ਭਾਜਪਾ ਦੀ ਦਿੱਲੀ ਜਿੱਤ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ, ਵੰਡੇ ਲੱਡੂ
ਦੀਪਕ ਜੈਨ
ਜਗਰਾਉਂ, 8 ਫਰਵਰੀ 2025 - ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਵੱਡੀ ਜਿੱਤ ਪ੍ਰਾਪਤ ਕਰਨ ਉੱਤੇ ਜਗਰਾਉਂ ਦੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਜਿਸ ਲਈ ਅੱਜ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ ਦੇ ਧਮਾਕਿਆਂ ਉੱਪਰ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹੋਇਆਂ ਭਾਜਪਾ ਲੁਧਿਆਣਾ ਦਿਹਾਤੀ ਦੇ ਜਿਲਾ ਪ੍ਰਧਾਨ ਕਰਨਲ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਦਿੱਲੀ ਫਤਿਹ ਕਰਨ ਨਾਲ ਸਮੂਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਜੋਸ਼ ਭਰ ਗਿਆ ਹੈ ਅਤੇ ਇਸ ਖੁਸ਼ੀ ਵਿੱਚ ਹੀ ਅੱਜ ਵੱਡੀ ਗਿਣਤੀ ਵਿੱਚ ਲੱਡੂ ਵੰਡ ਕੇ ਜਸ਼ਨ ਮਨਾਇਆ ਜਾ ਰਿਹਾ ਹੈ।
ਜਗਰਾਉਂ ਦੇ ਮੰਡਲ ਪ੍ਰਧਾਨ ਟੋਨੀ ਵਰਮਾ ਵੱਲੋਂ ਵੀ ਖੁਸ਼ੀ ਜਾਹਿਰ ਕਰਦਿਆਂ ਹੋਇਆਂ ਕਿਹਾ ਗਿਆ ਕਿ ਦਿੱਲੀ ਦੀ ਜਿੱਤ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਾਜਪਾ ਵਾਸਤੇ ਵੀ ਪੂਰੀ ਤਰਹਾਂ ਲਾਹੇਵੰਦ ਹੋਵੇਗੀ। ਇਸ ਮੌਕੇ ਬੋਲਦਿਆਂ ਹੋਇਆਂ ਕੌਂਸਲਰ ਸਤੀਸ਼ ਕੁਮਾਰ ਦੌਦਰੀਆ ਪੱਪੂ ਨੇ ਕਿਹਾ ਕਿ ਦਿੱਲੀ ਵਿੱਚ ਤਾਂ ਝਾੜੂ ਤੀਲਾ ਤੀਲਾ ਹੋ ਗਿਆ ਹੈ ਅਤੇ ਕਾਂਗਰਸ ਨੂੰ ਵੀ ਦਿੱਲੀ ਦੇ ਵੋਟਰਾਂ ਨੇ ਹਾਸ਼ੀਆ ਉਤੇ ਲਗਾ ਦਿੱਤਾ ਹੈ। ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਉਹਨਾਂ ਦਾ ਪਾਰਟੀ ਫਾਊਂਡਰ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਆਪਣੀ ਵਕਾਰੀ ਸੀਟ ਤੋਂ ਹਾਰ ਗਿਆ ਹੈ।
ਲੱਡੂ ਵੰਡਣ ਮਗਰੋਂ ਕਾਰਜ ਕਰਤਾਵਾਂ ਨੇ ਆਪਣੇ ਆਪਣੇ ਦੋ ਪਹੀਆ ਵਾਹਣਾ ਉਪਰ ਢੋਲ ਦੀ ਥਾਪ ਉੱਤੇ ਨਾਰੇ ਲਗਾਉਂਦਿਆਂ ਹੋਇਆਂ ਸ਼ਿਵਾਲਾ ਚੌਂਕ ਤੋਂ ਲੈ ਕੇ ਜਗਰਾਉਂ ਦੀਆਂ ਅਲੱਗ ਅਲੱਗ ਸੜਕਾਂ ਉੱਪਰ ਇੱਕ ਜਲੂਸ ਵੀ ਕੱਢਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਟੋਨੀ ਵਰਮਾ, ਰਾਜਕੁਮਾਰ ਵਰਮਾ, ਰਾਜਾ ਵਰਮਾ, ਪਰਵੀਨ ਧਵਨ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਚੋਪੜਾ ਸੰਟੀ, ਆਸ਼ੀਸ਼ ਕੁਮਾਰ ਗੁਪਤਾ, ਤਰਸੇਮ ਲਾਲ,ਰਾਹੁਲ ਦੋਧਰੀਆ, ਸੰਜੇ ਕੁਮਾਰ ਬੱਬਾ, ਤੁਸ਼ਾਰ ਕੁਮਾਰ ਦੋਧਰੀਆ, ਭਾਨੂ ਸ਼ਰਮਾ, ਸਨੀ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਰਜ ਕਰਤਾ ਹਾਜ਼ਰ ਸਨ।