ਮਾਲੇਰਕੋਟਲਾ: ਇਸਲਾਮੀਆ ਸਕੂਲ ਦੀ ਐਮਨ ਗੁਲਜ਼ਾਰ ਨੇ 8ਵੀਂ 'ਚੋ 98.3 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ 'ਚ 10ਵਾਂ ਸਥਾਨ ਹਾਸਲ ਕੀਤਾ
ਏਡੀਜੀਪੀ ਐਮ.ਐਫ.ਫਾਰੂਕੀ ਨੇ ਐਮਨ ਨੂੰ ਦਿੱਤੀ ਵਧਾਈ, ਕਿਹਾ ਪੰਜਾਬ 'ਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਕੰਮ ਜਾਰੀ
ਇਸਮਾਈਲ ਏਸ਼ੀਆ
ਮਾਲੇਰਕੋਟਲਾ 01 ਮਈ 2024- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ 8ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਐਮਨ ਗੁਲਜ਼ਾਰ ਨੇ 98.33 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਐਮਨ ਨੇ ਸੂਬੇ 'ਚੋਂ 10ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਸਬਾ ਸ਼ਾਹੀਨ ਨੇ ਕਿਹਾ ਕਿ ਐਮਨ ਦੀ ਇਸ ਪ੍ਰਾਪਤੀ ਨੇ ਪੂਰੇ ਸੂਬੇ 'ਚ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੇ 8ਵੀਂ, 10ਵੀਂ ਅਤੇ 12ਵੀਂ ਦੀਆਂ ਤਿੰਨੋਂ ਬੋਰਡ ਪ੍ਰੀਖਿਆਵਾਂ 'ਚ 100 ਫੀਸਦੀ ਨਤੀਜਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ 2 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਲਈ ਆਰਟਸ, ਕਾਮਰਸ ਅਤੇ ਮੈਡੀਕਲ ਦੀਆਂ ਤਿੰਨੋਂ ਸਟ੍ਰੀਮਾਂ ਵਿੱਚ ਪੜ੍ਹਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚੇ ਖੇਡਾਂ ਵਿੱਚ ਵੀ ਰਾਸ਼ਟਰੀ ਪੱਧਰ 'ਤੇ ਲਗਾਤਾਰ ਸਕੂਲ ਅਤੇ ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਐਮ.ਐਫ.ਫਾਰੂਕੀ ਏ.ਡੀ.ਜੀ.ਪੀ., ਆਈ.ਪੀ.ਐਸ. ਜੋ ਕਿ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਵੀ ਹਨ, ਨੇ ਵਿਦਿਆਰਥਣ ਐਮਨ ਗੁਲਜ਼ਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮਨ ਦੀ ਇਸ ਪ੍ਰਾਪਤੀ ਨੇ ਪੰਜਾਬ ਵਕਫ਼ ਬੋਰਡ ਵੱਲੋਂ ਸਿੱਖਿਆ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਸ਼ਨ 2024-25 ਵਿੱਚ ਪੰਜਾਬ ਵਕਫ਼ ਬੋਰਡ ਆਪਣੇ ਸਾਰੇ ਸਕੂਲਾਂ ਵਿੱਚ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਬਿਹਤਰ ਪ੍ਰਬੰਧ ਕਰੇਗਾ, ਜਿਸ ਲਈ ਮੁਕੰਮਲ ਬਲਿਊ ਪ੍ਰਿੰਟ ਤਿਆਰ ਹੈ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਵਿਸ਼ਿਆਂ ਵਿੱਚ ਵੀ ਤਿਆਰ ਕੀਤਾ ਜਾਵੇਗਾ। ਏਡੀਜੀਪੀ ਐੱਮਐੱਫ ਫਾਰੂਕੀ ਨੇ ਦੱਸਿਆ ਕਿ ਵਿਦਿਆਰਥੀ ਐਮਨ ਗੁਲਜ਼ਾਰ ਦਾ ਵੀ ਵਕਫ਼ ਬੋਰਡ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।