ਸਮੁੱਚੀ ਮਾਨਵਤਾ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ ਮਾਨਵ ਏਕਤਾ ਦਿਵਸ - ਦੁੱਗਲ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2024: ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇੰਚਾਰਜ ਐਸ ਪੀ ਦੁੱਗਲ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 'ਮਾਨਵ ਏਕਤਾ ਦਿਵਸ' ਬੁੱਧਵਾਰ, 24 ਅਪ੍ਰੈਲ, 2024 ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਖਾਨਦਾਨ ਲਗਾਇਆ ਜਾ ਰਿਹਾ ਹੈ। ਇਹ ਦਿਨ ਸਤਿਗੁਰੂ ਬਾਬਾ ਗੁਰਬਚਨ ਸਿੰਘ ਦੇ ਪਰਉਪਕਾਰੀ ਜੀਵਨ ਅਤੇ ਉਨ੍ਹਾਂ ਦੀ ਲੋਕ ਭਲਾਈ ਦੀ ਭਾਵਨਾ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਬਠਿੰਡਾ ਦੀਆਂ ਸੈਂਕੜਿਆ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਨਗੀਆਂ ਤੇ ਬਾਬਾ ਗੁਰਬਚਨ ਸਿੰਘ ਅਤੇ ਪਰਮ ਸ਼ਰਧਾਲੂ ਚਾਚਾ ਪ੍ਰਤਾਪ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਕੇ ਉਨ੍ਹਾਂ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸਤਿਗੁਰ ਦੇ ਪ੍ਰਵਚਨਾਂ ਨੂੰ ਸਰਵਣ ਕਰਨਗੇ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਦੀ ਅਪਾਰ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ( ਸਮਾਜ ਭਲਾਈ ਵਿੰਗ ) ਦੀ ਸਰਪ੍ਰਸਤੀ ਹੇਠ ਵਿਸ਼ਵ ਭਰ ਵਿੱਚ ਲਗਾਤਾਰ ਖੂਨਦਾਨ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਜਾਵੇਗਾ ਜਿਸ ਵਿੱਚ ਖੂਨਦਾਨ ਕਰਨ ਵਾਲੇ ਲੋਕ ਮਾਨਵਤਾ ਦੀ ਭਲਾਈ ਲਈ ਖੂਨਦਾਨ ਕਰਕੇ ਨਿਰਸਵਾਰਥ ਸੇਵਾ ਦੀ ਮਿਸਾਲ ਕਾਇਮ ਕਰਨਗੇ।
ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਸੰਯੋਜਕ ਆਦਰਸ਼ ਮੋਹਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਏਮਜ਼ ( AIIMS) ਅਤੇ ਸਿਵਲ ਹਸਪਤਾਲਾਂ ਦੇ ਮਾਹਿਰ ਡਾਕਟਰ ਦੀਆਂ ਟੀਮਾਂ ਖੂਨ ਇਕੱਠਾ ਕਰਨ ਲਈ ਭਾਗ ਲੈਣਗੀਆਂ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਵਿੱਚ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਵਿੱਚ ਖੂਨ ਇਕੱਠਾ ਕਰਨ ਲਈ ਸਥਾਨਕ ਹਸਪਤਾਲਾਂ ਦੇ ਡਾਕਟਰ ਅਤੇ ਨਰਸਾਂ ਹਾਜ਼ਰ ਰਹਿਣਗੀਆਂ। ਇਸ ਤੋਂ ਇਲਾਵਾ ਸਾਰੀਆਂ ਥਾਵਾਂ 'ਤੇ ਸਤਿਸੰਗ ਪ੍ਰੋਗਰਾਮ ਵੀ ਕਰਵਾਏ ਜਾਣਗੇ।