Date: August 22, 2016

ਖ਼ਾਲਸਾ ਕਾਲਜ ਵੂਮੈਨ ਵਿਖੇ ਵਾਰਸ਼ੀ ਦੇ ਕਲਾਮਾਂ ਨੇ ਸਰੋਤਿਆਂ ਨੂੰ ਕੀਤਾ 'ਕਾਇਲ'

ਜਦ ਵਾਰਸੀ ਨਾ ਗਾਇਆ 'ਜਾ ਕੇ ਮਾਹੀਆ ਪਿੰਡ 'ਚ ਗੱਲ ਟੋਰੀ'..................।

ਵਿਰਲਾ ਹੀ ਪੇਸ਼ ਕਰ ਸਕਦਾ ਹੈ ਅਜਿਹੀ ਗਾਇਕੀ : ਛੀਨਾ

By : ਬਾਬੂਸ਼ਾਹੀ ਬਿਊਰੋ
First Published : Monday, Aug 22, 2016 06:32 PM
Updated : Monday, Aug 22, 2016 06:33 PM

ਅੰਮ੍ਰਿਤਸਰ, 22 ਅਗਸਤ, 2016 : ਪੱਛਮੀ ਪੰਜਾਬ ਪਾਕਿਸਤਾਨ ਦੇ ਅਜ਼ੀਮ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 'ਹੀਰ ਗਾਇਨ' ਪ੍ਰੋਗਰਾਮ ਮੌਕੇ ਆਪਣੀ ਦਿਲਕਸ਼ ਬੁਲੰਦ ਅਵਾਜ਼ ਦੇ ਬੋਲਾਂ ਨਾਲ ਹਾਜ਼ਰ ਸਰੋਤਿਆਂ ਨੂੰ ਗਾਇਕੀ ਨਾਲ ਮਦਹੋਸ਼ ਕਰ ਦਿੱਤਾ। ਵਾਰਸ਼ੀ ਨੇ ਆਪਣੇ ਗਾਇਕੀ ਦਾ ਜਾਦੂ ਬਿਖੇਰਦਿਆਂ ਬੁੱਲ੍ਹੇ ਸ਼ਾਹ ਦਾ ਇਕ ਕਲਾਮ 'ਮੈਂ ਤੇਰੇ ਕੁਰਬਾਨ ਵਿਹੜੇ ਆ ਵੜ ਮੇਰੇ' ਨਾਲ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁੰਗਧ ਕਰ ਦਿੱਤਾ। ਲਹਿੰਦੇ ਪੰਜਾਬ ਦੇ ਅਜ਼ੀਮ ਗਾਇਕ ਵਾਰਸ਼ੀ ਨੇ 'ਅੱਵਲ ਹਮਦ ਖੁਦਾ ਦਾ ਵਿਰਦ ਕੀਜੈ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ', 'ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦਾ, 'ਤਿਵੇਂ ਇਹ ਦਰਵੇਸ਼ ਸਿਧਾਰਿਆ ਈ', 'ਜਾ ਕੇ ਮਾਹੀਆ ਪਿੰਡ ਵਿਚ ਗੱਲ ਟੋਰੀ, ਇੱਕ ਸੁਘੜ ਜੋ ਬੇੜੀ ਵਿੱਚ ਗਾਂਵਦਾ ਈ', 'ਲੈ ਕੇ ਸੱਠ ਸਹੇਲੀਆਂ ਨਾਲ ਚਲੀ, ਹੀਰ ਮੱਤੜੀ ਰੂਪ ਗੁਮਾਨ ਦੀ ਸੀ', 'ਕੂਕੇ ਮਾਰ ਹੀ ਮਾਰ ਕੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ' ਅਤੇ 'ਰਾਂਝੇ ਹੱਥ ਉਠਾਇ ਦੁਆਇ ਕੀਤੀ, ਤੇਰਾ ਨਾਮ ਕਹਾਰ ਜੱਬਾਰ ਕੀਤੀ', ਦਿਲ ਨੂੰ ਛੂਹਣ ਵਾਲੇ ਕਲਾਮ ਪੇਸ਼ ਕਰਕੇ ਦਰਸ਼ਕਾਂ ਨੂੰ ਵਾਹ-ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ।

