MLA ਮਾਣੂੰਕੇ ਨੇ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਪ੍ਰਵਾਨਗੀ ਪੱਤਰ ਵੰਡੇ
- ਹਲਕੇ ਦੇ ਸਾਰੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਦੇਵਾਂਗੇ-ਬੀਬੀ ਮਾਣੂੰਕੇ
ਜਗਰਾਉਂ, 15 ਸਤੰਬਰ 2024 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਬੀ.ਡੀ.ਪੀ.ਓ.ਦਫਤਰ ਜਗਰਾਉਂ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਪ੍ਰਧਾਨ ਮੰਤਰੀ ਅਵਾਸ ਯੋਜਨਾਂ (ਗ੍ਰਾਮੀਣ) ਤਹਿਤ ਨਵੇਂ ਮਕਾਨਾਂ ਦੀ ਗ੍ਰਾਂਟ ਲਈ 27 ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਨਾਉਣ ਲਈ ਪ੍ਰਵਾਨਗੀ ਪੱਤਰ ਸੌਂਪੇ ਗਏ। ਇਸ ਮੌਕੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ 27 ਲੋੜਵੰਦ ਗਰੀਬ ਪਰਿਵਾਰਾਂ ਦੇ ਨਵੇਂ ਪੱਕੇ ਘਰ ਬਨਾਉਣ ਲਈ ਪਹਿਲੀ ਕਿਸ਼ਤ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਅਤੇ ਇਹਨਾਂ ਦੇ ਘਰ ਬਨਾਉਣ ਦਾ ਕੰਮ ਸ਼ੁਰੂ ਹੋਣ ਉਪਰੰਤ ਅਗਲੀਆਂ ਦੋ ਹੋਰ ਕਿਸ਼ਤਾਂ ਵੀ ਪੜਾਵਾਰ ਜਾਰੀ ਕਰਵਾ ਦਿੱਤੀਆਂ ਜਾਣਗੀਆਂ।
ਉਹਨਾਂ ਆਖਿਆ ਕਿ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਬਨਾਉਣ ਲਈ ਇੱਕ ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਅਤੇ 12 ਹਜ਼ਾਰ ਰੁਪਏ ਵੱਖਰੇ ਤੌਰਤੇ ਪਖਾਨੇ ਬਨਾਉਣ ਲਈ ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਹਨਾਂ ਨਵੇਂ ਘਰਾਂ ਨੂੰ ਬਨਾਉਣ ਲਈ ਮਜ਼ਦੂਰਾਂ ਨੂੰ 90 ਦਿਹਾੜੀਆਂ (28 ਦਿਹਾੜੀਆਂ ਦੀਵਾਰਾਂ ਦੇ ਪੱਧਰ ਤੱਕ ਪੁੱਜਣ ਤੱਕ ਅਤੇ 34 ਦਿਹਾੜੀਆਂ ਮਕਾਨ ਦੀ ਛੱਤ ਪਵਾਉਣ ਤੱਕ ਅਤੇ 28 ਦਿਹਾੜੀਆਂ ਮਕਾਨ ਮੁਕੰਮਲ ਹੋਣ ਤੱਕ) ਮਹਾਤਮਾਂ ਗਾਂਧੀ ਨਰੇਗਾ ਯੋਜਨਾਂ ਤਹਿਤ ਵੱਖਰੇ ਤੌਰਤੇ ਦਿੱਤੇ ਜਾਣਗੇ।
ਵਿਧਾਇਕਾ ਮਾਣੂੰਕੇ ਨੇ ਹੋਰ ਆਖਿਆ ਕਿ ਉਹ ਹਮੇਸ਼ਾ ਗਰੀਬ ਲੋਕਾਂ ਦੇ ਹੱਕ ਵਿੱਚ ਖੜੇ ਹਨ ਅਤੇ ਕਿਸੇ ਵੀ ਗਰੀਬ ਪਰਿਵਾਰ ਨੂੰ ਬਿਨਾਂ ਛੱਤ ਤੋਂ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਜਗਰਾਉਂ ਹਲਕੇ ਦੇ ਸਾਰੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਕੇ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਹੁਣ 27 ਪਰਿਵਾਰਾਂ ਦੇ ਘਰ ਬਣਾਏ ਜਾ ਰਹੇ ਹਨ ਅਤੇ ਹੋਰ ਵੀ ਲੋੜਵੰਦ ਤੇ ਗਰੀਬ ਪਰਿਵਾਰਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਉਹਨਾਂ ਦੇ ਘਰ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਗਈ ਹੈ ਅਤੇ ਉਹਨਾਂ ਦੀ ਪ੍ਰਵਾਨਗੀ ਮਿਲਣ ਉਪਰੰਤ ਉਹਨਾਂ ਗਰੀਬ ਪਰਿਵਾਰਾਂ ਨੂੰ ਵੀ ਨਵੇਂ ਪੱਕੇ ਘਰ ਬਣਾਕੇ ਦਿੱਤੇ ਜਾਣਗੇ।
ਇਸ ਮੌਕੇ ਇਕੱਠੇ ਹੋਏ ਪਰਿਵਾਰਾਂ ਨੇ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਡੀ.ਪੀ.ਓ.ਜਗਰਾਉਂ ਸੁਖਦੀਪ ਸਿੰਘ ਗਰੇਵਾਲ, ਏ.ਪੀ.ਓ.ਗੁਰਇਕਬਾਲ ਸਿੰਘ, ਪੁਨੀਤ ਗਰਗ, ਹੇਮੰਤ, ਸੁਸ਼ਮਾਂ ਰਾਣੀ, ਗੁਰਪ੍ਰੀਤ ਸਿੰਘ ਸੀ.ਏ.,ਮਨਦੀਪ ਸਿੰਘ ਅਕਾਂਊਟੈਂਟ, ਪ੍ਰਮਾਤਮਾਂ ਸਿੰਘ ਟੈਕ.ਅਸੈਸਟੈਂਟ, ਬਲਵੰਤ ਸਿੰਘ ਪ੍ਰਬੰਧਕ, ਸੈਕਟਰੀ ਜਗਦੇਵ ਸਿੰਘ, ਗੁਰਚਰਨ ਸਿੰਘ ਮੀਰਪੁਰ ਹਾਂਸ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਮੈਡਮ ਸਾਕਸ਼ੀ, ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਨਿੱਕਾ ਗਾਲਿਬ, ਕੁਲਵੰਤ ਸਿੰਘ ਪੋਨਾਂ, ਮਨਿੰਦਰ ਸਿੰਘ ਸਿੱਧਵਾਂ ਕਲਾਂ, ਰਾਜਵੰਤ ਸਿੰਘ ਕੰਨੀਆਂ, ਕੁਲਦੀਪ ਸਿੰਘ ਅੱਬੂਪੁਰਾ, ਲਾਡੀ ਤੂਰ ਆਦਿ ਵੀ ਹਾਜ਼ਰ ਸਨ।