ਪੀ.ਏ.ਯੂ. ਦੀ ਨਾਸ ਇਕਾਈ ਨੇ ਜੀਨੋਮ ਸੰਪਾਦਨ ਰਾਹੀਂ ਫਸਲ ਵਿਕਾਸ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ
ਲੁਧਿਆਣਾ 2 ਮਈ 2024 - ਖੇਤੀ ਵਿਗਿਆਨਾਂ ਦੀ ਰਾਸ਼ਟਰੀ ਅਕਾਦਮੀ (ਨਾਸ) ਦੀ ਲੁਧਿਆਣਾ ਇਕਾਈ ਵੱਲੋਂ ਬੀਤੇ ਦਿਨੀਂ ਪੀ.ਏ.ਯੂ. ਵਿਚ ਜੀਨੋਮ ਸੰਪਾਦਨ ਰਾਹੀਂ ਫਸਲ ਵਿਕਾਸ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ| ਇਹ ਭਾਸ਼ਣ ਦੇਣ ਲਈ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਪੌਦਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਬਿੰਗ ਯਾਂਗ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ| ਸਮਾਗਮ ਦੀ ਕਾਰਵਾਈ ਨਾਸ ਦੀ ਲੁਧਿਆਣਾ ਇਕਾਈ ਦੇ ਕਨਵੀਨਰ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਪ੍ਰਧਾਨਗੀ ਹੇਠ ਨੇਪਰੇ ਚੜੀ|
ਡਾ. ਬਿੰਗ ਯਾਂਗ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਜੀਨੋਮ ਸੰਪਾਦਨ ਰਾਹੀਂ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਦੀ ਦਿਸ਼ਾ ਵਿਚ ਵਿਆਪਕ ਸੁਧਾਰ ਕੀਤਾ ਜਾ ਸਕਦਾ ਹੈ| ਉਹਨਾਂ ਕਿਹਾ ਕਿ ਸਖਤ ਮੌਸਮੀ ਹਾਲਾਤ ਵਿਚ ਵੀ ਅਜਿਹਾ ਕਰਨਾ ਸੰਭਵ ਹੋ ਸਕਦਾ ਹੈ| ਇਸਦੇ ਨਾਲ ਹੀ ਡਾ. ਯਾਂਗ ਨੇ ਵੱਖ-ਵੱਖ ਪੌਦਾ ਜੀਨੋਮਾਂ ਵਿਚ ਲੜੀਆਂ ਦੀ ਮੌਜੂਦਗੀ ਦੇ ਨਾਲ-ਨਾਲ ਜੀਨੋਮ ਸੰਪਾਦਨ ਦੀ ਅਹਿਮ ਤਕਨੀਕ ਦੇ ਬਾਰੀਕ ਨੁਕਤੇ ਸਾਂਝੇ ਕੀਤੇ| ਉਹਨਾਂ ਨੌਜਵਾਨ ਵਿਗਿਆਨੀਆਂ ਨੂੰ ਇਸ ਦਿਸ਼ਾ ਵਿਚ ਹੋਰ ਮਿਹਨਤ ਨਾਲ ਕੰਮ ਕਰਦਿਆਂ ਭੋਜਨ ਉਤਪਾਦਨ ਅਤੇ ਪੌਸ਼ਕ ਤੱਤਾਂ ਦੀ ਸੰਭਾਲ ਯਕੀਨੀ ਬਨਾਉਣ ਲਈ ਪ੍ਰੇਰਿਤ ਕੀਤਾ| ਭਾਸ਼ਣ ਤੋਂ ਬਾਅਦ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਡਾ. ਬਿੰਗ ਯਾਂਗ ਨਾਲ ਸੰਵਾਦ ਕੀਤਾ ਅਤੇ ਵਿਸ਼ੇ ਦੇ ਹੋਰ ਪੱਖਾਂ ਦੀ ਜਾਣਕਾਰੀ ਹਾਸਲ ਕੀਤੀ|
ਡਾ. ਅਜਮੇਰ ਸਿੰਘ ਢੱਟ ਨੇ ਆਪਣੀ ਟਿੱਪਣੀ ਵਿਚ ਡਾ. ਬਿੰਗ ਯਾਂਗ ਦਾ ਅਜਿਹੇ ਗਿਆਨ ਵਰਧਕ ਭਾਸ਼ਣ ਲਈ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਖੇਤੀ ਵਿਚ ਮਨਚਾਹੇ ਸਿੱਟਿਆਂ ਨੂੰ ਪ੍ਰਾਪਤ ਕਰਨ ਲਈ, ਭੋਜਨ ਉਤਪਾਦਨ ਨੂੰ ਸਸਤਾ, ਸੁਖਾਵਾਂ ਅਤੇ ਅਨੁਸਾਰੀ ਬਨਾਉਣ ਲਈ ਜੀਨੋਮ ਸੰਪਾਦਨ ਵਿਧੀਆਂ ਬੇਹੱਦ ਜ਼ਰੂਰੀ ਹਨ| ਉਹਨਾਂ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਕੀਤੀਆਂ ਜਾ ਰਹੀਆਂ ਖੋਜ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਅਤੇ ਨਾਲ ਹੀ ਖੇਤੀ ਨਾਲ ਸੰਬੰਧਿਤ ਚੁਣੌਤੀਆਂ ਦੇ ਹੱਲ ਲਈ ਵੱਖ-ਵੱਖ ਧਿਰਾਂ ਅਤੇ ਸੰਸਥਾਵਾਂ ਨਾਲ ਸਾਂਝ ਦਾ ਪ੍ਰਣ ਕੀਤਾ|
ਇਸ ਸਮਾਗਮ ਵਿਚ ਨਾਸ ਦੇ ਫੈਲੋ, ਯੂਨੀਵਰਸਿਟੀ ਅਧਿਕਾਰੀ, ਵਿਗਿਆਨੀ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਸ਼ਾਮਿਲ ਹੋਏ| ਨਾਸ ਦੀ ਲੁਧਿਆਣਾ ਇਕਾਈ ਦੇ ਖਜ਼ਾਨਚੀ ਡਾ. ਪ੍ਰਵੀਨ ਛੁਨੇਜਾ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ| ਡਾ. ਗੌਰਵ ਕੁਮਾਰ ਤੱਗੜ ਨੇ ਅੰਤ ਵਿਚ ਧੰਨਵਾਦ ਕੀਤਾ| ਸਮਾਰੋਹ ਦਾ ਸੰਚਾਲਨ ਡਾ. ਅਭਿਸ਼ੇਕ ਸ਼ਰਮਾ ਨੇ ਕੀਤਾ|