95.5 ਪਾਸ ਫ਼ੀਸਦੀ ਨਾਲ਼ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਬਾਰ੍ਹਵੀਂ ਦਾ ਨਤੀਜਾ
ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ- ਡੀਈਓ ਸੈਕੰਡਰੀ ਸਤਿਨਾਮ ਸਿੰਘ ਬਾਠ, ਡਿਪਟੀ ਡੀਈਓ ਅੰਗਰੇਜ਼ ਸਿੰਘ
ਜ਼ਿਲ੍ਹੇ ਦੇ 13 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ
ਪ੍ਰਮੋਦ ਭਾਰਤੀ
ਮੁਹਾਲੀ 1 ਮਈ 2024 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਮੋਹਾਲੀ ਦਾ ਨਤੀਜਾ 95.5 ਪਾਸ ਫੀ਼ਸਦੀ ਰਿਹਾ। ਜ਼ਿਲ੍ਹੇ ਦੇ 7311 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 6982 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਸ ਦੇ ਨਾਲ਼ ਹੀ ਜ਼ਿਲ੍ਹੇ ਦੇ 13 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਆਪਣੇ ਮਾਪਿਆਂ,ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿੱਚ ਮੈਰੀਟੋਰੀਅਸ ਮੁਹਾਲੀ ਦੀ ਵਿਦਿਆਰਥਣ ਆਸਥਾ ਪਿਤਾ ਅਜੈ ਕੁਮਾਰ ਨੇ 500 ਵਿੱਚੋਂ 495 ਅੰਕ 99 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ 6ਵੇਂ ਨਾਲ਼ ਜ਼ਿਲ੍ਹੇ ਵਿੱਚ ਪਹਿਲਾ ਸਥਾਨ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਵਿਦਿਆਰਥਣ ਮਹਿਕ ਪੁੱਤਰੀ ਸਲੀਮ ਅਲੀ ਨੇ 500 ਵਿੱਚੋਂ 494 ਅੰਕ 98.8 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ 7ਵੇਂ ਨਾਲ਼ ਦੂਜਾ ਸਥਾਨ ਜਦਕਿ ਮੈਰੀਟੋਰੀਅਸ ਸਕੂਲ ਮੁਹਾਲੀ ਦੇ ਵਿਦਿਆਰਥੀ ਹਿਮਾਂਸ਼ੂ ਪੁੱਤਰ ਰੋਹਤਾਸ ਕੁਮਾਰ ਨੇ 500 ਵਿੱਚੋਂ 493 ਅੰਕ 98.6 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ ਅੰਕ 8 ਨਾਲ਼ ਤੀਜਾ ਸਥਾਨ ਪ੍ਰਾਪਤ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਦੀ ਵਿਦਿਆਰਥਣ ਸੰਜਨਾ ਪੁੱਤਰੀ ਸੋਹਨ ਲਾਲ ਨੇ 500 ਵਿੱਚੋਂ 491 98.2 ਫ਼ੀਸਦੀ ਨਾਲ਼ ਸੂਬਾ ਮੈਰਿਟ 10 ਨਾਲ਼ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਆਂਚਲ ਪੁੱਤਰੀ ਰਾਜ ਕੁਮਾਰ ਅਤੇ ਨਵਲਦੀਪ ਕੌਰ ਪੁੱਤਰੀ ਸਚਿਨ ਸਹਿਗਲ,ਹਰਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ,ਜਸਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ,ਰੁਪਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ,ਮਾਨਸੀ ਪੁੱਤਰੀ ਦਰਸ਼ਨ ਕੁਮਾਰ, ਅਮਨਦੀਪ ਕੌਰ ਪੁੱਤਰੀ ਦਰਸ਼ਨ ਸਿੰਘ, ਅਰਸ਼ਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਲਵਦੀਪ ਕੌਰ ਪੁੱਤਰੀ ਹਰਮਿੰਦਰ ਸਿੰਘ ਸੂਬਾ ਪੱਧਰੀ ਮੈਰਿਟ ਵਿੱਚ ਸਥਾਨ ਥਾਂ ਬਣਾ ਕੇ ਆਪਣੇ ਅਧਿਆਪਕਾਂ,ਮਾਪਿਆਂ,ਸਕੂਲਾਂ ਅਤੇ ਜ਼ਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਗਰੇਜ਼ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋਂ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖ਼ਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ਼ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਉਹਨਾਂ ਦੱਸਿਆ ਲੰਘੇ ਦਿਨੀਂ ਇੱਥੇ ਤਾਇਨਾਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਦੀ ਸੁਚੱਜੀ ਯੋਜਨਾਬੰਦੀ ਨਾਲ਼ ਜ਼ਿਲ੍ਹੇ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 6ਵਾਂ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਡੀਈਓ ਅਤੇ ਡਿਪਟੀ ਡੀਈਓ ਵੱਲੋਂ ਸਮੂਹ ਸਕੂਲ ਮੁਖੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਖ਼ਾਸ ਤੌਰ ਤੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਦੇ ਸਕੂਲ ਮੁਖੀਆਂ ਵਿੱਚ ਮੈਰੀਟੋਰੀਅਸ ਸਕੂਲ ਦੀ ਪ੍ਰਿੰਸੀਪਲ ਰਿੱਤੂ ਸ਼ਰਮਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਪ੍ਰਿੰਸੀਪਲ ਹਰ ਭੁਪਿੰਦਰ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਦੇ ਪ੍ਰਿੰਸੀਪਲ ਆਤਮ ਬੀਰ ਸਿੰਘ ਨੂੰ ਵਧਾਈ ਦਿੱਤੀ।