ਸਾਜਿਦ ਇਸਹਾਕ ਅਤੇ ਮੌਲਵੀ ਮੁਹੰਮਦ ਸ਼ਫ਼ੀਕ ਸਹਿਬ ਦੀ ਰਿਟਾਇਰਮੈਂਟ 'ਤੇ ਵਿਦਾਇਗੀ ਪਾਰਟੀ ਯਾਦਗਾਰੀ ਹੋਰ ਨਿਬੜੀ
- ਸੇਵਾਮੁਕਤ ਅਧਿਆਪਕ ਸ੍ਰੀ ਸਾਜਿਦ ਇਸਹਾਕ ਨੇ ਭਾਵੁਕ ਅੰਦਾਜ਼ ਵਿੱਚ ਸਕੂਲ ਨਾਲ ਜੁੜੀਆਂ ਯਾਦਾਂ ਦਾ ਕੀਤਾ ਜ਼ਿਕਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 3 ਮਈ 2024 - ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸਥਾਨਕ ਇਸਲਾਮੀਆ ਸੀਨੀ.ਸੈਕ. ਸਕੂਲ ਮਾਲੇਰਕੋਟਲਾ ਦੇ ਰਿਟਾਇਰਡ ਹੋਏ ਅਧਿਆਪਕ ਜਨਾਬ ਮੁਹੰਮਦ ਸਾਜਿਦ ਇਸਹਾਕ ਅਤੇ ਮੌਲਵੀ ਮੁਹੰਮਦ ਸ਼ਫ਼ੀਕ ਸਾਹਿਬ ਲਈ ਸਕੂਲ ਕੈਂਪਸ ਵਿੱਚ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਜਮੀਲ ਮੁਹੰਮਦ ਦੀ ਨਿਗਰਾਨੀ ਵਿਚ ਹੋਇਆ, ਜਿਸ ਵਿੱਚ ਸਕੂਲ ਨਾਲ ਸਬੰਧਤ ਸਾਰੀਆਂ ਬ੍ਰਾਂਚਾਂ ਦੇ ਇੰਚਾਰਜ ਸਾਹਿਬਾਨ ਸਮੇਤ ਸਮੂਹ ਸਟਾਫ਼ ਨੇ ਹਿੱਸਾ ਲਿਆ। ਇਸ ਮੌਕੇ ਤੇ ਬੁਲਾਰਿਆਂ ਨੇ ਸ੍ਰੀ ਮੁਹੰਮਦ ਸਾਜਿਦ ਇਸਹਾਕ ਦੀਆਂ ਸੇਵਾਵਾਂ ਅਤੇ ਉਹਨਾ ਦੀਆਂ ਯੋਗਤਾਵਾਂ ਦਾ ਭਰਪੂਰ ਇਤਰਾਫ਼ ਕਰਦਿਆਂ ਇਕ ਬਿਹਤਰੀਨ ਅਧਿਆਪਕ ਅਤੇ ਇਕ ਇਲਮ ਦੋਸਤ ਸ਼ਖ਼ਸੀਅਤ ਦੇ ਤੌਰ ਤੇ ਸਰਾਹਿਆ।
ਇਸੇ ਤਰਾਂ ਮੌਲਵੀ ਮੁਹੰਮਦ ਸ਼ਫ਼ੀਕ ਸਾਹਿਬ ਨੂੰ ਅਧਿਆਪਕ ਵਰਗ ਦੇ ਹੱਕਾਂ ਲਈ ਇਕ ਸੰਘਰਸ਼ੀ ਅਧਿਆਪਕ ਦੇ ਤੌਰ ਤੇ ਦਿੱਤੀਆਂ ਉਹਨਾਂ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ । ਸਮੂਹ ਸਟਾਫ ਵਲੋਂ ਇਹਨਾਂ ਦੋਵਾਂ ਅਧਿਆਪਕਾਂ ਨੂੰ ਇਕ ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਕਈ ਸਾਰੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁਹੰਮਦ ਅਯਾਜ਼ ਐਡਵੋਕੇਟ, ਅਰਸ਼ਦ ਗੌਰੀਆ, ਪ੍ਰਿੰਸੀਪਲ ਜਮੀਲ ਮੁਹੰਮਦ, ਨਜ਼ੀਰ ਰਾਵਤ, ਮੁਕੱਰਮ ਸੈਫ਼ੀ, ਸੱਯਦ ਮੁਜਾਹਿਦ ਅਲੀ, ਮੁਹੰਮਦ ਆਸਿਫ ਨੇ ਸੰਬੋਧਨ ਕਰਦਿਆਂ ਆਪਣੇ ਸੇਵਾਮੁਕਤ ਹੋ ਰਹੇ ਸਾਥੀਆਂ ਨਾਲ ਗਹਿਰੇ ਸਨੇਹ ਦਾ ਪ੍ਰਗਟਾਵਾ ਕੀਤਾ। ਸੇਵਾਮੁਕਤ ਅਧਿਆਪਕ ਸ੍ਰੀ ਸਾਜਿਦ ਨੇ ਬੜੇ ਹੀ ਭਾਵੁਕ ਅੰਦਾਜ਼ ਵਿੱਚ ਸਕੂਲ ਨਾਲ ਜੁੜੀਆਂ ਯਾਦਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਇਸੇ ਤਰਾਂ ਮੌਲਵੀ ਸ਼ਫ਼ੀਕ ਸਾਹਿਬ ਨੇ ਆਪਣੇ ਸੰਘਰਸ਼ੀ ਜੀਵਨ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਸਟੇਜ ਦੀ ਕਾਰਵਾਈ ਮਾਸਟਰ ਮੁਹੰਮਦ ਨਜ਼ੀਰ ਨੇ ਬਾਖੂਬੀ ਚਲਾਈ।ਅਖ਼ੀਰ ਵਿੱਚ ਸਮੂਹ ਸਟਾਫ ਲਈ ਇਕ ਸ਼ਾਨਦਾਰ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਪ੍ਰਿੰਸੀਪਲ ਜਮੀਲ ਮੁਹੰਮਦ ਦੀ ਅਗਵਾਈ ਵਿੱਚ ਸ਼ਾਨਦਾਰ ਟੀਮ-ਵਰਕ ਦਾ ਮਾਹੌਲ ਉਸਰਿਆ ਹੋਇਆ ਅਨੁਭਵ ਹੋ ਰਿਹਾ ਸੀ।