ਗੁਰੂ ਸਾਹਿਬਾਨ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ ਆਤਿਸ਼ੀ ਨੂੰ ਬਚਾ ਰਹੀ ਆਪ ਸਰਕਾਰ- ਅਕਾਲੀ ਦਲ ਨੇ ਗੰਭੀਰ ਦੋਸ਼ ਲਾਉਂਦਿਆਂ ਨਿਰਪੱਖ ਜਾਂਚ ਮੰਗੀ
ਕਿਹਾ ਕਿ ਐਫ ਐਸ ਐਲ ਮੁਹਾਲੀ ਮੁਹਾਲੀ ਤੋਂ ਜਾਅਲੀ ਰਿਪੋਰਟ ਲੈ ਕੇ ਉਸਨੂੰ ਬਚਾਉਣ ਦਾ ਯਤਨ ਕੀਤਾ ਗਿਆ
ਅਰਸ਼ਦੀਪ ਸਿੰਘ ਕਲੇਰ ਨੇ ਆਪ ਸਰਕਾਰ ਨੂੰ ਪੁੱਛਿਆ ਕਿ ਉਹ ਅਦਾਲਤ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ ਕੋਈ ਸਬੂਤ ਨਾ ਹੋਣ ਦਾ ਬਿਆਨ ਦੇ ਕੇ ਗੈਂਗਸਟਰਾਂ ਨਾਲ ਸਾਂਝ ਕਿਉਂ ਪਾ ਰਹੀ ਹੈ?
ਚੰਡੀਗੜ੍ਹ, 19 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਪੰਜਾਬ ਪੁਲਿਸ ਵੱਲੋਂ ਦਿੱਲੀ ਵਿਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਖਿਲਾਫ ਅਪਮਾਨਜਨਕ ਟਿੱਪਣੀਆਂ ਲਈ ਉਸਦੇ ਬਚਾਅ ਵਾਸਤੇ ਕੀਤੀ ਗਈ ਫੌਜਦਾਰੀ ਸਾਜ਼ਿਸ਼ ਦੀ ਨਿਰਪੱਖ ਜਾਂਚ ਮੰਗੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ’ਤੇ ਫੋਰੈਂਸਿੰਕ ਸਾਇੰਸ ਲੈਬ ਮੁਹਾਲੀ ਤੋਂ ਝੂਠੀ ਰਿਪੋਰਟ ਲੈ ਕੇ ਰਚੀ ਗਈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਉਸ ਆਤਿਸ਼ੀ ਨੂੰ ਬਚਾਉਣ ਦਾ ਫੈਸਲਾ ਕੀਤਾ ਜਿਸਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਤੇ ਉਹਨਾਂ ਮੰਗ ਕੀਤੀ ਕਿ ਆਤਿਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰੇਟ ਨੇ ਐਫ ਐਸ ਐਲ ਮੁਹਾਲੀ ਤੋਂ ਇਕ ਰਿਪੋਰਟ ਹਾਸਲ ਕਰ ਕੇ ਆਤਿਸ਼ੀ ਦਾ ਬਚਾਅ ਕਰਨ ਦਾ ਯਤਨ ਕੀਤਾ ਤੇ ਰਿਪੋਰਟ ਵਿਚ ਆਖਿਆ ਗਿਆ ਕਿ ਆਤਿਸ਼ੀ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ ਇਹ ਉਹ ਲੈਬ ਹੈ ਜਿਸਨੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਜਲੰਧਰ ਪੁਲਿਸ ਦਾ ਝੂਠ ਦਿੱਲੀ ਦੇ ਸਪੀਕਰ ਨੇ ਫੜ ਲਿਆ ਹੈ ਜਿਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਇਹ ਅਸਲੀ ਹੈ।
ਉਹਨਾਂ ਮੰਗ ਕੀਤੀ ਕਿ ਇਕ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਕਿਵੇਂ ਗੁਰੂ ਸਾਹਿਬਾਨ ਦੀ ਬੇਅਦਬੀ ਦਾ ਸਬੂਤ ਮਿਟਾਉਣ ਲਈ ਸਾਜ਼ਿਸ਼ ਰਚੀ ਗਈ। ਅਕਾਲੀ ਆਗੂ ਨੇ ਮੰਗ ਕੀਤੀ ਕਿ ਪੰਜਾਬ ਪੁਲਿਸ ਇਹ ਦੱਸੇ ਕਿ ਜੋ ਮਾਮਲਾ ਦਿੱਲੀ ਨਾਲ ਸਬੰਧਤ ਹੈ, ਉਸ ਵਿਚ ਕਾਰਵਾਈ ਕਰਨ ਦਾ ਇਸ ਕੋਲ ਕੀ ਅਧਿਕਾਰ ਹੈ ?
