9 ਮਾਰਚ ਦੀ ਸ਼ਾਮ ਨੂੰ ਜਦੋਂ ਐਗਜ਼ਿਟ ਪੋਲਜ਼ ਦੇ ਨਤੀਜੇ ਨਸ਼ਰ ਹੋਏ. ਵਿਜੇ ਪਾਲ ਬਰਾੜ ਅਤੇ ਮੈਂ ਬਾਬੂਸ਼ਾਹੀ ਟੀ ਵੀ ਦੇ ਯੂ ਟਿਊਬ ਚੈਨਲ ਤੇ ਇਨ੍ਹਾਂ ਨਤੀਜਿਆਂ ਦੀ ਚੀਰ ਫਾੜ ਕਰ ਰਹੇ ਸਾਂ . ਇਸ ਵਿਚ ਅਸੀਂ ਤਿੰਨ ਨੁਕਤੇ ਉਠਾਏ ਸਨ . ਪਹਿਲਾਂ ਇਹ ਕਿ ਅਕਾਲੀ ਦਲ ਨੂੰ ਜਿੰਨੀਆਂ ਘੱਟ ਸੀਟਾਂ ਬਹੁਤ ਐਗਜ਼ਿਟ ਪੋਲਜ਼ ਨੇ ਦਿੱਤੀਆਂ ਨੇ , ਇਹ ਠੀਕ ਨਹੀਂ . ਦੂਜਾ ਇਹ ਕਿ ਜਿਨ੍ਹਾਂ ਅਕਾਲੀ ਦਲ ਉੱਤੇ ਜਾਏਗਾ , ਉਨ੍ਹਾਂ ਹੀ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਣਾ ਹੈ . ਤੀਜਾ ਇਹ ਕਿ ਡੇਰੇ ਸਿਰਸਾ ਦੀ ਅਕਾਲੀ ਦਲ ਨੂੰ ਮਿਲੀ ਵੋਟ ਦਾ ਵੱਡਾ ਨੁਕਸਾਨ ਵੀ ਆਪ ਨੂੰ ਹੀ ਹੋਣਾ ਹੈ , ਕਾਂਗਰਸ ਲਾਹੇ ਵਿਚ ਰਹੇਗੀ .
ਵਿਜੇ ਬਰਾੜ ਨੇ ਮੈਨੂੰ ਇਹ ਸਵਾਲ ਕੀਤਾ ਸੀ ਕਿ ਕੀ ਹੰਗ ਅਸੈਂਬਲੀ ਦੀ ਸੰਭਾਵਨਾ ਹੈ . ਮੇਰਾ ਜਵਾਬ ਸੀ ਹੋ ਸਕਦੈ ਪਰ ਮੈਨੂੰ ਲਗਦੈ , ਲੋਕਾਂ ਦਾ ਫ਼ਤਵਾ ਫ਼ੈਸਲਾ ਕੁਨ ਹੋਵੇਗਾ ਭਾਵ ਇੱਕ ਪਾਸੜ ਹੋਵੇਗਾ . 11 ਮਾਰਚ ਨੂੰ ਆਏ ਚੋਣ ਨਤੀਜੇ ਸਾਡੀ ਤਿਰਛੀ ਨਜ਼ਰ ਨਾਲ ਮੇਲ ਖਾਂਦੇ ਨੇ . ਇਹ ਕਬੂਲ ਕਰਨਾ ਹੀ ਬਣਦਾ ਹੈ ਕਿ ਬੇਸ਼ੱਕ ਗਿਣਤੀਆਂ -ਮਿਣਤੀਆਂ ਕਾਂਗਰਸ ਪਾਰਟੀ ਦੇ ਹੱਕ ਵਿਚ ਜਾਂਦੀਆਂ ਸਨ ਅਤੇ ਪ੍ਰਭਾਵ ਇਹ ਬਣ ਗਿਆ ਸੀ ਕਾਂਗਰਸ ਬਹੁਗਿਣਤੀ ਲਿਜਾ ਸਕਦੀ ਹੈ ਪਰ ਇੰਨੀਆਂ ਵੱਧ ਸੀਟਾਂ ਕਾਂਗਰਸ ਨੂੰ ਮਿਲਣਗੀਆਂ , ਇਹ ਅੰਦਾਜ਼ਾ ਨਾ ਹੀ ਸਾਨੂੰ ਅਤੇ ਨਾ ਹੀ ਖ਼ੁਦ ਕਾਂਗਰਸੀ ਨੇਤਾਵਾਂ ਨੂੰ ਸੀ . ਪੰਜਾਬ ਦੇ ਲੋਕਾਂ ਨੇ ਬਹੁਤ ਸਪਸ਼ਟ ਫ਼ਤਵਾ ਕੈਪਟਨ ਅਮਰਿੰਦਰ ਅਤੇ ਕਾਂਗਰਸ ਦੇ ਹੱਕ ਵਿਚ ਦਿੱਤਾ ਹੈ .
