ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਸ਼ਾਨਦਾਰ ਰਿਕਾਰਡ ਬਣਾਇਆ-ਲਾਲ ਚੰਦ ਕਟਾਰੂਚੱਕ
*ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅਨਾਜ ਮੰਡੀ, ਸਰਹਿੰਦ ਵਿਖੇ ਕਣਕ ਦੀ ਖਰੀਦ ਪ੍ਰਕਿਰਿਆ ‘ਤੇ ਸੰਤੁਸ਼ਟੀ ਪ੍ਰਗਟਾਈ
** ਕਿਹਾ ਸੂਬੇ ਦੀਆਂ ਮੰਡੀਆਂ ਅੰਦਰ 34 ਲੱਖ ਮੀਟਰਕ ਟਨ ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ 1818 ਕਰੋੜ ਰੁਪਏ ਦੀ ਅਦਾਇਗੀ ਕੀਤੀ
***15 ਮਈ ਤੱਕ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ-ਲਾਲ ਚੰਦ ਕਟਾਰੂਚੱਕ
ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਸ਼ਾਨਦਾਰ ਰਿਕਾਰਡ ਬਣਾਇਆ ਹੈ, ਮੌਜੂਦਾ ਖਰੀਦ ਸੀਜ਼ਨ ਵਿੱਚ ਪੰਜਾਬ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆ, ਮਜ਼ਦੂਰਾਂ, ਟਰਾਂਸਪੋਟਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਅਨਾਜ ਮੰਡੀ ਸਰਹਿੰਦ ਵਿਖੇ ਕਣਕ ਦੀ ਚੱਲ ਰਹੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਵੇਲੇ ਕੀਤਾ।
ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ, ਚੇਅਰੈਮਨ ਮਾਰਕਿਟ ਕਮੇਟੀ ਸਰਹਿੰਦ ਗੁਰਵਿੰਦਰ ਸਿੰਘ ਢਿੱਲੋਂ, ਸੂਬਾ ਪ੍ਰਧਾਨ ਐਸ.ਸੀ ਵਿੰਗ ਪੰਜਾਬ ਗੁਰਪ੍ਰੀਤ ਸਿੰਘ ਜੀ.ਪੀ ਸਮੇਤ ਹੋਰ ਅਧਿਕਾਰੀ ਅਤੇ ਰਾਜਸੀ ਆਗੂ ਹਾਜ਼ਰ ਸਨ।
ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਕੋਲ 122 ਲੱਖ ਮੀਟ੍ਰਿਕ ਟਨ (ਐਲਐਮਟੀ) ਕਣਕ ਦੀ ਖ਼ਰੀਦ ਦਾ ਟੀਚਾ ਹੈ, ਹਾਲਾਂਕਿ ਵਿਭਾਗ ਵੱਲੋਂ 132 ਐਲ.ਐਮ.ਟੀ. ਕਣਕ ਦੀ ਖਰੀਦ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਅੰਦਰ ਤ੍ਰਿਪਾਲਾਂ, ਬਾਰਦਾਨਾ, ਕ੍ਰੇਟਸ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਹੁਣ ਤੱਕ 39 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸਦੇ ਵਿੱਚੋਂ 34 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 1818 ਕਰੋੜ ਦੀ ਅਦਾਇਗੀ ਸਿੱਧੀ ਖਾਤਿਆ ਵਿੱਚ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਪਿਛਲੀਆਂ ਸਰਕਾਰ ਦੇ ਸਮੇਂ ਖਰੀਦ ਸੀਜ਼ਨ ਵੇਲੇ ਧਰਨੇ, ਬਾਰਦਾਨੇ ਦੀ ਘਾਟ, ਅਦਾਇਗੀ ਆਦਿ ਨੂੰ ਲੈ ਕੇ ਹਮੇਸ਼ਾ ਰੌਲਾ ਚਲਦਾ ਰਹਿੰਦਾ ਸੀ। ਸੂਬਾ ਸਰਕਾਰ ਵਿੱਚ ਅਜਿਹਾ ਚਾਰ ਸਾਲਾਂ ਦੌਰਾਨ ਕਦੇ ਨਹੀ ਹੋਇਆ ਅਤੇ ਮੌਜੂਦਾ ਖਰੀਦ ਪ੍ਰਕਿਰਿਆ ਨੂੰ ਸੁਖਾਵੇਂ ਅਤੇ ਸੁਚਾਰੂ ਮਾਹੌਲ ਵਿੱਚ ਨੇਪਰੇ ਚੜਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਖਰੀਦ ਪ੍ਰਕਿਰਿਆ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ 15 ਮਈ ਤੱਕ ਰਾਜ ਅੰਦਰੋ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ।
Click to Follow Babushahi Facebook page →