ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਦੀਆਂ ਖਾਲੀ ਅਸਾਮੀਆਂ ਨੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਕਟਹਿਰੇ 'ਚ ਖੜ੍ਹਾਈ
ਅਸ਼ੋਕ ਵਰਮਾ
ਬਠਿੰਡਾ,9 ਜੂਨ 2026 : ਪੰਜਾਬ ਸਰਕਾਰ ਨਿੱਤ ਦਿਨ ਸਿੱਖਿਆ ਦੀ ਕਾਇਆ ਪਲਟ ਕਰਨ ਵਾਲੇ ਇਸ਼ਤਿਹਾਰ ਦੇ ਰਹੀ ਹੈ, ਪਰ ਪ੍ਰਿੰਸੀਪਲਾਂ ਦੀਆਂ ਲਗਭਗ 60% ਖਾਲੀ ਅਸਾਮੀਆਂ ਇਹਨਾਂ ਦਾਅਵਿਆਂ ਤੇ ਪ੍ਰਸ਼ਨ ਚਿੰਨ ਲਾ ਰਹੀਆਂ ਹਨ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋ 1113 ਸਕੂਲ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਹਨ । ਆਗੂਆਂ ਨੇ ਕਿਹਾ ਪੰਜਾਬ ਦੀ ਸਿੱਖਿਆ ਦੇ ਇਤਿਹਾਸ ਵਿੱਚ ਇਹ ਸਮਾਂ ਸਭ ਤੋ ਵੱਧ ਮਾੜੇ ਦੌਰ ਚੋ ਗੁਜ਼ਰ ਰਿਹਾ ਹੈ। ਬਲਾਕ ਪ੍ਰਧਾਨ ਭੋਲਾ ਰਾਮ ਬਲਕਰਨ ਸਿੰਘ ਕੋਟਸ਼ਮੀਰ, ਭੁਪਿੰਦਰ ਸਿੰਘ ਮਾਈਸਰਖਾਨਾ, ਰਾਜਵਿੰਦਰ ਜਲਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਅਤੇ ਨਵਾਂ ਸ਼ਹਿਰ ਵਿੱਚ ਪ੍ਰਿੰਸੀਪਲਾਂ ਦੀ 86% ਅਸਾਮੀਆਂ ਖਾਲੀ ਹਨ ।
ਇਸੇ ਤਰਾਂ ਤਰਨਤਾਰਨ ਅਤੇ ਬਰਨਾਲਾ ਵਿੱਚ 80% ਸਕੂਲ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਹਨ । ਮੋਗਾ, ਕਪੂਰਥਲਾ ਅਤੇ ਜਲੰਧਰ ਵਿੱਚ ਲਗਭਗ 70% ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ । ਜਥੇਬੰਦੀ ਦੇ ਸਹਿਸਕੱਤਰ ਕੁਲਵਿੰਦਰ ਸਿੰਘ ਵਿਰਕ,ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ 60% ਪ੍ਰਿੰਸੀਪਲਾਂ, ਹੈਡਮਾਸਟਰਾਂ, ਲੈਕਚਰਾਰਾਂ, ਮਾਸਟਰਾਂ ਅਤੇ ਈ.ਟੀ.ਟੀ. ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਪੰਜਾਬ ਨੂੰ ਸਿੱਖਿਆ ਵਿੱਚ ਪਹਿਲੇ ਨੰਬਰ 'ਤੇ ਕਿਵੇਂ ਦਿਖਾ ਰਹੀ ਹੈ ?
ਜਥੇਬੰਦੀ ਦੇ ਜਿਲਾ ਕਮੇਟੀ ਮੈਂਬਰ ਹਰਜੀਤ ਸਿੰਘ ਜੀਦਾ, ਦਰਸ਼ਨ ਭਗਤਾ, ਜਗਦੀਪ ਸਿੰਘ ਮਾਨ, ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ ਇੱਕ ਅਪ੍ਰੈਲ ਤੋ ਸ਼ੁਰੂ ਹੋਏ ਸੈਸ਼ਨ ਵਿੱਚ ਸਕੂਲਾਂ ਦਾ ਅਕਾਦਮਿਕ ਮਾਹੌਲ ਬਿਲਕੁਲ ਖ਼ਤਮ ਹੋ ਚੁੱਕਾ ਹੈ ਕਿਉ ਕਿ 90% ਅਧਿਆਪਕ ਹੀਰ ਵਿਭਾਗਾ ਦੇ ਕਰਮਚਾਰੀ ਹੋਣ ਦੇ ਬਾਵਯੂਦ ਅਧਿਆਪਕਾਂ ਨੂੰ ਜਨਗਣਨਾ, ਐੱਸ.ਆਈ. ਆਰ. , ਆਰਥਿਕ ਸਰਵੇਖਣ ਅਤੇ ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗ਼ੈਰ ਵਿਦਿਅਕ ਕੰਮਾਂ ਵਿੱਚ ਉਲਝੇ ਹੋਏ ਹਨ । ਸਕੂਲਾਂ ਵਿੱਚ ਗਰੀਬ ਮਾਪਿਆਂ ਦੇ ਬੱਚੇ ਪੜ੍ਹਨ ਦੀ ਥਾਂ ਖਾਲੀ ਬੈਠ ਘਰਾਂ ਨੂੰ ਮੁੜਨ ਲਈ ਮਜ਼ਬੂਰ ਹਨ । ਸਰਕਾਰ ਇਸਨੂੰ ਸਿੱਖਿਆ ਕ੍ਰਾਂਤੀ ਦਾ ਨਾਂ ਦੇ ਰਹੀ ਹੈ । ਅਧਿਆਪਕ ਆਪਣੀਆਂ ਤਰੱਕੀਆਂ ਦੀਆਂ ਫ਼ਾਇਲਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਤੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਜਿਹੇ ਮਾੜੇ ਪ੍ਰਬੰਧ ਕਾਰਨ ਅਖੌਤੀ ਸਿੱਖਿਆ ਕ੍ਰਾਂਤੀ ਦੇ ਚਲਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 09% ਘੱਟ ਚੁੱਕੀ ਹੈ |
ਜਥੇਬੰਦੀ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਸਮੇਤ ਅਧਿਆਪਕਾਂ ਦੇ ਹਰੇਕ ਕਾਡਰ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ਅਤੇ ਸਿੱਧੀ ਭਰਤੀ ਕੋਟੇ ਦੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ |
- Download Babushahi App
-
-