ਉਨ੍ਹਾਂ ਦੀ ਜਿੱਤ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਰਿਸ਼ੀ ਰਾਜ ਦੀ ਅਗਵਾਈ ਵਾਲੀ ਆਈ ਪੈਕ ਇੰਡੀਆ ਦੀ ਟੀਮ ਅਤੇ ਰਵੀਨ ਠੁਕਰਾਲ ਦੀ ਅਗਵਾਈ ਹੇਠਲੀ ਮੀਡੀਆ ਟੀਮ ਦਾ ਵੀ ਬਹੁਤ ਅਹਿਮ ਹਿੱਸਾ ਹੈ .
ਆਮ ਆਦਮੀ ਪਾਰਟੀ ਦੀ ਸਤਈ ਹਵਾ ਬਹੁਤ ਦਿਖਾਈ ਦਿੰਦੀ ਸੀ ਜਿਸਨੇ ਪਰਨਨੋਏ ਰਾਏ ਵਰਗੇ -ਘਾਗ ਚਿੰਤਕ ਅਤੇ ਚੋਣ ਮਾਹਰ ਨੂੰ ਵੀ ਭਰਮਾ ਦਿੱਤਾ ਸੀ .ਉਹ ਦੋ ਤਿੰਨ ਦਿਨ ਪੰਜਾਬ ਵਿਚ ਘੁੰਮ ਫਿਰ ਕੇ ਇਹ ਸਿੱਟਾ ਕੱਢ ਬੈਠੇ ਸਨ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ . ਕਾਰਨ ਬਹੁਤ ਨੇ ਪਰ ਆਪ ਦੇ ਨਾ ਜਿੱਤਣ ਦਾ ਬੁਨਿਆਦੀ ਕਾਰਨ ਇਹ ਬਣਿਆ ਕਿ ਲੋਕਾਂ ਨੂੰ ਆਪ ਅਤੇ ਇਸ ਦੀ ਲੀਡਰਸ਼ਿਪ - ਅਕਾਲੀ -ਬੀ ਜੇ ਪੀ ਗੱਠਜੋੜ ਦੇ ਸਿਆਸੀ ਬਦਲ ਅਤੇ ਰਾਜ ਪ੍ਰਬੰਧ ਪੱਖੋਂ -ਟਿਕਾਊ , ਭਰੋਸੇਮੰਦ ਅਤੇ ਸੰਜੀਦਾ ਨਹੀਂ ਲੱਗੀ . ਲੋਕਾਂ ਦੇ ਤਕੜੇ ਹਿੱਸੇ ਦੇ ਮਨਾਂ ਵਿਚ ਕਿਤੇ ਨਾ ਕਿਤੇ , ਆਮ ਆਦਮੀ ਪਾਰਟੀ ਦੇ ਭਵਿੱਖ ਦੇ ਕਾਰ-ਵਿਹਾਰ ਬਾਰੇ ਬੇਯਕੀਨੀ ਮੌਜੂਦ ਸੀ . ਇਸ ਪੱਖੋਂ ਇੱਕ ਅਹਿਮ ਕਾਰਨ ਮੁੱਖ ਮੰਤਰੀ ਲਈ ਕੋਈ ਢੁਕਵਾਂ ਚਿਹਰਾ ਵੀ ਸਾਹਮਣੇ ਨਾ ਹੋਣਾ ਸੀ . ਪਰ ਫਿਰ ਵੀ ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ ਪਾਰਟੀ ਨੇ ਵਿਧਾਨ ਸਭਾ ਵਿਚ ਦੂਜਾ ਅਤੇ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਕੇ ਪੰਜਾਬ ਵਿਚ ਨਵਾਂ ਚੋਣ ਇਤਿਹਾਸ ਸਿਰਜਿਆ ਹੈ. ਇਹ ਸਵਾਲ ਅਜੇ ਵੀ ਖੜ੍ਹਾ ਹੈ ਕਿ ਇਹ ਪਾਰਟੀ ਵਿਰੋਧੀ ਧਿਰ ਦਾ ਰੋਲ ਕਿਸ ਤਰ੍ਹਾਂ ਨਿਭਾਏਗੀ ?