ਐਡਵੋਕੇਟ ਕਲੇਰ ਨੇ ਕਿਹਾ ਕਿ ਪੰਜਾਬ ਵਿਚੋਂ ਗੈਂਗਸਟਰ ਰਾਜ ਖ਼ਤਮ ਕਰਨ ਲਈ ਕੀਤੇ ਜਾ ਰਹੇ ਆਪ ਸਰਕਾਰ ਦੇ ਦਾਅਵਿਆਂ ਦੀ ਗੱਲ ਕਰਦਿਆਂ ਇਸਨੂੰ ਇਕ ਹੋਰ ਗੰਭੀਰ ਘਟਨਾਕ੍ਰਮ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੇ ਮੁਹਾਲੀ ਦੀ ਅਦਾਲਤ ਵਿਚ ਬਿਆਨ ਦਿੱਤਾ ਹੈ ਕਿ ਉਸ ਕੋਲ ਜੱਗੂ ਭਗਵਾਨਪੁਰੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਤੇ ਉਸਨੂੰ ਬਰੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਭਗਵਾਨਪੁਰੀਆ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਚੋਣ ਨਤੀਜੇ ਨੂੰ ਪ੍ਰਭਾਵਤ ਕਰਨ ਵਾਸਤੇ ਆਸਾਮ ਤੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਵਾਸਤੇ ਸਹਿਮਤੀ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਉਹਨਾਂ ਗੈਂਗਸਟਰਾਂ ਨਾਲ ਸਾਂਝ ਪਾ ਰਹੀ ਹੈ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅਤੇ ਜਿਹਨਾਂ ਕਾਰਨ ਸੂਬੇ ਵਿਚੋਂ ਪੂੰਜੀ ਬਾਹਰ ਜਾ ਰਹੀ ਹੈ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰ ਇਕ ਪਾਸੇ ਤਾਂ ਉਸ ਆਤਿਸ਼ੀ ਦਾ ਬਚਾਅ ਕਰ ਰਹੀ ਹੈ ਜੋ ਗੁਰੂ ਸਾਹਿਬਾਨ ਦਾ ਅਪਮਾਨ ਕਰ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਹੈ ਜੋ ਰਾਜਨੀਤੀ ਕਰ ਰਹੇ ਹਨ ਤੇ ਸਰਕਾਰ ਬੰਗਾ ਵਿਚ ਇਕ ਧਾਰਮਿਕ ਸੰਸਥਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੈਕ ਕਰਨ ਲਈ ਆਪਣੇ ਅਧਿਕਾਰ ਖੇਤਰ ਤੋਂ ਅਗਾਂਹ ਲੰਘ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਬੇਅਦਬੀ ਦੇ ਦੋਸ਼ੀ ਦਾ ਬਚਾਅ ਕੀਤਾ ਹੈ ਤੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਦਾ ਬਚਾਅ ਕੀਤਾ ਹੈ ਤੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਨੂੰ ਪੰਜਾਬੀਆਂ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਇਹ ਸਿਰਫ ਸੱਤਾ ਵਿਚ ਰਹਿਣ ਵਾਸਤੇ ਰਾਜਨੀਤੀ ਕਰ ਰਹੀ ਹੈ।