ਕੋਰੋਨਾ ਵਾਇਰਸ ਦਾ ਅਸਰ-
ਕੈਨੇਡਾ ਨੇ ਵਿਦੇਸ਼ੀਆਂ ਲਈ ਕੀਤੇ ਦਰਵਾਜ਼ੇ ਬੰਦ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਹਿਮ ਐਲਾਨ
ਹਰਦਮ ਮਾਨ
ਸਰੀ, 17 ਮਾਰਚ 2020-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਅ ਲਈ ਅਹਿਮ ਐਲਾਨ ਕਰਦਿਆਂ ਵਿਦੇਸ਼ੀ ਸੈਲਾਨੀਆਂ ਦੇ ਕੈਨੇਡਾ ਵਿਚ ਦਾਖ਼ਲੇ ਉਪਰ ਪਾਬੰਦੀ ਲਾ ਦਿੱਤੀ ਹੈ। ਆਪਣੇ ਨਿਵਾਸ ਸਥਾਨ ਦੇ ਬਾਹਰਵਾਰ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਬੰਦੀ ਦੇ ਇਹ ਹੁਕਮ 18 ਅਪ੍ਰੈਲ ਬੁੱਧਵਾਰ ਤੋਂ ਪੂਰੀ ਤਰਾਂ ਲਾਗੂ ਹੋਣਗੇ। ਉਨ੍ਹਾਂ ਬਾਹਰ ਗਏ ਕੈਨੇਡੀਅਨ ਸ਼ਹਿਰੀਆਂ ਤੇ ਪੱਕੇ ਵਸਨੀਕਾਂ ਨੂੰ ਤੁਰੰਤ ਘਰ ਵਾਪਸੀ ਲਈ ਕਿਹਾ ਹੈ। ਬਾਹਰੋਂ ਪਰਤਣ ਵਾਲੇ ਕੈਨੇਡੀਅਨਾਂ ਨੂੰ ਦੋ ਹਫਤੇ ਲਈ ਇਕਾਂਤਵਾਸ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਕੌਮਾਂਤਰੀ ਹਵਾਈ ਉਡਾਣਾਂ ਲਈ ਕੇਵਲ ਟੋਰਾਂਟੋ, ਮਾਂਟਰੀਅਲ, ਵੈਨਕੂਵਰ ਤੇ ਕੈਲਗਰੀ ਏਅਰਪੋਰਟ ਹੀ ਹੋਣਗੀਆਂ। ਘਰੇਲੂ ਤੇ ਅਮਰੀਕਾ ਲਈ ਵਪਾਰਕ ਤੇ ਜ਼ਰੂਰੀ ਉਡਾਣਾਂ ਜਾਰੀ ਰਹਿਣਗੀਆਂ ਪਰ ਅਮਰੀਕਨ ਯਾਤਰੀਆਂ ਲਈ ਦੋ ਹਫਤੇ ਇਕਾਂਤਵਾਸ ਦੀ ਸ਼ਰਤ ਲਾਗੂ ਰਹੇਗੀ।
ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਇਸ ਸਖਤ ਫੈਸਲੇ ਤੋਂ ਜਾਣੂ ਕਰਵਾਉਦਿਆਂ ਹੰਗਾਮੀ ਹਾਲਤ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਕੋਈ ਵੀ ਵਿਘਨ ਨਾ ਪੈਣ ਦੇਣ ਦਾ ਯਕੀਨ ਦਿਵਾਇਆ। ਉਹਨਾਂ ਵਾਇਰਸ ਤੋਂ ਪੀੜਤ ਲੋਕਾਂ ਦੀ ਸਰਕਾਰ ਵੱਲੋਂ ਆਰਥਿਕ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਅਤੇ ਕਿਹਾ ਕਿ ਕੈਨੇਡਾ ਸਰਕਾਰ ਬਾਹਰ ਫਸੇ ਕੈਨੇਡੀਅਨਾਂ ਅਤੇ ਘਰ ਪਰਤਣ ਦੇ ਚਾਹਵਾਨ ਲੋਕਾਂ ਦੇ ਯਾਤਰਾ ਖਰਚੇ ਵਿਚ ਵੀ ਮਦਦ ਕਰੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com