ਅਕਾਲੀ ਬੀ ਜੇ ਪੀ ਗੱਠਜੋੜ ਤਾਂ ਸਭ ਨਿਸ਼ਚਿਤ ਹੀ ਸੀ ਪਰ ਇਸ ਪੱਖੋਂ ਨਮੋਸ਼ੀ ਭਰੀ ਹੈ ਕਿ ਸਵਾ ਸੌ ਸਾਲ ਪੁਰਾਣੀ ਪਾਰਟੀ ਅਕਾਲੀ ਦਲ, ਰਾਜ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵੀ ਨਹੀਂ ਰਹੀ . ਬੀ ਜੇ ਪੀ ਨੂੰ 23 ਵਿਚੋਂ ਸਿਰਫ਼ 3 ਸੀਟਾਂ ਮਿਲਣਾ ਇਹ ਵੀ ਸੰਕੇਤ ਕਰਦਾ ਹੈ ਕਿ ਮੋਦੀ ਮੈਜਿਕ ਪੰਜਾਬ ਵਿਚੋਂ ਉੱਕਾ ਹੀ ਗ਼ਾਇਬ ਰਿਹਾ . ਇਸ ਦਾ ਸਿੱਧਾ ਨਤੀਜਾ ਇਹ ਵੀ ਹੈ ਸੁਖਬੀਰ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੀ ਇੱਕ ਵਾਰ ਫੇਰ ਹਕੀਕਤ ਨਹੀਂ ਬਣਿਆ .
ਅਕਾਲੀ ਦਲ ਦੀ ਹਾਰ ਦੇ ਕਾਰਨ ਵੀ ਬਹੁਤ ਨੇ. 10 ਸਾਲ ਦੀ ਐਂਟੀ-ਇਨਕਮਬੈਨਸੀ ਇਕੱਠੀ ਹੋਈ ਸੀ ਪਰ ਮੈਨੂੰ ਲਗਦੈ ਸਭ ਤੋਂ ਵੱਡਾ ਮੁੱਦਾ ਬਾਦਲ ਪਰਿਵਾਰ ਖ਼ੁਦ ਸੀ ਭਾਵ ਬਾਦਲਾਂ ਨੂੰ ਹਰਾਉਣਾ ਸੀ . ਅਕਾਲੀ ਦਲ ਦੇ ਹਮਾਇਤੀਆਂ ਦੇ ਇੱਕ ਵੱਡੇ ਹਿੱਸੇ ਸਮੇਤ ਲੋਕਾਂ ਵਿਚ ਇਹ ਪ੍ਰਭਾਵ ( ਪਰਸੈੱਪਸ਼ਨ ) ਵਿਆਪਕ ਸੀ ਕਿ ਬਾਦਲ ਪਰਿਵਾਰ ਨੇ ਸਾਰੀ ਰਾਜ ਸੱਤਾ , ਕਮਾਈ ਦੇ ਸਾਧਨ ਅਤੇ ਪਾਰਟੀ ਦੀ ਸਾਰੀ ਤਾਕਤ ਆਪਣੀ ਮੁੱਠੀ ਵਿਚ ਕਰ ਲਈ ਹੈ ਅਤੇ ਰਾਜ ਦੇ ਖ਼ਜ਼ਾਨੇ ਅਤੇ ਸਾਧਨਾਂ ਨੂੰ ਆਪਣੇ ਪਰਿਵਾਰਕ ਅਤੇ ਵਪਾਰਕ ਹਿਤਾਂ ਲਈ ਹੀ ਵਰਤਿਆ . ਵਿਕਾਸ ਦਾ ਜੋ ਮਾਡਲ ਬਾਦਲ ਸਰਕਾਰ ਪੇਸ਼ ਕੀਤਾ ਇਸ ਪਿੱਛੇ ਵੀ ਲੋਕਾਂ ਨੂੰ ਇਹੀ ਨੀਯਤ ਨਜ਼ਰ ਆਉਂਦੀ ਸੀ . ਮਾਇਆਧਾਰੀ ਹੋਣ ਅਤੇ ਰਾਜ-ਭਾਗ ਤੇ ਕਾਬਜ਼ ਹੋਣ ਦਾ ਪੈਦਾ ਹੋਇਆ ਗ਼ਰੂਰ ( ਐਰੋਗੈਂਸ ) ਅਤੇ ਮੀਡੀਆ ਸਮੇਤ ਹਰੇਕ ਨੂੰ ਟਿੱਚ ਜਾਨਣ ਅਤੇ ਮੈਨੇਜੇਬਲ ਸਮਝਣ ਵਾਲਾ ਵਤੀਰਾ -ਲੋਕਾਂ ਦੇ ਵੱਡੇ ਵਿਰੋਧ ਦਾ ਵੀ ਕਰਨ ਬਣਿਆ . ਉਂਜ ਅਕਾਲੀ ਦਲ ਦੇ ਆਪਣੇ ਵੋਟ ਬੈਂਕ ਨਾਲ ਡੇਰਾ ਸਿਰਸਾ ਅਤੇ ਹੋਰ ਡੇਰਿਆਂ ਹਿਮਾਇਤ ਜੁੜਨ ਕਰਨ ਅਕਾਲੀ ਦਲ ਨੂੰ ਹਾਸਲ ਵੋਟ ਫ਼ੀਸਦੀ ਅਤੇ 40 ਸੀਟਾਂ ਤੇ ਦੂਜਾ ਸਥਾਨ ਹਾਸਲ ਕਰਨ ਕਰ ਕੇ ਇਹ ਸੰਕੇਤ ਜ਼ਰੂਰ ਗਿਆ ਹੈ ਅਕਾਲੀ ਦਲ ਨੂੰ ਸੂਬੇ ਦੀ ਰਾਜਨੀਤੀ ਵਿਚੋਂ ਮਾਈਨਸ ਨਹੀਂ ਸਮਝਣਾ ਚਾਹੀਦਾ . ਉਂਜ ਵੀ ਦੋ ਅਹਿਮ ਸਿੱਖ ਧਾਰਮਿਕ ਅਦਾਰੇ -ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਕਮੇਟੀ , ਅਕਾਲੀ ਦਲ ਦੇ ਕਬਜ਼ੇ ਵਿਚ ਹਨ .
ਖ਼ੈਰ , ਸੱਤਾ ਤਬਦੀਲੀ ਦੀ ਲੋਕ-ਇੱਛਾ ਪੂਰੀ ਹੋਈ ਜੋ ਕਿ ਸਵਾਗਤ ਯੋਗ ਹੈ . ਬਹੁਤ ਪੱਖਾਂ ਤੋਂ ਜਰਜਰੇ ਹੋਏ ਪੰਜਾਬ ਨੂੰ ਮੁੜ ਲੀਹ ਤੇ ਲਿਆਉਣ ਅਤੇ ਸੁਚੱਜਾ ਰਾਜ ਪ੍ਰਬੰਧ ਦੇਣ ਲਈ ਕੈਪਟਨ ਅਮਰਿੰਦਰ ਸਰਕਾਰ ਅੱਗੇ ਚੁਨੌਤੀਆਂ ਬਹੁਤ ਹਨ ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਉਹ ਆਪਣੀ 2002 -07 ਵਾਲੀ ਸਰਕਾਰ ਅਤੇ ਬਾਦਲ ਸਰਕਾਰ ਦੀਆਂ ਗ਼ਲਤੀਆਂ -ਨਾਕਾਮੀ ਤੋਂ ਸਬਕ ਲੈ ਕੇ ਰਾਜ-ਭਾਗ ਚਲਾਉਣਗੇ . ਤਿਰਛੀ ਨਜ਼ਰ ਮੀਡੀਆ ਅਤੇ ਬਾਬੂਸ਼ਾਹੀ ਡਾਟ ਕਾਮ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ ਸਾਰੀਆਂ ਸ਼ੁੱਭ ਇੱਛਾਵਾਂ .
-
ਬਲਜੀਤ ਬੱਲੀ, ਸੰਪਾਦਕ ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-99151-77722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.