ਨਜਾਇਜ਼ ਕਬਜ਼ੇ ਹਟਾਉਣ ਅਤੇ ਸਫ਼ਾਈ ਪ੍ਰਬੰਧਾਂ ਸਬੰਧੀ ਡੀ.ਸੀ. ਨੂੰ ਸ਼ਿਕਾਇਤ
ਦੀਪਕ ਗਰਗ
ਕੋਟਕਪੂਰਾ, 3 ਮਈ ਅਪ੍ਰੈਲ 2024 :- ਸਵੱਛ ਭਾਰਤ ਅਭਿਆਨ ਦੇ ਨਾਮ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲੱਖਾਂ-ਕਰੋੜਾਂ ਰੁਪਿਆ ਇਸ਼ਤਿਹਾਰਬਾਜੀ ’ਤੇ ਖਰਚਣ ਦੇ ਬਾਵਜੂਦ ਵੀ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਦਿਹਾਤੀ ਖੇਤ ਮਜਦੂਰ ਯੂਨੀਅਨ ਅਤੇ ਮਨਰੇਗਾ ਵਰਕਰ ਯੂਨੀਅਨ ਜਿਲਾ ਫਰੀਦਕੋਟ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੋਸ਼ ਲਾਇਆ ਕਿ ਭੋਲੂਵਾਲਾ ਰੇਲਵੇ ਫਾਟਕ ਦੇ ਨੇੜੇ ਭੋਲੂਵਾਲਾ ਰੋਡ ਬਸਤੀ ਜੋਤ ਰਾਮ ਗਲੀ ਦੇ ਮੋੜ ਤੱਕ ਸੜਕ ਦੇ ਖੱਬੇ ਅਤੇ ਸੱਜੇ ਅਰਥਾਤ ਦੋਨੋਂ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ। ਦੂਜੇ ਪਾਸੇ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ ਕਬਜਿਆਂ ਕਾਰਨ ਆਵਾਜਾਈ ਵਿੱਚ ਵੀ ਬਹੁਤ ਮੁਸ਼ਕਿਲ ਆਉਂਦੀ ਹੈ।
ਸ਼ਿਕਾਇਤ ਕਰਤਾ ਮੁਤਾਬਿਕ ਪੋਲੀਥੀਨ ਦੇ ਲਿਫਾਫਿਆਂ ਅਤੇ ਹੋਰ ਫਾਲਤੂ ਸਮਾਨ ਨਾਲੀ-ਨਾਲਿਆਂ ’ਚ ਸੁੱਟਣ ਕਰਕੇ ਨਾਲੀ-ਨਾਲਿਆਂ ਦਾ ਗੰਦਾ ਪਾਣੀ ਸੜਕ ’ਤੇ ਜਮਾ ਰਹਿੰਦਾ ਹੈ, ਜਿਸ ਕਰਕੇ ਕਈ ਵਾਰ ਸੜਕ ਟੁੱਟ ਚੁੱਕੀ ਹੈ ਤੇ ਵੱਡੇ-ਵੱਡੇ ਖੱਡੇ ਪੈ ਜਾਂਦੇ ਹਨ। ਉਹਨਾ ਦੱਸਿਆ ਕਿ ਸਕੂਲਾਂ ਵਿੱਚ ਲੱਗਣ ਅਤੇ ਛੁੱਟੀ ਸਮੇਂ ਸਕੂਲੀ ਵਾਹਨਾ ਵਿੱਚ ਜਾਂਦੇ ਬੱਚਿਆਂ ਨੂੰ ਵੀ ਮੁਸ਼ਕਿਲ ਆਉਂਦੀ ਹੈ, ਕਿਉਂਕਿ ਕਈ ਵਾਰ ਨਜਾਇਜ ਕਬਜਿਆਂ ਅਤੇ ਕੂੜੇ ਦੇ ਢੇਰਾਂ ਕਾਰਨ ਟੈ੍ਰਫਿਕ ਜਾਮ ਵਾਲੀ ਸਥਿੱਤੀ ਪੈਦਾ ਹੋ ਜਾਂਦੀ ਹੈ। ਜਸਵੀਰ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਮੰਗ ਕੀਤੀ ਕਿ ਦੁਕਾਨਦਾਰਾਂ ਦੇ ਨਜਾਇਜ ਕਬਜੇ ਹਟਾਏ ਜਾਣ, ਨਾਲੀ-ਨਾਲਿਆਂ ਦੀ ਤਸੱਲੀ ਨਾਲ ਸਫਾਈ ਕਰਵਾਈ ਜਾਵੇ।