ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਨਵਾਂ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਸਰਕਾਰ ਵਿਰੁੱਧ ਕੀਤਾ ਮੋਟਰਸਾਈਕਲ ਮਾਰਚ
*ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਕੀਤੀ ਅਪੀਲ*
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 24 ਮਈ , 2026
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਕਨਵੈਂਨਸ਼ਨ ਵਿੱਚ ਪਾਸ ਕੀਤੇ ਐਲਾਨ ਨਾਮੇ ਅਨੁਸਾਰ ਪੰਜਾਬ ਵਿੱਚ ਨਗਰ ਨਿਗਮ /ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਅੱਜ ਨਵਾਂ ਸ਼ਹਿਰ ਦੇ ਬੱਸ ਸਟੈਂਡ ਵਿਖੇ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਅਟਵਾਲ, ਜੀਤ ਲਾਲ ਗੋਹਲੜੋਂ, ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿੱਚ ਰੋਸ ਰੈਲੀ ਉਪਰੰਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਮੋਟਰ ਸਾਈਕਲ ਮਾਰਚ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਸਮੇਂ ਸ਼ਹਿਰ ਦੇ ਵਾਰਡਾਂ ਵਿੱਚ ਕੀਤੇ ਵੱਖ-ਵੱਖ ਪੜਾਵਾਂ 'ਤੇ ਸੋਮ ਲਾਲ, ਵਿਜੇ ਕੁਮਾਰ, ਕਰਨੈਲ ਸਿੰਘ ਰਾਹੋਂ, ਅਸ਼ਵਨੀ ਕੁਮਾਰ, ਦਸੌਂਦਾ ਸਿੰਘ, ਮਦਨ ਲਾਲ, ਅਮਰੀਕ ਸਿੰਘ, ਰਾਮ ਆਸਰਾ, ਰਵਿੰਦਰ ਕੁਮਾਰ ਭਾਸਕਰ, ਭਲਵਿੰਦਰ ਪਾਲ, ਦੇਸ ਰਾਜ ਚੌਹਾਨ, ਰੇਸ਼ਮ ਲਾਲ, ਸਤਪਾਲ ਸਲੋਹ, ਨਰੰਜਣ ਸਿੰਘ, ਪ੍ਰਿ. ਧਰਮ ਪਾਲ, ਕਮਲਦੇਵ, ਅਸ਼ੋਕ ਕੁਮਾਰ, ਸ਼ੰਭੂ, ਪਿਆਰਾ ਸਿੰਘ, ਸੋਹਣ ਸਿੰਘ, ਤਲਵਿੰਦਰ ਸਿੰਘ, ਸੁਰਿੰਦਰ ਪਾਲ, ਸੁੱਖ ਰਾਮ, ਗੁਰਸ਼ਰਨ ਪਾਲ, ਗੁਰਮੁੱਖ ਸਿੰਘ, ਕੁਲਦੀਪ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਨਗਰ ਨਿਵਾਸੀਆਂ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ।
ਮੋਟਰਸਾਇਕਲ ਮਾਰਚ ਦੌਰਾਨ ਵੋਟਰਾਂ ਨੂੰ ਸਰਕਾਰਾਂ ਦੀਆਂ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪੈਨਸ਼ਨਰਾਂ 'ਤੇ 2.59 ਦਾ ਗੁਣਾਂਕ ਲਾਗੂ ਨਾ ਕਰਨ, ਤਨਖਾਹ / ਪੈਨਸ਼ਨ ਦੁਹਰਾਈ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਘੋਰ ਬੇਇਨਸਾਫੀ ਕੀਤੀ ਹੈ। ਹਾਲੇ ਜਨਵਰੀ 2016 ਤੋਂ ਲਾਗੂ ਹੋਣ ਵਾਲੇ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਰਹਿੰਦਾ ਹਿੱਸਾ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਜਨਵਰੀ 2026 ਤੋਂ ਅਗਲੀ ਤਨਖਾਹ / ਪੈਨਸ਼ਨ ਦੁਹਰਾਈ ਹੋਣੀ ਸੀ। ਇੱਥੇ ਹੀ ਬੱਸ ਨਹੀਂ ਮਾਨਯੋਗ ਹਾਈਕੋਰਟ ਵੱਲੋਂ 30 ਜੂਨ ਤੱਕ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਤਨਖਾਹ ਅਤੇ ਪੈਨਸ਼ਨ ਦੁਹਰਾਈ ਦੇ ਬਕਾਏ ਦੇਣ ਦੇ ਕੀਤੇ ਗਏ ਫੈਸਲੇ ਵਿਰੁੱਧ ਪੰਜਾਬ ਸਰਕਾਰ ਨੇ ਡਬਲ ਬੈਂਚ ਅੱਗੇ ਐਲਪੀਏ ਦਾਇਰ ਕਰਕੇ ਉਪਰੋਕਤ ਫੈਸਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਾਨਯੋਗ ਹਾਈਕੋਰਟ ਦੇ ਦਿੱਤੇ ਫੈਸਲੇ ਅਨੁਸਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਤਨਖਾਹ ਦੁਹਰਾਈ ਦੇ ਬਕਾਏ ਦੇਣ ਤੋਂ ਬਚਿਆ ਜਾ ਸਕੇ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਗਏ ਵਾਅਦੇ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਜੁਮਲੇ ਹੀ ਸਾਬਤ ਹੋਏ ਹਨ। ਭਾਜਪਾ ਦੀ ਕੇਂਦਰ ਸਰਕਾਰ ਨੇ 2004 ਤੋਂ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਪੈਨਸ਼ਨਾਂ ਦੀ ਬੁਢਾਪੇ ਦੀ ਡੰਗੋਰੀ ਖੋਹ ਲਈ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਅਧਿਆਪਕਾਂ ਦੇ ਮਾਣ ਭੱਤੇ ਵਿੱਚ ਕੁਝ ਵਾਧਾ ਕਰਨ ਨੂੰ ਪੱਕੇ ਦੱਸਿਆ ਜਾ ਰਿਹਾ ਹੈ। ਮੁੱਢਲੀ ਤਨਖਾਹ ਤੇ ਨਿਯੁਕਤੀ ਅਤੇ ਕੇਂਦਰੀ ਸਕੇਲ ਲਾਗੂ ਕਰਨ ਦੇ ਪੱਤਰ ਮਾਨਯੋਗ ਅਦਾਲਤਾਂ ਦੇ ਫੈਸਲੇ ਹੋਣ ਬਾਅਦ ਵੀ ਰੱਦ ਨਹੀਂ ਕੀਤੇ ਗਏ। ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਹਜ਼ਾਰਾਂ ਹੀ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਭਰਤੀ ਨਹੀਂ ਕੀਤੀ ਜਾ ਰਹੀ, ਜਦੋਂ ਕਿ ਹਜਾਰਾਂ ਬੇਰੁਜ਼ਗਾਰ ਰੋਜਾਨਾ ਸੜਕਾਂ 'ਤੇ ਪੁਲਿਸ ਦੀਆਂ ਡਾਗਾਂ ਖਾ ਰਹੇ ਹਨ। ਭਾਜਪਾ ਦੀ ਕੇਂਦਰ ਸਰਕਾਰ ਜਿੱਥੇ ਜਨਤਕ ਖੇਤਰ ਦੇ ਅਦਾਰੇ ਕਾਰਪੋਰੇਟਾਂ ਨੂੰ ਲੁਟਾ ਰਹੀ ਹੈ, ਉੱਥੇ ਹੀ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਰਸਤੇ ਤੇ ਚਲਦਿਆਂ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਆਗੂਆਂ ਨੇ ਸ਼ਹਿਰ ਦੇ ਵੋਟਰਾਂ ਨੂੰ ਭਾਜਪਾ ਅਤੇ ਆਪ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਅਪੀਲ ਕੀਤੀ ਹੈ।
ਰੋਸ ਮਾਰਚ ਵਿੱਚ ਸਤਨਾਮ ਸਿੰਘ ਸੁੱਜੋਂ, ਜੋਗਾ ਸਿੰਘ, ਵਿਜੈ ਕੁਮਾਰ, ਸੀਬੂ ਰਾਮ, ਅਜੀਤ ਸਿੰਘ, ਧੰਨਾ ਰਾਮ, ਸੁਰਜੀਤ, ਤਰਸੇਮ ਸਿੰਘ, ਗਿਆਨ ਚੰਦ, ਇੰਦਰਜੀਤ ਸੋਢੀ, ਅਮਰੀਕ ਸਿੰਘ ਜੇ ਈ, ਪਰਮਜੀਤ, ਰਾਮ ਲੁਭਾਇਆ, ਤਰਸੇਮ ਸਿੰਘ, ਹਰੀਸ਼ ਕੁਮਾਰ, ਹਰਦਿਆਲ ਸਿੰਘ, ਗੁਰਦਿਆਲ ਸਿੰਘ, ਦੇਸ ਰਾਜ ਬੱਜੋਂ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਅਸ਼ੋਕ ਕੁਮਾਰ, ਮਦਨ ਲਾਲ, ਸਰਬ ਦਿਆਲ ਐਸ ਡੀ ਓ, ਹਰਦਿਆਲ ਸਿੰਘ, ਅਵਤਾਰ ਸਿੰਘ, ਜੀਵਨ ਦਾਸ, ਸੁੱਚਾ ਰਾਮ, ਹਰਭਜਨ ਸਿੰਘ ਮਝੂਰ, ਹਰਮੇਸ਼ ਲਾਲ, ਦੀਦਾਰ ਸਿੰਘ, ਐਚ ਐਸ ਭਾਵੜਾ, ਸੁਰਜੀਤ ਰਾਮ, ਸੁਰਿੰਦਰ ਕੁਮਾਰ, ਜਸਵੰਤ, ਓਮ ਪ੍ਰਕਾਸ਼, ਗੁਲਸ਼ਨ ਕੁਮਾਰ, ਹਰਜਿੰਦਰ ਸਿੰਘ, ਸੋਮ ਲਾਲ ਤੱਕਲਾ, ਮਦਨ ਲਾਲ ਆਦਿ ਹਾਜ਼ਰ ਸਨ।
- Download Babushahi App
-
-