ਲਿੰਕ ਸੜਕ 'ਤੇ ਬਣੇ ਛੱਪੜ ਦੇ ਮਾਮਲੇ 'ਚ ਹਾਈਕੋਰਟ ਨੇ ਮੋਹਾਲੀ DC ਤੋਂ ਮੰਗਿਆ ਜਵਾਬ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਮਈ 2024: ਪਿਛਲੇ ਸਾਲ ਭਾਰੀ ਬਰਸਾਤ ਦੇ ਦਿਨਾਂ ਦੌਰਾਨ ਪਾਣੀ ਜਮ੍ਹਾਂ ਹੋਣ ਕਾਰਨ ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਤਸਿੰਬਲੀ ਤੋਂ ਰਾਣੀਮਾਜਰਾ ਲਿੰਕ ਸੜਕ ’ਤੇ ਬਣੇ ਡੂੰਘੇ ਛੱਪੜ 'ਚ ਦੋ ਰਾਹਗੀਰਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖੁਦ-ਬ-ਖੁਦ ਨੋਟਿਸ ਲਿਆ ਹੈ। ਪਟੀਸ਼ਨਰ ਨੇ ਅਖਬਾਰ ਦੀ ਖਬਰ ਦੇ ਆਧਾਰ 'ਤੇ ਪੰਜਾਬ ਅਤੇ ਚੰਡੀਗੜ੍ਹ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ ਲਾਪ੍ਰਵਾਹੀ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ। ਇਸ ਪਟੀਸ਼ਨ ਦੀ ਮੁੱਢਲੀ ਸੁਣਵਾਈ ਤੋਂ ਬਾਅਦ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਜਸਟਿਸ ਲਪਿਤਾ ਬੈਨਰਜੀ ਦੇ ਡਵੀਜ਼ਨ ਬੈਂਚ ਨੇ ਮੁਹਾਲੀ ਦੇ ਡੀਸੀ ਅਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ 6 ਅਗਸਤ ਤੱਕ ਜਵਾਬ ਮੰਗਿਆ ਹੈ।
ਮੋਹਾਲੀ ਦੇ ਵਸਨੀਕ ਪਟੀਸ਼ਨਰ ਰਾਮ ਕੁਮਾਰ ਨੇ ਪੰਜਾਬ ਅਤੇ ਚੰਡੀਗੜ੍ਹ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਪਿਛਲੇ ਸਾਲ ਹੋਈ ਭਾਰੀ ਬਰਸਾਤ ਕਾਰਨ ਤਸਿੰਬਲੀ-ਰਾਣੀਮਾਜਰਾ ਲਿੰਕ ਸੜਕ ’ਤੇ ਪਾਣੀ ਜਮ੍ਹਾਂ ਹੋਣ ਕਾਰਨ 40 ਫੁੱਟ ਲੰਬਾ, 25 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਛੱਪੜ ਬਣ ਕੇ ਬਰਸਾਤੀ ਪਾਣੀ ਨਾਲ ਭਰ ਗਿਆ ਸੀ, ਜਿਸ ਦੀ ਸੂਚਨਾ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੰਡੀ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਮੰਡੀ ਬੋਰਡ ਵੱਲੋਂ ਇਸ ਖੱਡੇ ਨੂੰ ਸਮੇਂ ਸਿਰ ਨਹੀਂ ਪੂਰਿਆ ਗਿਆ, ਜਿਸ ਦੇ ਚਲਦਿਆਂ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਸੀ। ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਦੋ ਵਿਅਕਤੀਆਂ ਦੀ ਮੌਤ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ 'ਤੇ ਪਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।