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਆਯੋਜਿਤ ਉਕਤ ਪ੍ਰੋਗਰਾਮ 'ਚ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਮਾਹਲ ਦੁਆਰਾ ਮੁੱਖ ਮਹਿਮਾਨ ਵਜੋਂ ਪੁੱਜੇ ਕਮਿਸ਼ਨਰ ਪੁਲਿਸ (ਆਈ. ਪੀ. ਐੱਸ.) ਸ: ਅਮਰ ਸਿੰਘ ਚਾਹਲ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।

ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ: ਛੀਨਾ ਨੇ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਗਾਇਕ ਵਾਰਸੀ ਦੁਆਰਾ ਪੇਸ਼ ਕੀਤੇ ਗਏ ਬੁੱਲ੍ਹੇ ਸ਼ਾਹ ਅਤੇ ਹੀਰ ਦੇ ਕਲਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜੋਕੇ ਸਮੇਂ 'ਚ ਅਜਿਹੇ ਸੰਗੀਤ ਨੂੰ ਕੋਈ ਵਿਰਲਾ ਹੀ ਗਾਉਂਦਾ ਹੈ। ਉਨ੍ਹਾਂ ਅਜੋਕੇ ਸਮੇਂ ਨੂੰ 'ਲੜਕੀਆਂ ਦਾ ਯੁੱਗ' ਦੱਸਿਆ ਅਤੇ ਵਿੱਦਿਆ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ 'ਚ ਲੜਕਿਆਂ ਨਾਲੋਂ ਵੱਧ ਮੱਲ੍ਹਾਂ ਮਾਰਨ ਦੀ ਸ਼ਲਾਘਾ ਕੀਤੀ।

​​​​​​​

ਇਸ ਮੌਕੇ ਪੁਲਿਸ ਕਮਿਸ਼ਨਰ ਸ: ਚਾਹਲ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਅਹਿਮੀਅਤ ਸਬੰਧੀ ਚਾਨਣਾ ਪਾਉਂਦਿਆਂ ਇਸ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਉਨ੍ਹਾਂ ਕਿਹਾ ਜੋ ਲੋਕ ਆਪਣੇ ਬੋਲੀ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਦਾ ਵਜ਼ੂਦ ਦੁੁਨੀਆ 'ਚੋਂ ਇਕ ਦਿਨ ਸਮਾਪਤ ਹੋ ਜਾਂਦਾ ਹੈ। ਉਨ੍ਹਾਂ ਇਸ ਮੌਕੇ ਲੜਕੀਆਂ ਦੀ ਸੁਰੱਖਿਆ ਨਾਲ ਸਬੰਧਿਤ ਵਿਚਾਰ ਵੀ ਸਾਂਝੇ ਕੀਤੇ।

​​​​​​​

ਉਪਰੰਤ ਪ੍ਰਿੰ: ਡਾ. ਮਾਹਲ ਨੇ ਪ੍ਰੋਗਰਾਮ 'ਚ ਪਧਾਰੀਆਂ ਸ਼ਖ਼ਸੀਅਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਗਾਇਕ ਸਾਈਂ ਖ਼ਾਦਿਮ ਹੁਸੈਨ ਦੀ ਗਾਇਕੀ ਦੀ ਸਿਫ਼ਤ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਹੀਰ ਅਤੇ ਵਾਰਿਸ ਸ਼ਾਹ ਦੋਵਾਂ ਦਾ ਸਾਡੇ ਸਾਹਮਣੇ ਸਾਕਾਰ ਰੂਪ ਪੇਸ਼ ਕੀਤਾ ਹੈ। ਇਸ ਮੌਕੇ 'ਤੇ ਪਾਕਿਸਤਾਨ ਤੋਂ ਆਏ ਮੈਡਮ ਸਮਰੀਨ ਸ਼ਾਹਿਦ, ਸ: ਏ. ਐਸ. ਚਮਕ, ਕੌਂਸਲ ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਸਰਦੂਲ ਸਿੰਘ ਮੰਨਨ,ਮੈਂਬਰ ਸ: ਹਰਮਿੰਦਰ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਪ੍ਰਿਤਪਾਲ ਸਿੰਘ ਸੇਠੀ, ਸ: ਸਵਰਨ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।

© Copyright All Rights Reserved to Babushahi.com