ਪੀ.ਏ.ਯੂ. ਵਿਚ ਵਿਸ਼ਵ ਪੁਸਤਕ ਦਿਹਾੜੇ ਸੰਬੰਧੀ ਵਿਸ਼ੇਸ਼ ਸਮਾਰੋਹ ਹੋਇਆ
ਲੁਧਿਆਣਾ 2 ਮਈ 2024 - ਬੀਤੇ ਦਿਨੀਂ ਵਿਸ਼ਵ ਪੁਸਤਕ ਦਿਹਾੜੇ ਦੇ ਸੰਦਰਭ ਵਿਚ ਪੀ.ਏ.ਯੂ. ਵਿਖੇ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ| ਇਸ ਵਿਸ਼ੇਸ਼ ਦਿਹਾੜੇ ਨੂੰ ਯੂਨੈਸਕੋ ਵੱਲੋਂ ਕਿਤਾਬਾਂ ਪੜਨ ਦੀ ਆਦਤ ਦੇ ਨਾਲ-ਨਾਲ ਕਿਤਾਬਾਂ ਲਿਖਣ, ਅਨੁਵਾਦ ਕਰਨ, ਛਪਵਾਉਣ ਅਤੇ ਕਾਪੀ ਅਧਿਕਾਰਾਂ ਨਾਲ ਸੰਬੰਧਤ ਕਰਕੇ ਮਨਾਇਆ ਜਾਂਦਾ ਹੈ| ਦੁਨੀਆਂ ਭਰ ਦੇ ਸ਼ਬਦ ਸੱਭਿਆਚਾਰ ਨਾਲ ਜੁੜੇ ਲੋਕ, ਲਾਇਬ੍ਰੇਰੀਅਨ, ਪ੍ਰਕਾਸ਼ਕ, ਅਧਿਆਪਕ, ਆਮ ਲੋਕ, ਲੇਖਕ ਅਤੇ ਗੈਰ ਸਰਕਾਰੀ ਸੰਸਥਾਵਾਂ ਇਸ ਦਿਨ ਨੂੰ ਮਨੁੱਖ ਅਤੇ ਕਿਤਾਬਾਂ ਦੀ ਆਪਸੀ ਸਾਂਝ ਦੇ ਪ੍ਰਸੰਗ ਵਿਚ ਮਨਾਉਂਦੀਆਂ ਹਨ|
ਯੂਨੀਵਰਸਿਟੀ ਦੀ ਡਾ. ਐੱਮ ਐੱਸ ਰੰਧਾਵਾ ਲਾਇਬ੍ਰੇਰੀ ਵਿਖੇ ਆਯੋਜਿਤ ਕੀਤੇ ਇਸ ਸਮਾਰੋਹ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਡਾ. ਗੋਸਲ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀ ਰੂਹ ਦੀ ਖੁਰਾਕ ਹਨ| ਕਿਤਾਬਾਂ ਨੂੰ ਪੜਨਾ ਅੱਜ ਵੀ ਦੁਨੀਆਂ ਦੇ ਮਹਾਨ ਲੋਕਾਂ ਦੀ ਜ਼ਿੰਦਗੀ ਨਾਲ ਜੁੜਨਾ ਹੈ| ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖ ਦੇ ਹਾਲਾਤ ਦੇਖ ਕੇ ਸਾਰੇ ਦੋਸਤ ਬਣਦੇ ਹਨ ਪਰ ਕਿਤਾਬਾਂ ਐਸੀਆਂ ਸੱਚੀਆਂ ਦੋਸਤ ਹਨ ਜੋ ਹਮੇਸ਼ਾਂ ਨਾਲ ਰਹਿੰਦੀਆਂ ਹਨ|
ਇਸ ਮੌਕੇ ਜੈਨੇਟਿਕਸ ਦੇ ਪ੍ਰੋਫੈਸਰ ਡਾ. ਜੀ ਐੱਸ ਮਿਗਲਾਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ| ਉਹਨਾਂ ਨੇ ਵੀ ਆਪਣੀ ਟਿੱਪਣੀ ਵਿਚ ਕਿਤਾਬਾਂ ਨਾਲ ਜੁੜਨ ਨੂੰ ਵਿਲੱਖਣ ਅਨੁਭਵ ਕਿਹਾ| ਮੁੱਖ ਬੁਲਾਰੇ ਵਜੋਂ ਸਮਾਰੋਹ ਵਿਚ ਸ਼ਾਮਿਲ ਹੋਏ ਜ਼ਿਲ੍ਹਾ ਲੁਧਿਆਣਾ ਦੇ ਭਾਸ਼ਾ ਅਧਿਕਾਰੀ ਡਾ. ਸੰਦੀਪ ਸ਼ਰਮਾ ਨੇ ਇਸ ਮੌਕੇ ਦੁਨੀਆਂ ਦੇ ਇਤਿਹਾਸ ਵਿਚ ਕਿਤਾਬਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਗਿਆਨ ਹਾਸਲ ਕਰਨ ਲਈ ਕਿਤਾਬਾਂ ਨੂੰ ਅਹਿਮ ਸਰੋਤ ਕਿਹਾ| ਉਹਨਾਂ ਕਿਹਾ ਕਿ ਕਿਤਾਬਾਂ ਅਜਿਹੀ ਖਿੜਕੀ ਵਾਂਗ ਹਨ ਜੋ ਦੁਨੀਆਂ ਬਦਲਣ ਦੀ ਝਲਕ ਦਿੰਦੀ ਹੈ ਅਤੇ ਮਨੁੱਖ ਦੇ ਆਤਮਕ ਵਿਕਾਸ ਤੋਂ ਲੈ ਕੇ ਸਮਾਜਿਕ ਬਦਲਾਅ ਕਿਤਾਬ ਦੇ ਵਰਕਿਆਂ ਵਿੱਚੋਂ ਹੀ ਸਾਕਾਰ ਹੁੰਦਾ ਹੈ| ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ| ਸਮਾਰੋਹ ਵਿਚ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਬੜੇ ਸੁਚੱਜੇ ਢੰਗ ਨਾਲ ਕੀਤੀ| ਵਿਦਿਆਰਥੀਆਂ ਨੇ ਇਸ ਮੌਕੇ ਕਿਤਾਬਾਂ ਪੜ੍ਹਨ ਦਾ ਪ੍ਰਣ ਕੀਤਾ|
ਇਸ ਮੌਕੇ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ਸਰਵਰਕ ਬਨਾਉਣ ਦਾ ਇਕ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ| 17 ਵਿਦਿਆਰਥੀਆਂ ਨੇ ਇਸ ਵਿਚ ਭਾਗ ਲਿਆ| ਕਮਿਊਨਟੀ ਸਾਇੰਸ ਕਾਲਜ ਦੀ ਕੁਮਾਰੀ ਅਨਾਮਿਕਾ ਕੇ ਨੇ ਪਹਿਲਾ ਸਥਾਨ, ਖੇਤੀਬਾੜੀ ਕਾਲਜ ਦੀ ਕੁਮਾਰੀ ਜਾਨਵੀ ਸੰਦਲ ਨੇ ਦੂਸਰਾ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਨੇ ਇਸ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਲ ਕੀਤਾ| ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ|