੀਕਾ ਆਰਮੀ ਦੇ ਹਵਾਈ ਜਹਾਜ਼ ਨੂੰ ਉਤਾਰਨ ਦੀ ਪ੍ਰਵਾਨਗੀ ਦਿੱਤੀ ਗਈ। ਜਦੋਂ ਕਿ ਡਿਪੋਟ ਕੀਤੇ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਗੁਜਰਾਤ ਅਤੇ ਹਰਿਆਣਾ ਦੇ ਯਾਤਰੀਆਂ ਦੀ ਸੀ। ਪਰ ਫਿਰ ਵੀ ਅਮਰੀਕੀ ਜਹਾਜ ਨੂੰ ਨਾ ਤਾਂ ਗੁਜਰਾਤ ਅਤੇ ਨਾ ਹੀ ਦਿੱਲੀ ਏਅਰਪੋਰਟ ਤੇ ਲੈਂਡ ਕਰਵਾਇਆ ਗਿਆ ਸਗੋਂ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਲਗਦੇ ਹਵਾਈ ਅੱਡੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਤਾਰਨਾ ਆਪਣੇ ਆਪ ਵਿੱਚ ਹੀ ਕਈ ਸਵਾਲ ਖੜ੍ਹੇ ਕਰਦਾ ਹੈ। ਡਿਪੋਟ ਕੀਤੇ ਇਹ ਲੋਕ ਆਪਣੇ ਚੰਗੇ ਭਵਿੱਖ ਲਈ ਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਸਨ ਪਰ ਏਜੰਟਾਂ ਦੇ ਝਾਂਸੇ ਵਿੱਚ ਆਕੇ ਗਲਤ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਕਰਕੇ ਇਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਇਹ ਅਹਿਮ ਜੁੰਮੇਵਾਰੀ ਬਣਦੀ ਸੀ ਕਿ ਅਗਰ ਸਾਡੇ ਦੇਸ਼ ਦੇ ਲੋਕ ਕਿਸੇ ਬੇਗਾਨੇ ਮੁਲਕ ਵਿਚ ਫਸ ਗਏ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ ਪਰ ਵਿਦੇਸ਼ ਮੰਤਰਾਲੇ ਦੇ ਰਵੱਈਏ ਨੇ ਅੱਜ ਪੂਰੀ ਦੁਨੀਆਂ ਸਾਹਮਣੇ ਭਾਰਤੀਆਂ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ। ਅਮਰੀਕਾ ਵੱਲੋਂ ਡਿਪੋਟ ਕੀਤੇ 104 ਭਾਰਤੀਆਂ ਦੇ ਹੱਥਾਂ ਨੂੰ ਜਿਸ ਤਰ੍ਹਾਂ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਪਾਕੇ ਜ਼ਲੀਲ ਕੀਤਾ ਗਿਆ ਹੈ ਉਹ ਵਾਕਿਆ ਹੀ ਬਹੁਤ ਨਿੰਦਣਯੋਗ ਹੈ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਇਸ ਤੋਂ ਵੀ ਵੱਧ ਨਿੰਦਣਯੋਗ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਪੂਰੀ ਦੁਨੀਆਂ ਵਿੱਚ ਬਦਨਾਮ ਕਰਨ ਲਈ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਅਮਰੀਕੀ ਆਰਮੀ ਦਾ ਹਵਾਈ ਜਹਾਜ਼ ਪੰਜਾਬ ਵਿੱਚ ਲੈਂਡ ਕਰਵਾਇਆ ਗਿਆ ਤਾਂ ਜੋ ਪੂਰੀ ਦੁਨੀਆਂ ਸਾਹਮਣੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਸਕੇ।
ਜਦਕਿ ਡਿਪੋਟ ਕੀਤੇ ਭਾਰਤੀਆਂ ਵਿੱਚੋਂ ਸਭਤੋਂ ਵੱਧ ਲੋਕ ਗੁਜਰਾਤ ਅਤੇ ਹਰਿਆਣਾ ਦੇ ਸਨ ਪਰ ਫਿਰ ਵੀ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ। ਵਿਦੇਸ਼ ਮੰਤਰਾਲੇ ਦੇ ਇਸ ਗੈਰ ਜ਼ਿੰਮੇਵਾਰ ਵਰਤਾਰੇ ਦੀ ਜਿੰਨੀਂ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਜਲਵਾਹਾ ਨੇ ਕਿਹਾ ਕਿ ਇਥੇ ਇਕ ਗੱਲ ਹੋਰ ਗ਼ੌਰ ਕਰਨ ਵਾਲੀ ਹੈ ਕਿ ਬੇਗਾਨੇ ਮੁਲਕ ਅਮਰੀਕਾ ਨੇ ਤਾਂ ਜੋ ਸਾਡੇ ਭਾਰਤੀਆਂ ਨਾਲ ਕੀਤਾਂ ਪਰ ਅਫਸੋਸ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅਮਰੀਕਾ ਤੋਂ ਹੱਥਕੜੀਆਂ ਲਗਾਕੇ ਲਿਆਂਦੇ ਭਾਰਤੀਆਂ ਨੂੰ ਕੈਦੀਆਂ ਵਾਲੀਆਂ ਗੱਡੀਆਂ ਵਿੱਚ ਲਿਜਾਣਾ ਬਹੁਤ ਹੀ ਸ਼ਰਮਨਾਕ ਘਟਨਾ ਹੈ। ਇਹ ਲੋਕ ਕਿਹੜਾ ਕੋਈ ਵੱਡੇ ਕ੍ਰਿਮਿਨਲ ਸਨ ਜਾਂ ਕੋਈ ਅੱਤਵਾਦੀ ਸਨ ਜਿਨ੍ਹਾਂ ਨੂੰ ਇਸ ਤਰ੍ਹਾਂ ਆਪਣੇ ਹੀ ਦੇਸ਼ ਵਿੱਚ ਕੈਦੀਆਂ ਵਾਂਗ ਲਿਜਾਇਆ ਗਿਆ। ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਬਜ਼ਟ ਵਿੱਚ ਅਤੇ ਹੁਣ ਅਮਰੀਕਾ ਵੱਲੋਂ ਡਿਪੋਟ ਕੀਤੇ ਭਾਰਤੀਆਂ ਦੇ ਮਸਲੇ ਵਿੱਚ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ ਇਹ ਬਹੁਤ ਹੀ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਘਟਨਾ ਹੈ। ਸਮੂਹ ਪੰਜਾਬੀ ਭਾਈਚਾਰਾ ਵਿਦੇਸ਼ ਮੰਤਰਾਲੇ ਦੀ ਇਸ ਗਿਣੀ ਮਿਥੀ ਸਾਜ਼ਿਸ਼ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।