ਸਕੂਲ ਵੈਨ ਸੇਫਟੀ ਮਾਮਲੇ 'ਚ ਦੇਰ ਬਾਅਦ ਜਾਗਿਆ ਪ੍ਰਸ਼ਾਸਨ
ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸੈਕਟਰੀ ਦੇ ਸਕੂਲਾਂ ਦੀਆਂ ਵੈਨਾਂ ਸਮੇਤ ਡੇਢ ਦਰਜਨ ਦੇ ਕਰੀਬ ਕੱਟੇ ਚਲਾਨ
ਦੀਪਕ ਜੈਨ
ਜਗਰਾਉਂ, 19 ਅਪ੍ਰੈਲ : ਬੀਤੇ ਕਈ ਵਰਿਆਂ ਤੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟ ਕਸੁੱਟ ਲਗਾਤਾਰ ਚਲਦੀ ਆ ਰਹੀ ਹੈ ਫਿਰ ਉਹ ਚਾਹੇ ਬਿਲਡਿੰਗ ਫੰਡ, ਕਿਤਾਬਾਂ, ਵਰਦੀਆਂ ਜਾਂ ਕਿਸੇ ਵੀ ਰੂਪ ਵਿੱਚ ਹੋਵੇ। ਜਦ ਕਿ ਇਸ ਬਾਰੇ ਸਬੰਧਤ ਅਧਿਕਾਰੀ ਅਤੇ ਸਰਕਾਰਾਂ ਭਲੀ ਭਾਤੀ ਜਾਣੂ ਹਨ, ਪਰ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣ ਅਤੇ ਵਧੀਆ ਭਵਿੱਖ ਬਣਾਉਣ ਲਈ ਮਜਬੂਰੀ ਵੱਸ ਆਪਣੇ ਆਪ ਨੂੰ ਲੁਟਾ ਰਹੇ ਹਨ। ਹੁਣ ਕੁਝ ਸਾਲਾਂ ਤੋਂ ਪ੍ਰਾਈਵੇਟ ਸਕੂਲ ਵਾਲਿਆਂ ਨੇ ਮਾਪਿਆਂ ਦੀ ਲੁੱਟ ਦੇ ਨਾਲ ਨਾਲ ਲਾਲਚ ਵੱਸ ਹੋ ਕੇ ਵਿਦਿਆਰਥੀਆਂ ਦੀ ਜਾਨ ਨਾਲ ਵੀ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਉਦਾਹਰਨ ਵੀ ਆਪਾਂ ਨੂੰ ਸਕੂਲੀ ਵੈਨਾਂ ਦੇ ਹੋ ਰਹੇ ਐਕਸੀਡੈਂਟਾਂ ਤੋਂ ਲੈ ਸਕਦੇ ਹਾਂ, ਜਿੱਥੇ ਵਿਦਿਆਰਥੀਆਂ ਦੀਆਂ ਜਾਨਾਂ ਵੀ ਗਈਆਂ ਹਨ ਤੇ ਗੰਭੀਰ ਰੂਪ ਵਿੱਚ ਜਖਮੀ ਵੀ ਹੋਏ ਹਨ ਦੀਆਂ ਖਬਰਾਂ ਟੀਵੀ ਚੈਨਲਾਂ ਅਤੇ ਅਖਬਾਰਾਂ ਦੀ ਸੁਰਖੀਆਂ ਵਿੱਚ ਦੇਖਣ ਨੂੰ ਮਿਲਦੀਆਂ ਹਨ।
ਪ੍ਰਾਈਵੇਟ ਸਕੂਲਾਂ ਵੱਲੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ:-ਸਕੂਲਾਂ ਵੱਲੋਂ ਥੋੜੇ ਜਿਹੇ ਲਾਲਚ ਵੱਸ ਹੋ ਕੇ ਸਕੂਲੀ ਵੈਨਾਂ ਨੂੰ ਮੋਡੀਫਾਈ ਕਰ ਜਿਆਦਾ ਸੀਟਾਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਵੈਨਾਂ 'ਚ' ਜਿਆਦਾ ਵਿਦਿਆਰਥੀ ਬੈਠ ਸਕਣ, ਫਸਟ ਏਡ ਕਿਟ, ਫਾਇਰ ਸੇਫਟੀ ਸਲੰਡਰ, ਸੀਸੀਟੀਵੀ ਕੈਮਰੇ, ਸਪੀਡ ਲਿਮਿਟ ਕਰਨ ਵਾਲਾ ਯੰਤਰ, ਵੈਨ ਸਹਾਇਕ, ਜਿਸ ਵੈਨ ਵਿੱਚ ਵਿਦਿਆਰਥਨਾ ਬੈਠਦੀਆਂ ਹਨ ਉਸ ਵਿੱਚ ਨਹੀਂ ਹੁੰਦੀ ਲੇਡੀ ਸਹਾਇਕ, ਡਰਾਈਵਰ ਅਤੇ ਸਹਾਇਕ ਦੀ ਵਰਦੀ, ਡਰਾਈਵਰ ਦਾ ਕਈ ਸਾਲਾਂ ਦਾ ਤਜਰਬਾ ਹੋਣਾ ਆਦਿ ਹੋਰ ਵੀ ਅਨੇਕਾਂ ਨਿਯਮ ਸਕੂਲ ਵੈਨ ਸੇਫਟੀ ਲਈ ਬਣਾਏ ਗਏ ਹਨ ਜੋ ਕਿ ਸਕੂਲਾਂ ਵੱਲੋਂ ਕਦੀ ਵੀ ਪੂਰੇ ਨਹੀਂ ਕੀਤੇ ਜਾਂਦੇ।
ਇਥੋਂ ਤੱਕ ਕੀ ਸਕੂਲਾਂ ਨੇ ਆਪਣੀ ਖਲ ਬਚਾਉਣ ਲਈ ਵੈਨਾ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਹੋਇਆ ਹੈ ਤਾਂ ਜੋ ਸਕੂਲਾਂ ਦੇ ਨਾਲ ਨਾਲ ਉਹ ਵੀ ਆਪਣੀ ਮਨ ਮਰਜ਼ੀ ਕਰ ਸਕਣ। ਐਸਡੀਐਮ ਗੁਰਵੀਰ ਸਿੰਘ ਕੋਲੀ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਤਦ ਤੱਕ ਚਲਦੀ ਰਹੇਗੀ ਜਦ ਤੱਕ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਜਾਂਦੀ। ਜੇ ਗੱਲ ਕਰੀਏ ਦੇਰ ਆਏ ਦਰੁਸਤ ਆਏ ਤਾਂ ਕੀ ਹੁਣ ਇਹ ਮੁਹਿੰਮ ਲਗਾਤਾਰ ਜਾਰੀ ਰੱਖਦੇ ਹੋਏ ਇਸ ਲੁੱਟ ਦੇ ਨਾਲ ਨਾਲ ਬੱਚਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਤੇ ਵੀ ਲਗਾਮ ਲਗਾਈ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਜਾਂ ਫਿਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ।