ਚੁੰਨੀ-ਲਾਂਡਰਾ ਨੈਸ਼ਲਨ ਹਾਈਵੇ ’ਤੇ ਟੁੱਟੀ ਪੁਲੀ ਬਣੀ ਰਾਹਗੀਰਾਂ ਲਈ ਮੁਸੀਬਤ: ਬਲਜੀਤ ਸਿੰਘ ਭੁੱਟਾ
ਸ੍ਰੀ ਫਤਿਹਗੜ੍ਹ ਸਾਹਿਬ, 1 ਮਈ, 2024:
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਵਾਇਆ ਚੁੰਨੀ-ਲਾਂਡਰਾਂ ਨੈਸ਼ਨਲ ਹਾਈਵੇ ’ਤੇ ਪੁਲੀ ਟੁੱਟਣ ਕਾਰਨ ਰਾਹਗੀਰਾਂ ਨੂੰ ਮੋਹਾਲੀ-ਚੰਡੀਗੜ੍ਹ ਜਾਣ ਵਿੱਚ ਭਾਰੀ ਸਮੱਸਿਆਵਾਂ ਆ ਰਹੀਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਭੁੱਟਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਇਹ ਪੁਲੀ ਦਬਣ ਕਾਰਨ ਹਾਦਸੇ ਵਾਪਰ ਰਹੇ ਹਨ ਤੇ ਰਾਹਗੀਰਾਂ ਦੇ ਸੱਟਾਂ ਲੱਗ ਰਹੀਆਂ ਸਨ।ਇਸ ਸਬੰਧੀ ਉਹਨਾਂ ਡਿਪਟੀ ਕਮਿਸ਼ਨਰ ਸ੍ਰੀ ਫਤਿਹਗੜ੍ਹ ਸਾਹਿਬ ਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਇਸ ਟੁੱਟ ਰਹੀ ਪੁਲੀ ਨੂੰ ਠੀਕ ਕਰਨ ਦੀ ਬਜਾਏ ਟਾਲ ਮਟੋਲ ਕਰਦੇ ਰਹੇ ਹਨ। ਪਿਛਲੇ ਦਿਨੀਂ ਇਹ ਪੁਲੀ ਟੁੱਟਣ ਕਾਰਨ ਰੋਡ ਬੰਦ ਹੋਣ ਕਾਰਨ ਲੋਕਾਂ ਨੂੰ ਵਹੀਕਲਾਂ ਰਾਹੀਂ ਆਉਣ ਜਾਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁੱਟਾ ਨੇ ਕਿਹਾ ਕਿ 31 ਮਾਰਚ 2024 ਤੱਕ ਇਸ ਸੜਕ ਦੀ ਰਿਪੇਅਰ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਪ੍ਰੰਤੂ ਇਸ ਪੁਲੀ ਨੂੰ ਅਣਦੇਖਿਆ ਕੀਤਿਆ ਗਿਆ। ਜੇ ਅਫਸਰਾਂ ਨਾਲ ਇਸ ਨੂੰ ਜਲਦੀ ਠੀਕ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਫੰਡਾਂ ਦੀ ਘਾਟ ਦੱਸਿਆ ਤੇ ਪੁਲੀ ਨੂੰ ਠੀਕ ਕਰਾਉਣ ਲਈ ਸਰਕਾਰ ਦੀ ਅਪਰੂਵਲ ਆਉਣ ਤੱਕ ਉਡੀਕ ਕਰਨ ਲਈ ਕਿਹਾ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਤੋਂ ਇਸ ਸੜਕ ’ਤੇ ਕੀਤੇ ਕੰਮਾਂ ਦੀ ਜਾਂਚ ਕਰਨ ਦੀ ਮੰਗ ਕੀਤੀ।ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਜੋੜ ਦੀ ਇਸ ਸੜਕ ’ਤੇ ਟੁੱਟੀ ਪੁਲੀ ਦੀ ਰਿਪੇਅਰ ਜਲਦੀ ਤੋਂ ਜਲਦੀ ਕੀਤੀ ਜਾਵੇ ਨਹੀਂ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਕੁਲਦੀਪ ਸਿੰਘ ਚੁੰਨੀ ਕਲਾਂ, ਕਿਰਨਦੀਪ ਸਿੰਘ ਚੁੰਨੀ, ਨਾਜਰ ਸਿੰਘ ਬਲਾੜੀ, ਅਮਰਿੰਦਰ ਸਿੰਘ ਡਡਿਆਣਾ, ਭੁਪਿੰਦਰ ਸਿੰਘ ਬਡਾਲੀ ਆਲਾ ਸਿੰਘ ਆਦਿ ਹਾਜ਼ਰ ਸਨ।